ਵਿਦੇਸ਼ਾਂ ਤੋਂ ਪਰਤੇ ਚਿਹਰਿਆਂ ਦਾ ਪੰਜਾਬ ਦੀ ਸਿਆਸਤ ‘ਚ ਵਧਿਆ ਦਬਦਬਾ, ਪਾਰਟੀਆਂ ਲਈ ਵੱਡਾ ਹਥਿਆਰ ਬਣਿਆ NRI ਨੈੱਟਵਰਕ
ਪੰਜਾਬ ਵਿੱਚ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਮੁਕਾਬਲਾ ਸਿਰਫ਼ ਸਥਾਨਕ ਜਥੇਬੰਦਕ ਤਾਕਤ ਦੇ ਦਮ 'ਤੇ ਹੀ ਤੈਅ ਨਹੀਂ ਹੋਵੇਗਾ, ਸਗੋਂ ਵਿਦੇਸ਼ਾਂ ਵਿੱਚ ਕਾਰੋਬਾਰ, ਨੌਕਰੀਆਂ ਅਤੇ ਮਜ਼ਬੂਤ ਸਮਾਜਿਕ ਰਸੂਖ਼ ਕਾਇਮ ਕਰਨ ਵਾਲੇ ਪ੍ਰਵਾਸੀ ਪੰਜਾਬੀ ਚਿਹਰੇ ਹੁਣ ਸਿੱਧੇ ਤੌਰ 'ਤੇ ਪੰਜਾਬ ਦੀ ਸਿਆਸਤ ਵਿੱਚ ਉੱਤਰ ਰਹੇ ਹਨ।
ਪੰਜਾਬ ਵਿੱਚ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਮੁਕਾਬਲਾ ਸਿਰਫ਼ ਸਥਾਨਕ ਜਥੇਬੰਦਕ ਤਾਕਤ ਦੇ ਦਮ ‘ਤੇ ਹੀ ਤੈਅ ਨਹੀਂ ਹੋਵੇਗਾ, ਸਗੋਂ ਵਿਦੇਸ਼ਾਂ ਵਿੱਚ ਕਾਰੋਬਾਰ, ਨੌਕਰੀਆਂ ਅਤੇ ਮਜ਼ਬੂਤ ਸਮਾਜਿਕ ਰਸੂਖ਼ ਕਾਇਮ ਕਰਨ ਵਾਲੇ ਪ੍ਰਵਾਸੀ ਪੰਜਾਬੀ ਚਿਹਰੇ ਹੁਣ ਸਿੱਧੇ ਤੌਰ ‘ਤੇ ਪੰਜਾਬ ਦੀ ਸਿਆਸਤ ਵਿੱਚ ਉੱਤਰ ਰਹੇ ਹਨ। ਕੈਨੇਡਾ, ਅਮਰੀਕਾ, ਬਰਤਾਨੀਆ ਅਤੇ ਦੁਬਈ ਵਰਗੇ ਮੁਲਕਾਂ ਤੋਂ ਵਤਨ ਪਰਤੇ ਇਨ੍ਹਾਂ ਆਗੂਆਂ ਦੀ ਸਭ ਤੋਂ ਵੱਡੀ ਤਾਕਤ ਵਿਦੇਸ਼ਾਂ ਵਿੱਚ ਸਥਾਪਿਤ ਕੀਤਾ ਗਿਆ ਉਨ੍ਹਾਂ ਦਾ ਵਿਸ਼ਾਲ ਸੰਪਰਕ ਦਾਇਰਾ ਹੈ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਮਜ਼ਬੂਤ ਪਕੜ ਅਤੇ ਪ੍ਰਵਾਸੀ ਪੰਜਾਬੀਆਂ ਨਾਲ ਡੂੰਘੀ ਸਾਂਝ ਇਨ੍ਹਾਂ ਆਗੂਆਂ ਨੂੰ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਲਈ ਬੇਹੱਦ ਲਾਹੇਵੰਦ ਅਤੇ ਅਹਿਮ ਬਣਾ ਰਹੀ ਹੈ।
ਪਰਿਵਾਰਕ ਫ਼ੈਸਲਿਆਂ ਤੋਂ ਲੈ ਕੇ ਜਨਮਤ ਨਿਰਮਾਣ ਤੱਕ ਪ੍ਰਵਾਸੀਆਂ ਦਾ ਦਖ਼ਲ
ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਰਿਸ਼ਤੇਦਾਰ ਪੰਜਾਬ ਵਿੱਚ ਆਪਣੇ ਪਰਿਵਾਰਾਂ ਦੇ ਸਿਆਸੀ ਫ਼ੈਸਲਿਆਂ ਨੂੰ ਵੀ ਵੱਡੇ ਪੱਧਰ ‘ਤੇ ਪ੍ਰਭਾਵਿਤ ਕਰਦੇ ਹਨ। ਇਹ ਨੈੱਟਵਰਕ ਹੁਣ ਸਿਰਫ਼ ਐੱਨਆਰਆਈ ਵੋਟਾਂ ਜਾਂ ਚੋਣਾਂ ਵਿੱਚ ਵਿੱਤੀ ਸਹਾਇਤਾ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਚੋਣ ਪ੍ਰਚਾਰ, ਜਨਤਕ ਰਾਏ ਬਣਾਉਣ ਅਤੇ ਜ਼ਮੀਨੀ ਪੱਧਰ ‘ਤੇ ਸੰਗਠਨ ਨੂੰ ਮਜ਼ਬੂਤ ਕਰਨ ਵਿੱਚ ਤਬਦੀਲ ਹੋ ਚੁੱਕਾ ਹੈ। ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਅਤੇ ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਧਾਲੀਵਾਲ ਇਸ ਦੇ ਪ੍ਰਮੁੱਖ ਉਦਾਹਰਨ ਹਨ। ਧਾਲੀਵਾਲ ਅਮਰੀਕਾ ਤੋਂ ਪਰਤਣ ਉਪਰੰਤ ਪੰਜਾਬ ਸਰਕਾਰ ਵਿੱਚ ਐੱਨਆਰਆਈ ਮਾਮਲਿਆਂ ਦੇ ਮੰਤਰੀ ਵੀ ਰਹੇ ਹਨ। ਇਸੇ ਤਰ੍ਹਾਂ ਬਲਤੇਜ ਪੰਨੂ ਨੇ ਕੈਨੇਡਾ ਵਿੱਚ ਪੱਤਰਕਾਰੀ ਰਾਹੀਂ ਆਪਣੀ ਵਿਸ਼ੇਸ਼ ਪਛਾਣ ਬਣਾਈ ਅਤੇ ਬਾਅਦ ਵਿੱਚ ਪੰਜਾਬ ਦੀ ਸਰਗਰਮ ਰਾਜਨੀਤੀ ਵਿੱਚ ਇੱਕ ਪ੍ਰਭਾਵਸ਼ਾਲੀ ਚਿਹਰੇ ਵਜੋਂ ਉੱਭਰੇ।
ਪੰਜਾਬ ਦੀ ਸਿਆਸਤ ‘ਚ ਪ੍ਰਵਾਸੀ ਆਗੂਆਂ ਦਾ ਵਧਦਾ ਕੱਦ
ਆਮ ਆਦਮੀ ਪਾਰਟੀ ਦੇ ਸ਼ੁਰੂਆਤੀ ਦੌਰ ਵਿੱਚ ਜਗਤਾਰ ਸਿੰਘ ਸੰਘੇੜਾ ਨੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਪਾਰਟੀ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਕੈਨੇਡਾ ਸਮੇਤ ਕਈ ਦੇਸ਼ਾਂ ਵਿੱਚ ਪਾਰਟੀ ਦੇ ਸਮਰਥਨ ਅਭਿਆਨਾਂ ਦੀ ਅਗਵਾਈ ਕੀਤੀ ਅਤੇ ਪੰਜਾਬ ਪਰਤਣ ਮਗਰੋਂ ਸੰਗਠਨ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਸੰਭਾਲੀਆਂ। ਸੁਖਪਾਲ ਸਿੰਘ ਖੰਗੂੜਾ ਨੇ ਬਰਤਾਨੀਆ (ਯੂਕੇ) ਵਿੱਚ ਲੰਮਾ ਸਮਾਂ ਰਹਿਣ ਅਤੇ ਕਾਰੋਬਾਰ ਕਰਨ ਤੋਂ ਬਾਅਦ ਪੰਜਾਬ ਦੀ ਸਿਆਸਤ ਵੱਲ ਰੁਖ਼ ਕੀਤਾ। ਇਸੇ ਤਰ੍ਹਾਂ ਜਸਵੀਰ ਸਿੰਘ ਗਿੱਲ ਉਰਫ਼ ਜੱਸੀ ਸੇਖੋਂ ਨੇ ਵੀ ਕੈਨੇਡਾ ਦੀ ਸਥਾਪਿਤ ਜ਼ਿੰਦਗੀ ਛੱਡ ਕੇ ਪੰਜਾਬ ਵਿੱਚ ਸਿਆਸੀ ਪਿੜ ਮੱਲਿਆ। ਦਲਜੀਤ ਸਿੰਘ ਗਰੇਵਾਲ (ਭੋਲਾ) ਵੀ ਵਿਦੇਸ਼ ਨਾਲ ਜੁੜੇ ਆਪਣੇ ਵਪਾਰਕ ਨੈੱਟਵਰਕ ਨੂੰ ਪਿੱਛੇ ਛੱਡ ਕੇ ‘ਆਪ’ ਦੀ ਟਿਕਟ ‘ਤੇ ਵਿਧਾਇਕ ਬਣੇ।
