ਮੰਡੀ ਗੋਬਿੰਦਗੜ੍ਹ ‘ਚ ਗੋਦਾਮ ‘ਚ ਹੋਇਆ ਜ਼ਬਰਦਸਤ ਧਮਾਕਾ, ਮਾਲਕ ਦੀ ਮੌਤ ਤੇ 4 ਮਜ਼ਦੂਰ ਬੁਰੀ ਤਰ੍ਹਾਂ ਝੁਲਸੇ
ਫ਼ਤਿਹਗੜ੍ਹ ਸਾਹਿਬ ਦੇ ਪ੍ਰਮੁੱਖ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਅੰਦਰ ਵੀਰਵਾਰ ਰਾਤ ਇੱਕ ਭਿਆਨਕ ਹਾਦਸਾ ਵਾਪਰ ਗਿਆ। ਅਮਲੋਹ ਰੋਡ 'ਤੇ ਸਥਿਤ 'ਭੱਲਾ ਇੰਜੀਨੀਅਰਜ਼' ਨਾਮਕ ਕਬਾੜ ਦੇ ਗੋਦਾਮ ਵਿੱਚ ਪੁਰਾਣੇ ਤਾਰਕੋਲ (ਲੁੱਕ) ਨਾਲ ਭਰੇ ਇੱਕ ਟੈਂਕਰ ਨੂੰ ਗੈਸ ਕਟਰ ਨਾਲ ਕੱਟਣ ਦੌਰਾਨ ਅਚਾਨਕ ਜ਼ਬਰਦਸਤ ਧਮਾਕਾ ਹੋ ਗਿਆ।
ਫ਼ਤਿਹਗੜ੍ਹ ਸਾਹਿਬ ਦੇ ਪ੍ਰਮੁੱਖ ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਅੰਦਰ ਵੀਰਵਾਰ ਰਾਤ ਇੱਕ ਭਿਆਨਕ ਹਾਦਸਾ ਵਾਪਰ ਗਿਆ। ਅਮਲੋਹ ਰੋਡ ‘ਤੇ ਸਥਿਤ ‘ਭੱਲਾ ਇੰਜੀਨੀਅਰਜ਼’ ਨਾਮਕ ਕਬਾੜ ਦੇ ਗੋਦਾਮ ਵਿੱਚ ਪੁਰਾਣੇ ਤਾਰਕੋਲ (ਲੁੱਕ) ਨਾਲ ਭਰੇ ਇੱਕ ਟੈਂਕਰ ਨੂੰ ਗੈਸ ਕਟਰ ਨਾਲ ਕੱਟਣ ਦੌਰਾਨ ਅਚਾਨਕ ਜ਼ਬਰਦਸਤ ਧਮਾਕਾ ਹੋ ਗਿਆ। ਇਸ ਦਰਦਨਾਕ ਹਾਦਸੇ ਵਿੱਚ ਗੋਦਾਮ ਦੇ ਮਾਲਕ ਦਲਜੀਤ ਕੁਮਾਰ ਭੱਲਾ (ਡੀ.ਕੇ. ਭੱਲਾ) ਦੀ ਥਾਂ ‘ਤੇ ਹੀ ਮੌਤ ਹੋ ਗਈ, ਜਦਕਿ ਇੱਕ ਔਰਤ ਸਮੇਤ ਚਾਰ ਪਰਵਾਸੀ ਮਜ਼ਦੂਰ ਗੰਭੀਰ ਰੂਪ ਵਿੱਚ ਝੁਲਸ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਗੋਦਾਮ ਵਿੱਚ ਖ਼ਰੀਦੇ ਗਏ ਪੁਰਾਣੇ ਸਕ੍ਰੈਪ ਟੈਂਕਰ ਨੂੰ ਕੱਟਣ ਦਾ ਕੰਮ ਚੱਲ ਰਿਹਾ ਸੀ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਬੰਦ ਟੈਂਕਰ ਦੇ ਅੰਦਰ ਤਾਰਕੋਲ ਦੀ ਜ਼ਹਿਰੀਲੀ ਅਤੇ ਜਲਣਸ਼ੀਲ ਗੈਸ ਇਕੱਠੀ ਹੋ ਗਈ ਸੀ, ਜਿਸ ਨੇ ਗੈਸ ਕਟਰ ਦੀ ਅੱਗ ਦੇ ਸੰਪਰਕ ਵਿੱਚ ਆਉਂਦਿਆਂ ਹੀ ਇੱਕ ਵੱਡੇ ਬੰਬ ਵਰਗੇ ਧਮਾਕੇ ਦਾ ਰੂਪ ਲੈ ਲਿਆ। ਧਮਾਕਾ ਇੰਨਾ ਭਿਆਨਕ ਸੀ ਕਿ ਇਸ ਦੀ ਗੂੰਜ ਕਾਫ਼ੀ ਦੂਰ ਤੱਕ ਸੁਣਾਈ ਦਿੱਤੀ ਅਤੇ ਪੂਰੇ ਗੋਦਾਮ ਵਿੱਚ ਭਿਆਨਕ ਅੱਗ ਫੈਲ ਗਈ।
ਵੀਡੀਓ ਬਣਾ ਰਹੇ ਮਾਲਕ ਲਪੇਚ ਵਿਚ ਆਇਆ
