ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਪੁੱਤਰ ਸਮੇਤ ਅਕਾਲੀ ਦਲ ‘ਚ ਹੋਣਗੇ ਸ਼ਾਮਲ, ਸੁਖਬੀਰ ਬਾਦਲ ਕਰਵਾਉਣਗੇ ਸ਼ਮੂਲੀਅਤ

Updated On: 

06 Nov 2026 11:50 AM IST

ਸ਼੍ਰੋਮਣੀ ਅਕਾਲੀ ਦਲ (ਪੁਨਰਸੁਰਜੀਤ) ਨੂੰ ਅਲਵਿਦਾ ਆਖਣ ਵਾਲੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਆਪਣੇ ਸਪੁੱਤਰ ਤੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਸਮੇਤ ਅੱਜ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ।

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਪੁੱਤਰ ਸਮੇਤ ਅਕਾਲੀ ਦਲ ਚ ਹੋਣਗੇ ਸ਼ਾਮਲ, ਸੁਖਬੀਰ ਬਾਦਲ ਕਰਵਾਉਣਗੇ ਸ਼ਮੂਲੀਅਤ

ਸ਼੍ਰੋਮਣੀ ਅਕਾਲੀ ਦਲ (ਪੁਨਰਸੁਰਜੀਤ) ਨੂੰ ਅਲਵਿਦਾ ਆਖਣ ਵਾਲੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਆਪਣੇ ਸਪੁੱਤਰ ਤੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਸਮੇਤ ਅੱਜ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ੁਦ ਅੱਜ ਸ਼ਾਮ ਪਟਿਆਲਾ ਸਥਿਤ ਚੰਦੂਮਾਜਰਾ ਪਰਿਵਾਰ ਦੇ ਗ੍ਰਹਿ ਵਿਖੇ ਪਹੁੰਚ ਕੇ ਦੋਵਾਂ ਆਗੂਆਂ ਨੂੰ ਰਸਮੀ ਤੌਰ ‘ਤੇ ਪਾਰਟੀ ਵਿੱਚ ਸ਼ਾਮਲ ਕਰਵਾਉਣਗੇ।

ਪ੍ਰੋ. ਚੰਦੂਮਾਜਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਮ 4 ਵਜੇ ਸੁਖਬੀਰ ਸਿੰਘ ਬਾਦਲ ਉਨ੍ਹਾਂ ਦੀ ਰਿਹਾਇਸ਼ ‘ਤੇ ਆ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਮੌਜੂਦਾ ਹਾਲਾਤ, ਲੋਕਾਂ ਦੀ ਨਬਜ਼ ਅਤੇ ਪੰਜਾਬ ਦੀ ਸਿਆਸੀ ਸਥਿਤੀ ਦੀ ਮੰਗ ਹੈ ਕਿ ਸਮੁੱਚਾ ਅਕਾਲੀ ਦਲ ਇਕਜੁੱਟ ਹੋਵੇ। ਉਨ੍ਹਾਂ ਕਿਹਾ ਕਿ 2 ਦਸੰਬਰ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਵੀ ਅਕਾਲੀ ਦਲ ਨੂੰ ਤੋੜਨ ਵਾਲਾ ਨਹੀਂ, ਸਗੋਂ ਜੋੜਨ ਵਾਲਾ ਸੀ। ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਐੱਨਡੀਏ ਸਰਕਾਰ ਬਾਰੇ ਦਿੱਤੇ ਬਿਆਨ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਆਖਿਆ ਸੀ ਕਿ ਪੰਜਾਬ ਨੂੰ ਬਚਾਉਣ ਲਈ ਸਭ ਨੂੰ ਇਕੱਠੇ ਹੋਣ ਦੀ ਲੋੜ ਹੈ। ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਸ ਬਿਆਨ ‘ਤੇ ਜਤਾਏ ਗਏ ਇਤਰਾਜ਼ ਅਤੇ ਉਨ੍ਹਾਂ ਦੇ ਅਗਲੇ ਕਦਮ ਬਾਰੇ ਪੁੱਛੇ ਸਵਾਲ ‘ਤੇ ਚੰਦੂਮਾਜਰਾ ਨੇ ਤਨਜ਼ ਕਸਦਿਆਂ ਕਿਹਾ ਕਿ ਹੁਣ ਗਿਆਨੀ ਜੀ ਕਥਾ ਕਰ ਸਕਦੇ ਹਨ।

