Punjab Budget -2025: ਸਿਹਤ ਬੀਮਾ ਯੋਜਨਾ…. ਮਿਲਣਗੇ ਸਿਹਤ ਕਾਰਡ..ਸਿਹਤ ਵਿਭਾਗ ਲਈ 268 ਕਰੋੜ ਕੀਤੇ ਗਏ ਜਾਰੀ।
Punjab Budget 2025: ਪੰਜਾਬ ਸਰਕਾਰ ਨੇ ਪਿਛਲੇ ਬਜਟ ਵਿੱਚ ਵੀ ਸਿਹਤ ਵਿਭਾਗ ਲਈ ਵੱਡਾ ਬਜਟ ਜਾਰੀ ਕੀਤਾ ਸੀ। ਸਰਕਾਰ ਲੋਕਾਂ ਦੀ ਸਿਹਤ ਨੂੰ ਲੈ ਕੇ ਕਾਫੀ ਗੰਭੀਰ ਦਿਖਾਈ ਦੇ ਰਹੀ ਹੈ। ਇਸ ਵਾਰ ਵੀ ਸਰਕਾਰ ਵੱਲੋ ਲੋਕ ਸਿਹਤ ਭਲਾਈ ਲਈ ਵੱਡਾ ਬਜਟ ਜਾਰੀ ਕੀਤਾ ਗਿਆ ਹੈ। ਨਾਲ ਹੀ ਕਈ ਸਿਹਤ ਸਕੀਮਾਂ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ।

ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਬਜਟ ਭਾਸ਼ਣ ਦੌਰਾਨ ਪੰਜਾਬ ਦੇ ਲੋਕਾਂ ਦੀ ਸਿਹਤ ਤੇ ਖਾਸ ਧਿਆਨ ਦਿੱਤਾ ਗਿਆ ਹੈ। ਚੀਮਾ ਨੇ ਕਿਹਾ ਕਿ ਸਰਕਾਰ ਨੇ ਮੈਡੀਕਲ ਸੈਕਟਰ ਲਈ 1,336 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਇਹ ਬਜਟ ਪਿਛਲੇ ਸਾਲ ਨਾਲੋਂ 27 ਪ੍ਰਤੀਸ਼ਤ ਵੱਧ ਹੈ। ਇਸ ਵਾਰ 10 ਲੱਖ ਰੁਪਏ ਦਾ ਬੀਮਾ ਕਵਰ ਹੋਵੇਗਾ। ਚੀਮਾ ਨੇ ਕਿਹਾ ਕਿ ਸਿਹਤ ਅਤੇ ਭਲਾਈ ਵਿਭਾਗ ਨੇ 3 ਸਾਲਾਂ ਵਿੱਚ 881 ਆਮ ਆਦਮੀ ਕਲੀਨਿਕ ਸਥਾਪਤ ਕੀਤੇ ਹਨ। ਹੁਣ ਤੱਕ 3 ਕਰੋੜ ਤੋਂ ਵੱਧ ਲੋਕ ਇਸਦਾ ਲਾਭ ਲੈ ਚੁੱਕੇ ਹਨ। ਵਿਰੋਧੀਆਂ ਤੇ ਤੰਜ ਕਸਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਨੇ ਮਿਲ ਕੇ ਬਿਮਾਰ ਪੰਜਾਬ ਪੈਦਾ ਕੀਤਾ। ਸਾਡੀ ਸਰਕਾਰ ਹੁਣ ਇਸ ਬਿਮਾਰ ਪੰਜਾਬ ਦੀ ਇਲਾਜ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਲਈ 268 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 45 ਲੱਖ ਲੋਕ ਸਿਹਤ ਬੀਮਾ ਸਹੂਲਤਾਂ ਦੇ ਦਾਇਰੇ ਵਿੱਚ ਆ ਚੁੱਕੇ ਹਨ।
ਸਿਹਤ ਖੇਤਰ ਲਈ ਲਏ ਗਏ 2 ਵੱਡੇ ਫੈਸਲੇ
