ਪ੍ਰੈਸ ਕਾਨਫਰੰਸ ‘ਚ ਬੋਲੇ CM ਮਾਨ, ਦੂਜੇ ਸੂਬਿਆਂ ਨਾਲੋਂ ਵੱਧ ਸੁਰੱਖਿਅਤ ਹੈ ਪੰਜਾਬ; ਗਿਣਵਾਈਆਂ ਸਰਕਾਰ ਦੀਆਂ ਇਤਿਹਾਸਕ ਪ੍ਰਾਪਤੀਆਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਕ ਅਹਿਮ ਪ੍ਰੈੱਸ ਕਾਨਫਰੰਸ ਰਾਹੀਂ ਆਪਣੀ ਸਰਕਾਰ ਦੇ ਚਾਰ ਸਾਲਾਂ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਦਾ ਵੇਰਵਾ ਸਾਂਝਾ ਕੀਤਾ। ਮੁੱਖ ਮੰਤਰੀ ਨੇ ਸੂਬੇ ਦੀ ਕਾਨੂੰਨ ਵਿਵਸਥਾ, ਨਸ਼ਾ ਤਸਕਰੀ ਵਿਰੁੱਧ ਕਾਰਵਾਈ ਅਤੇ ਉਦਯੋਗਿਕ ਵਿਕਾਸ ਵਰਗੇ ਕਈ ਭਖਦੇ ਮੁੱਦਿਆਂ 'ਤੇ ਖੁੱਲ੍ਹ ਕੇ ਚਰਚਾ ਕੀਤੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਕ ਅਹਿਮ ਪ੍ਰੈੱਸ ਕਾਨਫਰੰਸ ਰਾਹੀਂ ਆਪਣੀ ਸਰਕਾਰ ਦੇ ਚਾਰ ਸਾਲਾਂ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਦਾ ਵੇਰਵਾ ਸਾਂਝਾ ਕੀਤਾ। ਮੁੱਖ ਮੰਤਰੀ ਨੇ ਸੂਬੇ ਦੀ ਕਾਨੂੰਨ ਵਿਵਸਥਾ, ਨਸ਼ਾ ਤਸਕਰੀ ਵਿਰੁੱਧ ਕਾਰਵਾਈ ਅਤੇ ਉਦਯੋਗਿਕ ਵਿਕਾਸ ਵਰਗੇ ਕਈ ਭਖਦੇ ਮੁੱਦਿਆਂ ‘ਤੇ ਖੁੱਲ੍ਹ ਕੇ ਚਰਚਾ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਹੁਣ ਦੂਜੇ ਰਾਜਾਂ ਦੇ ਮੁਕਾਬਲੇ ਕਿਤੇ ਵੱਧ ਸੁਰੱਖਿਅਤ ਅਤੇ ਸ਼ਾਂਤ ਪ੍ਰਦੇਸ਼ ਬਣ ਚੁੱਕਾ ਹੈ।
ਨਸ਼ਾ ਤਸਕਰਾਂ ਵਿਰੁੱਧ ‘ਬੁਲਡੋਜ਼ਰ ਐਕਸ਼ਨ’ ਅਤੇ ਡਰੋਨ ਬਰਾਮਦਗੀ
ਮੁੱਖ ਮੰਤਰੀ ਨੇ ਸਰਹੱਦ ਪਾਰੋਂ ਹੋ ਰਹੀ ਤਸਕਰੀ ਅਤੇ ਗੈਂਗਸਟਰਾਂ ਵਿਰੁੱਧ ਵਿੱਢੀ ਮੁਹਿੰਮ ਦੀ ਸਫ਼ਲਤਾ ਬਾਰੇ ਦੱਸਦਿਆਂ ਕਿਹਾ ਕਿ ਪੰਜਾਬ ਪੁਲਿਸ ਨੇ ਹੁਣ ਤੱਕ ਸਰਹੱਦੀ ਖੇਤਰਾਂ ਵਿੱਚੋਂ 806 ਡਰੋਨ ਬਰਾਮਦ ਕੀਤੇ ਹਨ। ਉਨ੍ਹਾਂ ਸਖ਼ਤ ਲਹਿਜੇ ਵਿੱਚ ਕਿਹਾ ਕਿ ਨਸ਼ਾ ਅਤੇ ਹਥਿਆਰ ਤਸਕਰਾਂ ਵਿਰੁੱਧ ਹੁਣ ‘ਬੁਲਡੋਜ਼ਰ ਐਕਸ਼ਨ’ ਚਲਾਇਆ ਜਾ ਰਿਹਾ ਹੈ। ਤਸਕਰਾਂ ਦੇ ਘਰਾਂ ‘ਤੇ ਹੋ ਰਹੀ ਕਾਰਵਾਈ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੁਲਿਸ ਆਪਣੀ ਡਿਊਟੀ ਪੂਰੀ ਮੁਸਤੈਦੀ ਨਾਲ ਕਰ ਰਹੀ ਹੈ ਅਤੇ ਅਪਰਾਧੀਆਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ।
ਮੰਤਰੀ ਦਾ ਅਸਤੀਫ਼ਾ ਅਤੇ ਪਾਰਦਰਸ਼ੀ ਜਾਂਚ
ਵੇਅਰਹਾਊਸ ਦੇ ਡੀ.ਐਮ. ਦੀ ਖ਼ੁਦਕੁਸ਼ੀ ਦੇ ਮਾਮਲੇ ‘ਤੇ ਬੋਲਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਸੂਚਨਾ ਮਿਲਦੇ ਹੀ ਸਬੰਧਤ ਮੰਤਰੀ ਦਾ ਅਸਤੀਫ਼ਾ ਲੈ ਲਿਆ ਗਿਆ ਸੀ। ਉਨ੍ਹਾਂ ਕਿਹਾ, “ਮੈਂ ਤੁਰੰਤ ਜੋ ਕਰ ਸਕਦਾ ਸੀ, ਉਹ ਕੀਤਾ ਹੈ। ਜਾਂਚ ਪ੍ਰਭਾਵਿਤ ਨਾ ਹੋਵੇ, ਇਸ ਲਈ ਅਸਤੀਫ਼ਾ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਜਾਰੀ ਹੈ।”
ਅਹਿਮ ਪ੍ਰੈੱਸ ਕਾਨਫਰੰਸ, ਚੰਡੀਗੜ੍ਹ ਤੋਂ LIVE ——– अहम प्रेस कॉन्फ्रेंस, चंडीगढ़ से LIVE https://t.co/awW1YCgg1D
— Bhagwant Mann (@BhagwantMann) March 21, 2026
ਪੁਲਿਸ ਦਾ ਆਧੁਨਿਕੀਕਰਨ
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦਾ ਜ਼ਮਾਨਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਹੈ, ਇਸ ਲਈ ਪੁਲਿਸ ਨੂੰ ਆਧੁਨਿਕ ਬਣਾਉਣਾ ਜ਼ਰੂਰੀ ਹੈ। ਸਰਕਾਰ ਨੇ 450 ਪੁਲਿਸ ਥਾਣਿਆਂ ਦੇ ਸਾਰੇ ਐਸ.ਐਚ.ਓਜ਼ ਨੂੰ ਨਵੀਆਂ ਗੱਡੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ, “ਪਹਿਲਾਂ ਸਿਰਫ਼ ਵੱਡੇ ਅਫ਼ਸਰਾਂ ਨੂੰ ਨਵੀਆਂ ਗੱਡੀਆਂ ਮਿਲਦੀਆਂ ਸਨ, ਪਰ ਅਸੀਂ ਹੇਠਲੇ ਪੱਧਰ ਤੋਂ ਕੰਮ ਸ਼ੁਰੂ ਕੀਤਾ ਹੈ ਤਾਂ ਜੋ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੇ ਮੁਲਾਜ਼ਮਾਂ ਦਾ ਮਨੋਬਲ ਵਧੇ।” ਇਸ ਤੋਂ ਇਲਾਵਾ ‘ਸੜਕ ਸੁਰੱਖਿਆ ਫੋਰਸ’ (SSF) ਦੀ ਸਥਾਪਨਾ ਨਾਲ ਹਾਦਸਿਆਂ ਵਿੱਚ ਮੌਤਾਂ ਦੀ ਦਰ ਘਟੀ ਹੈ।