ਵਿਧਾਨ ਸਭਾ ਚੋਣਾਂ ਬਾਰੇ ਆਪਣਾ ਰੁਖ਼ ਸਪੱਸ਼ਟ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਐਲਾਨ ਕੀਤਾ ਕਿ ਉਹ ਖ਼ੁਦ ਚੋਣ ਨਹੀਂ ਲੜਨਗੇ, ਸਗੋਂ ਉਨ੍ਹਾਂ ਦੇ ਸਪੁੱਤਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਹੀ ਸਨੌਰ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਰਨਗੇ।

ਲੋਕ ਸਭਾ ਚੋਣਾਂ ਮਗਰੋਂ ਸ਼ੁਰੂ ਹੋਇਆ ਸੀ ਅੰਦਰੂਨੀ ਵਿਵਾਦ

ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਪਾਰਟੀ ਅੰਦਰ ਕਾਟੋ-ਕਲੇਸ਼ ਤੇਜ਼ ਹੋ ਗਿਆ ਸੀ। ਚੋਣਾਂ ਵਿੱਚ ਅਕਾਲੀ ਦਲ ਨੂੰ ਮਹਿਜ਼ ਇੱਕ ਸੀਟ ਹਾਸਲ ਹੋਈ ਸੀ, ਜਿਸ ਤੋਂ ਬਾਅਦ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਕਈ ਸੀਨੀਅਰ ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਤੇ ਸਵਾਲ ਖੜ੍ਹੇ ਕਰ ਦਿੱਤੇ ਸਨ। ਬਾਗ਼ੀ ਆਗੂਆਂ ਨੇ ਇਕੱਠੇ ਹੋ ਕੇ ਸੁਖਬੀਰ ਬਾਦਲ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਸੀ।

ਨਾਰਾਜ਼ਗੀ ਦੇ ਦੋ ਵੱਡੇ ਕਾਰਨ

ਪਾਰਟੀ ਅੰਦਰ ਪੈਦਾ ਹੋਈ ਨਾਰਾਜ਼ਗੀ ਦੇ ਦੋ ਪ੍ਰਮੁੱਖ ਕਾਰਨ ਸਾਹਮਣੇ ਆਏ ਸਨ। ਪਹਿਲਾ ਇਹ ਕਿ ਸਾਲ 2007 ਤੋਂ 2017 ਤੱਕ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਹੋਈਆਂ ਪ੍ਰਸ਼ਾਸਨਿਕ ਤੇ ਸਿਆਸੀ ਗ਼ਲਤੀਆਂ ਕਾਰਨ ਸਿੱਖ ਕੌਮ ਵਿੱਚ ਪਾਰਟੀ ਦੇ ਅਕਸ ਨੂੰ ਭਾਰੀ ਢਾਹ ਲੱਗੀ। ਦੂਜਾ ਮੁੱਖ ਮੁੱਦਾ ਇਹ ਸੀ ਕਿ 2019 ਵਿੱਚ ਭਾਰਤੀ ਜਨਤਾ ਪਾਰਟੀ ਨਾਲੋਂ ਗਠਜੋੜ ਟੁੱਟਣ ਮਗਰੋਂ ਪ੍ਰੋ. ਚੰਦੂਮਾਜਰਾ ਮੁੜ ਭਾਜਪਾ ਨਾਲ ਗਠਜੋੜ ਕਰਨ ਦੇ ਹੱਕ ਵਿੱਚ ਸਨ, ਜਦਕਿ ਪਾਰਟੀ ਦਾ ਇੱਕ ਵੱਡਾ ਧੜਾ ਇਸ ਦੇ ਸਖ਼ਤ ਵਿਰੋਧ ਵਿੱਚ ਸੀ।

ਅਕਾਲੀ ਦਲ ਵੱਲੋਂ ਬਰਖ਼ਾਸਤਗੀ ਅਤੇ ਨਵੇਂ ਧੜੇ ਦਾ ਗਠਨ

ਬਗ਼ਾਵਤੀ ਸੁਰਾਂ ਤਿੱਖੀਆਂ ਹੋਣ ਮਗਰੋਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਅਨੁਸ਼ਾਸਨੀ ਕਾਰਵਾਈ ਕਰਦਿਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਇਸ ਮਗਰੋਂ ਬਾਗ਼ੀ ਆਗੂਆਂ ਨੇ ਵੱਖ ਹੋ ਕੇ ‘ਸ਼੍ਰੋਮਣੀ ਅਕਾਲੀ ਦਲ (ਪੁਨਰਸੁਰਜੀਤ/ਸੁਧਾਰ ਲਹਿਰ)’ ਨਾਂ ਹੇਠ ਨਵਾਂ ਧੜਾ ਕਾਇਮ ਕਰ ਲਿਆ, ਜਿਸ ਦੀ ਕਮਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਂਪੀ ਗਈ। ਪ੍ਰੋ. ਚੰਦੂਮਾਜਰਾ ਵੀ ਇਸ ਨਵੇਂ ਧੜੇ ਦੇ ਮੋਹਰੀ ਆਗੂ ਬਣੇ ਅਤੇ ਦਾਅਵਾ ਕੀਤਾ ਕਿ ਇਹ ਧੜਾ ਅਕਾਲੀ ਦਲ ਦੇ ਮੂਲ ਸਿਧਾਂਤਾਂ ‘ਤੇ ਪਹਿਰਾ ਦੇਵੇਗਾ।