ਚੀਮਾ ਨੇ ਦੱਸਿਆ ਕਿ ਪੰਜਾਬ ਦੇ ਸਿਹਤ ਖੇਤਰ ਲਈ 2 ਵੱਡੇ ਫੈਸਲੇ ਲਏ ਜਾ ਰਹੇ ਹਨ। ਆਉਣ ਵਾਲੇ ਸਾਲ ਵਿੱਚ ਪਹਿਲੀ ਵਾਰ 65 ਹਜ਼ਾਰ ਪਰਿਵਾਰਾਂ ਨੂੰ ਸਿਹਤ ਬੀਮਾ ਯੋਜਨਾ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ। ਦੂਜਾ ਫੈਸਲਾ ਇਹ ਹੈ ਕਿ ਬੀਮਾ ਕਵਰ 5 ਲੱਖ ਰੁਪਏ ਤੋਂ 10 ਲੱਖ ਰੁਪਏ ਤੱਕ ਹੋਵੇਗਾ। ਸਾਰੇ ਪਰਿਵਾਰਾਂ ਨੂੰ ਸਿਹਤ ਕਾਰਡ ਮਿਲਣਗੇ। ਇਸ ਲਈ 778 ਕਰੋੜ ਰੁਪਏ ਰੱਖੇ ਗਏ ਹਨ। ਨਾਲ ਹੀ ਫਰਿਸ਼ਤੇ ਸਕੀਮ ਲਈ 10 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਚੰਡੀਗੜ੍ਹ ਤੋਂ Live.. https://t.co/lyGwvqYKfx
— AAP Punjab (@AAPPunjab) March 26, 2025
50 ਰੁਪਏ ਵਿੱਚ ਮਿਲਣਗੀਆਂ ਸਰਕਾਰੀ ਸੇਵਾਵਾਂ
ਵਿੱਤ ਮੰਤਰੀ ਚੀਮਾ ਨੇ ਕਿਹਾ- ਸਰਕਾਰੀ ਸੇਵਾਵਾਂ 50 ਰੁਪਏ ਵਿੱਚ ਮਿਲਣਗੀਆਂ। ਇਸ ਵੇਲੇ 406 ਡੋਰ ਸਟੈਪ ਡਿਲੀਵਰੀ ਦੀ ਫੀਸ 120 ਰੁਪਏ ਹੈ। ਲੋਕਾਂ ਨੂੰ ਸਿਰਫ਼ 50 ਰੁਪਏ ਦੇਣੇ ਪੈਣਗੇ। ਬਾਕੀ 70 ਰੁਪਏ ਪੰਜਾਬ ਸਰਕਾਰ ਦੇਵੇਗੀ।
ਹਰ ਜ਼ਿਲ੍ਹੇ ਵਿੱਚ ਰੰਗਲਾ ਪੰਜਾਬ ਸਕੀਮ ਲਿਆਵਾਂਗੇ
ਵਿੱਤ ਮੰਤਰੀ ਨੇ ਕਿਹਾ ਕਿ ਅਸੀਂ ਰੰਗਲਾ ਵਿਕਾਸ ਸਕੀਮ ਸ਼ੁਰੂ ਕਰਨ ਜਾ ਰਹੇ ਹਾਂ। 2022 ਵਿੱਚ, ਲੋਕਾਂ ਨੇ ਇਸੇ ਕਾਰਨ ਕਰਕੇ ਸਾਡੀ ਸੋਚ ਨੂੰ ਫਤਵਾ ਦਿੱਤਾ ਸੀ। ਰੰਗਲਾ ਪੰਜਾਬ ਸਕੀਮ ਹਰ ਜ਼ਿਲ੍ਹੇ ਵਿੱਚ ਲਿਆਂਦੀ ਜਾਵੇਗੀ। ਇਹ ਸਕੀਮ ਡੀਸੀ ਦੀ ਅਗਵਾਈ ਹੇਠ ਚਲਾਈ ਜਾਵੇਗੀ। ਇਹ ਫੰਡ ਮੁੱਢਲੀਆਂ ਚੀਜ਼ਾਂ ‘ਤੇ ਖਰਚ ਕੀਤਾ ਜਾਵੇਗਾ। ਰੰਗਲਾ ਪੰਜਾਬ ਵਿਕਾਸ ਫੰਡ ਲਈ 585 ਕਰੋੜ ਰੁਪਏ ਦਾ ਫੰਡ ਰੱਖਿਆ ਗਿਆ ਹੈ। ਇਸ ਯੋਜਨਾ ਤਹਿਤ 5 ਕਰੋੜ ਰੁਪਏ ਮਿਲਣਗੇ।
ਬਦਲਦੇ ਪੰਡ ਬਦਲਾ ਪੰਜਾਬ ਲਾਗੂ ਕਰਨਗੇ – ਚੀਮਾ
ਚੀਮਾ ਨੇ ਕਿਹਾ ਕਿ 2 ਸਾਲਾਂ ਵਿੱਚ 12,581 ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ। ਬਦਲਦੇ ਪਿੰਡ ਬਦਲਦਾ ਪੰਜਾਬ ਲਾਗੂ ਕਰਾਂਗੇ। ਇਸ ਵਿੱਚ 5 ਸਕੀਮਾਂ ਹੋਣਗੀਆਂ। ਇਸ ਵਿੱਚ ਪਿੰਡ ਦੇ ਛੱਪੜਾਂ ਦੀ ਸਫਾਈ, ਸੀਵਰੇਜ ਟ੍ਰੀਟਮੈਂਟ ਲਗਾਉਣਾ, ਖੇਡ ਦੇ ਮੈਦਾਨਾਂ ਦਾ ਨਿਰਮਾਣ ਅਤੇ ਸਟਰੀਟ ਲਾਈਟਾਂ ਲਗਾਉਣਾ ਸ਼ਾਮਲ ਹੈ। ਇਹ ਕੰਮ ਸਾਲਾਂ ਤੋਂ ਨਹੀਂ ਕੀਤੇ ਗਏ। ਇਸ ਲਈ 3,500 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਪੇਂਡੂ ਸੜਕਾਂ ਨੂੰ ਬਿਹਤਰ ਬਣਾਇਆ ਜਾਵੇਗਾ। ਇਸ ਲਈ 2,873 ਕਰੋੜ ਖਰਚ ਕੀਤੇ ਜਾਣਗੇ।