ਇਹ ਵੀ ਪੜ੍ਹੋ
ਨਿਵੇਸ਼ ਦਾ ਕੇਂਦਰ ਬਣਿਆ ਪੰਜਾਬ
ਭਗਵੰਤ ਮਾਨ ਨੇ ਕਾਨੂੰਨ ਵਿਵਸਥਾ ਨੂੰ ਉਦਯੋਗਾਂ ਨਾਲ ਜੋੜਦਿਆਂ ਕਿਹਾ ਕਿ ਜੇਕਰ ਪੰਜਾਬ ਸੁਰੱਖਿਅਤ ਨਾ ਹੁੰਦਾ ਤਾਂ ਇੱਥੇ ਵੱਡੀਆਂ ਕੰਪਨੀਆਂ ਨਿਵੇਸ਼ ਨਾ ਕਰਦੀਆਂ। ਉਨ੍ਹਾਂ ਦੱਸਿਆ ਕਿ:
ਟਾਟਾ ਸਟੀਲ: 3200 ਕਰੋੜ ਰੁਪਏ ਦਾ ਨਿਵੇਸ਼ ਕਰਕੇ ਆਪਣਾ ਪਲਾਂਟ ਸ਼ੁਰੂ ਕਰ ਰਹੀ ਹੈ।
ਜਾਪਾਨੀ ਕੰਪਨੀ : ਬਾਗਬਾਨੀ ਵਿੱਚ 1300 ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ।
ਹੋਰ ਕੰਪਨੀਆਂ: ਡੈਨਮਾਰਕ ਦੀ ਸਨਾਤਨ ਟਾਈਟਲ, ਡੱਚ ਕੰਪਨੀ ਰਾਇਲਟੀ ਹਾਊਸ ਅਤੇ ਜੇ.ਐਸ.ਡਬਲਯੂ (JSW) ਜਿੰਦਲ ਸਟੀਲ ਵਰਗੇ ਵੱਡੇ ਨਾਂ ਪੰਜਾਬ ਵਿੱਚ ਆਪਣੇ ਪ੍ਰੋਜੈਕਟ ਲਗਾ ਰਹੇ ਹਨ।
ਖੇਡਾਂ ਅਤੇ ਵੱਡੇ ਇਵੈਂਟਸ
ਪੰਜਾਬ ਵਿੱਚ ਖੇਡਾਂ ਦੇ ਮਾਹੌਲ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ 31 ਮਾਰਚ ਤੋਂ ਆਈ.ਪੀ.ਐਲ. (IPL) ਸ਼ੁਰੂ ਹੋ ਰਿਹਾ ਹੈ। ਇਸ ਤੋਂ ਇਲਾਵਾ, ਉਮੀਦ ਹੈ ਕਿ 20 ਤੋਂ 25 ਅਕਤੂਬਰ ਦੇ ਵਿਚਕਾਰ ਪੰਜਾਬ ਨੂੰ ਏਸ਼ੀਆ ਕੱਪ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਮਿਲੇਗੀ, ਜਿਸ ਦੇ ਮੈਚ ਜਲੰਧਰ ਅਤੇ ਮੋਹਾਲੀ ਵਿੱਚ ਕਰਵਾਏ ਜਾਣਗੇ। ਉਨ੍ਹਾਂ ਅੰਤ ਵਿੱਚ ਕਿਹਾ ਕਿ ਪੰਜਾਬ ਹੁਣ ਹਰ ਤਰ੍ਹਾਂ ਦੇ ਕੌਮਾਂਤਰੀ ਇਵੈਂਟਸ ਲਈ ਤਿਆਰ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਨਿਵੇਸ਼ਕ ਸੰਮੇਲਨ ਦੇ ਨਤੀਜੇ ਹੋਰ ਵੀ ਸੁਖਾਵੇਂ ਹੋਣਗੇ।