ਹਾਲਾਂਕਿ, 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਨਵੇਂ ਬਣੇ ਧੜੇ ਵਿੱਚ ਵੀ ਗੰਭੀਰ ਮੱਤਭੇਦ ਪੈਦਾ ਹੋ ਗਏ। ਪ੍ਰੋ. ਚੰਦੂਮਾਜਰਾ ਦੀ ਦਲੀਲ ਸੀ ਕਿ ਪੰਜਾਬ ਅਤੇ ਪੰਥਕ ਹਿੱਤਾਂ ਦੀ ਰਾਖੀ ਲਈ ਸਮੂਹ ਅਕਾਲੀ ਧੜਿਆਂ ਨੂੰ ਬਿਨਾਂ ਕਿਸੇ ਸ਼ਰਤ ਇੱਕ ਮੰਚ ‘ਤੇ ਇਕੱਠੇ ਹੋਣਾ ਚਾਹੀਦਾ ਹੈ। ਦੂਜੇ ਪਾਸੇ, ਧੜੇ ਦੇ ਮੁਖੀ ਗਿਆਨੀ ਹਰਪ੍ਰੀਤ ਸਿੰਘ ਇਸ ਗੱਲ ‘ਤੇ ਅੜੇ ਰਹੇ ਕਿ ਜਦੋਂ ਤੱਕ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਦੇ ਅਹੁਦੇ ਤੋਂ ਲਾਂਭੇ ਨਹੀਂ ਹੁੰਦੇ, ਉਦੋਂ ਤੱਕ ਏਕਤਾ ਸੰਭਵ ਨਹੀਂ ਹੈ। ਇਸ ਮੁੱਦੇ ਨੂੰ ਲੈ ਕੇ ਦੋਵਾਂ ਆਗੂਆਂ ਦੇ ਮਤਭੇਦ ਜਨਤਕ ਹੋ ਗਏ।

4 ਨਵੰਬਰ ਨੂੰ ਅਸਤੀਫ਼ਾ ਅਤੇ ਪੁਨਰਸੁਰਜੀਤ ਧੜੇ ਨਾਲੋਂ ਨਾਤਾ ਤੋੜਿਆ

ਆਪਸੀ ਖਿੱਚੋਤਾਣ ਦੇ ਚੱਲਦਿਆਂ 4 ਨਵੰਬਰ ਨੂੰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅਕਾਲੀ ਦਲ (ਪੁਨਰਸੁਰਜੀਤ) ਤੋਂ ਆਪਣਾ ਅਸਤੀਫ਼ਾ ਸੌਂਪ ਦਿੱਤਾ। ਇਸ ਦੇ ਅਗਲੇ ਹੀ ਦਿਨ, ਯਾਨੀ 5 ਨਵੰਬਰ ਨੂੰ ਉਨ੍ਹਾਂ ਦੇ ਸਪੁੱਤਰ ਅਤੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਵੀ ਆਪਣੇ ਹਮਾਇਤੀਆਂ ਸਮੇਤ ਇਸ ਧੜੇ ਨੂੰ ਅਲਵਿਦਾ ਕਹਿ ਦਿੱਤਾ। ਇਸ ਤਰ੍ਹਾਂ ਜਿਸ ਧੜੇ ਰਾਹੀਂ ਚੰਦੂਮਾਜਰਾ ਨੇ ਬਾਦਲ ਪਰਿਵਾਰ ਖ਼ਿਲਾਫ਼ ਮੋਰਚਾਬੰਦੀ ਕੀਤੀ ਸੀ, ਉਸੇ ਨਾਲੋਂ ਰਾਹ ਵੱਖ ਕਰਕੇ ਅੱਜ ਉਹ ਮੁੜ ਮੂਲ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਕੇ ਸੁਖਬੀਰ ਸਿੰਘ ਬਾਦਲ ਨਾਲ ਹੱਥ ਮਿਲਾ ਰਹੇ ਹਨ।

Loading...
Unable to load recommendations.
Follow Us