ਜਆਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਬਨਵਾਉਣ ਵਾਲਿਆਂ ਤੇ ਹੋਵੇਗੀ ਸਖ਼ਤ ਕਾਰਵਾਈ, ਸੀਐੱਮ ਮਾਨ ਨੇ ਕੀਤਾ ਐਲਾਨ
ਕੀ ਹੁਣ ਮੁੜ ਪੰਜਾਬ ਗਾਇਕ ਅੰਮ੍ਰਿਤ ਮਾਨ ਦੇ ਪਿਤਾ ਮੁੜ ਚਰਚਾਵਾਂ ਵਿੱਚ ਆਉਣਗੇ। ਇਹ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਗਏ ਇੱਕ ਐਲਾਨ ਤੋਂ ਬਾਅਦ ਖੜ੍ਹਾ ਹੋ ਗਿਆ ਹੈ। ਦਰਅਸਲ ਬਜਟ ਇਜਲਾਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾ ਮੁਲਜ਼ਮਾਂ ਨੇ ਨੌਕਰੀ ਲੈਣ ਸਮੇਂ ਕਿਸੇ ਵੀ ਗਲਤ ਸਰਟੀਫਿਕੇਟ ਦੀ ਵਰਤੋਂ ਕੀਤੀ ਹੈ ਜਾਂ ਗਲਤ ਜਾਣਕਾਰੀ ਦਿੱਤੀ ਹੈ ਤਾਂ ਉਹਨਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।

ਪੰਜਾਬ ਵਿਧਾਨਸਭਾ ਦੇ ਬਜਟ ਇਜਲਾਸ ਦੇ ਤੀਜੇ ਦਿਨ ਦੀ ਸ਼ੁਰੂਆਤ ਇੱਕ ਅਜਿਹੇ ਸਵਾਲ ਨਾਲ ਹੋਈ ਜਿਸ ਤੋਂ ਬਾਅਦ ਅਨੁਸੂਚਿਤ ਜਾਤੀਆਂ ਦੇ ਪ੍ਰਮਾਣ ਪੱਤਰਾਂ (ਸਰਟੀਫਿਕੇਟਾਂ) ਬਾਰੇ ਨਵੀਂ ਚਰਚਾ ਛਿੜ ਗਈ ਹੈ। ਦਰਅਸਲ ਬਜਟ ਪੇਸ਼ ਹੋਣ ਤੋਂ ਪਹਿਲਾਂ ਵਿਧਾਇਕ ਵੱਲੋਂ ਮੰਤਰੀਆਂ ਨੂੰ ਸਵਾਲ ਪੁੱਛੇ ਜਾ ਰਹੇ ਸਨ। ਜਿਨ੍ਹਾਂ ਵਿੱਚੋਂ ਇੱਕ ਸਵਾਲ ਕੋਟਫੱਤਾ ਤੋਂ ਵਿਧਾਇਕ ਅਮਿਤ ਰਤਨ ਦਾ ਵੀ ਸੀ। ਉਹਨਾਂ ਨੇ ਸਵਾਲ ਪੁੱਛਿਆ ਕਿ ਜੋ ਲੋਕ ਅਨੁਸੂਚਿਤ ਜਾਤੀਆਂ ਜਾਂ ਪਿਛੜੀਆਂ ਸ੍ਰੇਣੀਆਂ ਦੇ ਨਾ ਹੋਕੇ ਵੀ ਜ਼ਆਲੀ ਸਰਟੀਫਿਕੇਟਾਂ ਰਾਹੀਂ ਇਸ ਦਾ ਫਾਇਦਾ ਲੈ ਰਹੇ ਹਨ। ਉਹਨਾਂ ਖਿਲਾਫ਼ ਸਰਕਾਰ ਕੀ ਕਾਰਵਾਈ ਕਰਦੀ ਹੈ ਜਾਂ ਕਰ ਰਹੀ ਹੈ।
ਜਿਸ ਦਾ ਜਵਾਬ ਦੇਣ ਲਈ ਸਦਨ ਵਿੱਚ ਕੈਬਨਿਟ ਮੰਤਰੀ ਬਲਜੀਤ ਕੌਰ ਖੜ੍ਹੀ ਹੋਈ। ਉਹਨਾਂ ਨੇ ਕਿਹਾ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਕੋਈ ਉਮੀਦਵਾਰ ਕਿਸੇ ਵਿੱਦਿਅਕ ਅਦਾਰੇ ਵਿੱਚ ਦਾਖਲਾ ਲੈਣ ਜਾਂ ਨੌਕਰੀ ਲੈਣ ਲਈ ਜਆਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਦੀ ਵਰਤੋ ਕਰਦਾ ਹੈ ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਮਾਨ ਸਰਕਾਰ ਇਸ ਲਈ ਕੰਮ ਵੀ ਕਰ ਰਹੀ ਹੈ। ਸਰਕਾਰ ਨੇ ਪਿਛਲੇ ਸਾਲ ਅਜਿਹੇ 23 ਸਰਟੀਫਿਕੇਟਾਂ ਨੂੰ ਰੱਦ ਕੀਤਾ ਹੈ।
ਇਸ ਤੋਂ ਬਾਅਦ ਅਮਿਤ ਰਤਨ ਨੇ ਕੰਪਲੀਮੈਂਟਰੀ ਸਵਾਲ ਪੁੱਛਦਿਆਂ ਮੰਗ ਕੀਤੀ ਕਿ ਸਰਕਾਰ ਇਸ ਲਈ ਇੱਕ ਵਿਸ਼ੇਸ ਕਮੇਟੀ ਬਣੇ ਤਾਂ ਜੋ ਜ਼ਆਲੀ ਸਰਟੀਫਿਕੇਟਾਂ ਦੀ ਜਾਂਚ ਕੀਤੀ ਜਾ ਸਕੇ।
ਸਦਨ ਵਿੱਚ ਮੁੱਖ ਮੰਤਰੀ ਦਾ ਐਲਾਨ
ਜਿਵੇਂ ਹੀ ਅਮਿਤ ਰਤਨ ਦਾ ਸਵਾਲ ਖ਼ਤਮ ਹੋਇਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਖੜ੍ਹੇ ਹੋਏ। ਉਹਨਾਂ ਕਿਹਾ ਕਿ ਕਿਸੇ ਵੀ ਜ਼ਆਲੀ ਸਰਟੀਫਿਕੇਟ ਦੀ ਵਰਤੋਂ ਕਰਨ ਵਾਲੇ ਨੂੰ ਕਿਸੇ ਵੀ ਸੂਰਤ ਵਿੱਚ ਬਖਸਿਆ ਨਹੀਂ ਜਾਵੇਗਾ। ਚਾਹੇ ਉਹ ਕਿਸੇ ਜਾਤੀ ਦਾ ਸਰਟੀਫਿਕੇਟ ਹੋਵੇ ਜਾਂ ਕਿਸੇ ਵਿੱਦਿਅਕ ਅਦਾਰੇ ਦਾ। ਮੁੱਖ ਮੰਤਰੀ ਨੇ ਕਿਹਾ ਕਿ ਭਰਤੀ ਵੇਲੇ ਪਹਿਲਾ ਜ਼ਆਲੀ ਸਰਟੀਫਿਕੇਟ ਲਗਾ ਦਿੱਤੇ ਜਾਂਦੇ ਸਨ। ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਅਜਿਹਾ ਨਹੀਂ ਹੋਵੇਗਾ।
ਮੁਲਜ਼ਮਾਂ ਤੇ ਹੋਵੇਗੀ ਕਾਰਵਾਈ
ਸਦਨ ਵਿੱਚ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਹਨਾਂ ਦੀ ਸਰਕਾਰ ਸਾਰੇ ਮੁਲਾਜ਼ਮਾਂ ਦੇ ਸਰਟੀਫਿਕੇਟਾਂ ਦੀ ਜਾਂਚ ਕਰੇਗੀ। ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸਦੀ ਨੌਕਰੀ ਤਾਂ ਜਾਵੇਗੀ ਇਸ ਤੋਂ ਇਲਾਵਾ ਜਦੋਂ ਤੋਂ ਉਸਨੇ ਸਰਕਾਰ ਤੋਂ ਤਨਖਾਹ ਲੈਣੀ ਸ਼ੁਰੂ ਕੀਤੀ ਹੈ ਕਿ ਉਦੋਂ ਤੋਂ ਵਿਆਜ ਸਮੇਤ ਤਨਖਾਹ ਨੂੰ ਵਾਪਿਸ ਕਰਨਾ ਪਵੇਗਾ।
ਇਹ ਵੀ ਪੜ੍ਹੋ
ਵਿਵਾਦਾਂ ਵਿੱਚ ਆਏ ਸੀ ਗਾਇਕ ਅੰਮ੍ਰਿਤ ਮਾਨ ਗੋਨਿਆਣਾ
ਦਰਅਸਲ ਪੰਜਾਬੀ ਗਾਇਕ ਅੰਮ੍ਰਿਤ ਮਾਨ ਦੇ ਪਿਤਾ ਤੇ ਵੀ ਜਾਤੀ ਦਾ ਜ਼ਆਲੀ ਸਰਟੀਫਿਕੇਟ ਲਗਾਕੇ ਨੌਕਰੀ ਲੈਣ ਦੇ ਇਲਜ਼ਾਮ ਲੱਗੇ ਸਨ। ਜਿਸ ਤੇ ਉਸ ਵੇਲੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਪੰਜਾਬ ਸਰਕਾਰ ਨੂੰ ਨੋਟਿਸ ਵੀ ਜਾਰੀ ਕੀਤਾ ਸੀ। ਜਿਸ ਵਿੱਚ ਉਹਨਾਂ ਨੇ ਇਸ ਸਬੰਧੀ ਜਾਣਕਾਰੀ ਮੰਗੀ ਸੀ। ਇਸ ਸ਼ਿਕਾਇਤ ਦੇ ਅਨੁਸਾਰ ਗੋਨਿਆਣਾ ਦੇ ਪਿਤਾ ਤੇ ਇਲਜਾਮ ਸਨ ਕਿ ਉਹਨਾਂ ਨੇ ਨਕਲੀ ਸਰਟੀਫਿਕੇਟ ਲਗਾਕੇ ਗਣਿਤ ਮਾਸਟਰ ਦੀ ਨੌਕਰੀ ਹਾਸਿਲ ਕੀਤੀ ਹੈ। ਜਿਸ ਤੇ ਉਹਨਾਂ ਨੇ 34 ਸਾਲ ਤੋਂ ਵੱਧ ਸਮਾਂ ਸਰਵਿਸ ਕੀਤੀ ਹੈ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਕਾਫ਼ੀ ਸਿਆਸੀ ਹਲਚਲ ਦੇਖਣ ਨੂੰ ਮਿਲੀ ਸੀ। ਜੇਕਰ ਹੁਣ ਪੰਜਾਬ ਸਰਕਾਰ ਅਜਿਹੀ ਜਾਂਚ ਕਰਵਾਉਂਦੀ ਹੈ ਤਾਂ ਕਈ ਹੋਰ ਮਾਮਲੇ ਸਾਹਮਣੇ ਆ ਸਕਦੇ ਹਨ।