ਅੰਮ੍ਰਿਤਪਾਲ ਸਿੰਘ ਦਾ ਸਿਆਸੀ ਸਫ਼ਰ ਸਭ ਤੋਂ ਵੱਖਰਾ
ਖਡੂਰ ਸਾਹਿਬ ਤੋਂ ਆਜ਼ਾਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦਾ ਰਾਜਨੀਤਿਕ ਸਫ਼ਰ ਹੋਰਨਾਂ ਪ੍ਰਵਾਸੀ ਨੇਤਾਵਾਂ ਨਾਲੋਂ ਬਿਲਕੁਲ ਵੱਖਰਾ ਰਿਹਾ ਹੈ। ਕਰੀਬ ਇੱਕ ਦਹਾਕਾ ਦੁਬਈ ਵਿੱਚ ਰਹਿਣ ਉਪਰੰਤ ਸਾਲ 2022 ਵਿੱਚ ਪੰਜਾਬ ਪਰਤੇ ਅੰਮ੍ਰਿਤਪਾਲ ਸਿੰਘ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੀ ਵਾਗਡੋਰ ਸੰਭਾਲੀ। ਉਨ੍ਹਾਂ ਨੇ ਬੇਹੱਦ ਘੱਟ ਸਮੇਂ ਅੰਦਰ ਆਪਣਾ ਮਜ਼ਬੂਤ ਸਿਆਸੀ ਅਤੇ ਸਮਾਜਿਕ ਆਧਾਰ ਕਾਇਮ ਕੀਤਾ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਖਡੂਰ ਸਾਹਿਬ ਹਲਕੇ ਤੋਂ ਇਤਿਹਾਸਕ ਜਿੱਤ ਹਾਸਲ ਕੀਤੀ। ਇਹ ਵਿਦੇਸ਼ ਤੋਂ ਪਰਤ ਕੇ ਤੇਜ਼ੀ ਨਾਲ ਸਿਆਸੀ ਪ੍ਰਭਾਵ ਕਾਇਮ ਕਰਨ ਦੀ ਇੱਕ ਵੱਡੀ ਮਿਸਾਲ ਹੈ।
ਵਿਦੇਸ਼ੀ ਨੈੱਟਵਰਕ ਅਤੇ ਸਥਾਨਕ ਰਾਜਨੀਤੀ ਵਿਚਾਲੇ ਪੁਲ ਦਾ ਕੰਮ ਕਰ ਰਹੇ ਐੱਨਆਰਆਈ
ਕੈਨੇਡਾ ਨਿਵਾਸੀ ਜਸਵਿੰਦਰ ਸਿੰਘ ਅਨੁਸਾਰ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਹੁਣ ਸਿਰਫ਼ ਪੈਸੇ ਭੇਜਣ ਵਾਲਾ ਭਾਈਚਾਰਾ ਨਹੀਂ ਰਹਿ ਗਏ। ਉਹ ਸੋਸ਼ਲ ਮੀਡੀਆ ਮੰਚਾਂ ਰਾਹੀਂ ਮਜ਼ਬੂਤ ਜਨਤਕ ਰਾਇ ਤਿਆਰ ਕਰਦੇ ਹਨ ਅਤੇ ਸਿਆਸੀ ਸੰਦੇਸ਼ ਲੋਕਾਂ ਤੱਕ ਪਹੁੰਚਾਉਂਦੇ ਹਨ। ਵਿਦੇਸ਼ਾਂ ਤੋਂ ਪਰਤਣ ਵਾਲੇ ਆਗੂ ਇਸ ਗਲੋਬਲ ਨੈੱਟਵਰਕ ਨੂੰ ਸਿੱਧੇ ਤੌਰ ‘ਤੇ ਚੋਣ ਸਿਆਸਤ ਵਿੱਚ ਵਰਤ ਰਹੇ ਹਨ। ਸਿਆਸੀ ਪਾਰਟੀਆਂ ਵੀ ਇਨ੍ਹਾਂ ਆਗੂਆਂ ਨੂੰ ਵਿਦੇਸ਼ੀ ਨੈੱਟਵਰਕ ਅਤੇ ਸਥਾਨਕ ਜ਼ਮੀਨੀ ਰਾਜਨੀਤੀ ਵਿਚਕਾਰ ਇੱਕ ਮਜ਼ਬੂਤ ਪੁਲ ਮੰਨਦੀਆਂ ਹਨ। ਅਜਿਹੇ ਹਾਲਾਤ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਹ ਦੇਖਣਾ ਕਾਫ਼ੀ ਦਿਲਚਸਪ ਹੋਵੇਗਾ ਕਿ ਕੋਈ ਆਗੂ ਵਿਦੇਸ਼ ਤੋਂ ਪਰਤਣ ਮਗਰੋਂ ਆਪਣੇ ਨਾਲ ਕਿੰਨਾ ਸਿਆਸੀ ਪ੍ਰਭਾਵ ਲੈ ਕੇ ਜ਼ਮੀਨ ‘ਤੇ ਉੱਤਰਦਾ ਹੈ।