ਦੱਸਿਆ ਜਾ ਰਿਹਾ ਹੈ ਕਿ ਗੋਦਾਮ ਮਾਲਕ ਡੀ.ਕੇ. ਭੱਲਾ ਮੋਬਾਈਲ ਫ਼ੋਨ ‘ਤੇ ਟੈਂਕਰ ਨੂੰ ਕੱਟੇ ਜਾਣ ਦੇ ਕੰਮ ਦੀ ਵੀਡੀਓ ਰਿਕਾਰਡ ਕਰ ਰਹੇ ਸਨ। ਇਸੇ ਦੌਰਾਨ ਹੋਏ ਭਿਆਨਕ ਵਿਸਫੋਟ ਦੀ ਸਿੱਧੀ ਲਪੇਟ ਵਿੱਚ ਆਉਣ ਕਾਰਨ ਉਨ੍ਹਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਇਸ ਦੇ ਨਾਲ ਹੀ ਨੇੜੇ ਕੰਮ ਕਰ ਰਹੇ ਮਜ਼ਦੂਰ ਉੱਛਲੇ ਗਰਮ ਤਾਰਕੋਲ ਅਤੇ ਅੱਗ ਦੀਆਂ ਲਪਟਾਂ ਕਾਰਨ ਬੁਰੀ ਤਰ੍ਹਾਂ ਸੜ ਗਏ।
ਜ਼ਖ਼ਮੀਆਂ ਦੀ ਸ਼ਨਾਖ਼ਤ ਬਰਜੇਸ਼ (32), ਦਸ਼ਰਥ ਯਾਦਵ ਪੁੱਤਰ ਜੋਗਿੰਦਰ ਯਾਦਵ, ਪੂਨਮ ਦੇਵੀ ਪਤਨੀ ਦਸ਼ਰਥ ਯਾਦਵ ਅਤੇ ਇੰਦਰ ਕੁਮਾਰ ਪੁੱਤਰ ਰਾਮਰਸੀਲੇ ਵਜੋਂ ਹੋਈ ਹੈ। ਹਾਦਸੇ ਤੋਂ ਤੁਰੰਤ ਬਾਅਦ ਸਾਰਿਆਂ ਨੂੰ ਮੰਡੀ ਗੋਬਿੰਦਗੜ੍ਹ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਗੰਭੀਰ ਹਾਲਤ ਕਾਰਨ ਉਨ੍ਹਾਂ ਨੂੰ ਪਟਿਆਲਾ ਅਤੇ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ। ਜ਼ਖ਼ਮੀ ਬਰਜੇਸ਼ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ।
ਫ਼ਾਇਰ ਬ੍ਰਿਗੇਡ ਨੇ ਪਾਇਆ ਅੱਗ ‘ਤੇ ਕਾਬੂ
ਘਟਨਾ ਦੀ ਸੂਚਨਾ ਮਿਲਦੇ ਹੀ ਫ਼ਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਮੁਲਾਜ਼ਮਾਂ ਨੇ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਇਸ ਵੱਡੇ ਹਾਦਸੇ ਨੇ ਉਦਯੋਗਿਕ ਇਕਾਈਆਂ ਅਤੇ ਸਕ੍ਰੈਪ ਗੋਦਾਮਾਂ ਵਿੱਚ ਜਲਣਸ਼ੀਲ ਵਸਤਾਂ ਦੀ ਸਾਂਭ-ਸੰਭਾਲ ਅਤੇ ਮਜ਼ਦੂਰਾਂ ਦੀ ਜਾਨੀ ਸੁਰੱਖਿਆ ਦੇ ਪ੍ਰਬੰਧਾਂ ‘ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ।
ਇਹ ਵੀ ਪੜ੍ਹੋ
ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਦੇ ਡਾਕਟਰਾਂ ਨੇ ਦੱਸਿਆ ਕਿ ਹਾਦਸੇ ਉਪਰੰਤ ਕੁੱਲ ਪੰਜ ਪੀੜਤਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ, ਜਿਨ੍ਹਾਂ ਵਿੱਚੋਂ ਗੋਦਾਮ ਮਾਲਕ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇੱਕ ਗੰਭੀਰ ਜ਼ਖ਼ਮੀ ਮਜ਼ਦੂਰ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕੀਤਾ ਗਿਆ ਹੈ, ਜਦਕਿ ਔਰਤ ਸਮੇਤ ਤਿੰਨ ਹੋਰ ਮਜ਼ਦੂਰਾਂ ਨੂੰ ਬਿਹਤਰ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਭੇਜਿਆ ਗਿਆ ਹੈ।
ਗੋਦਾਮ ਕੋਲ ਨਹੀਂ ਸੀ ਫ਼ਾਇਰ NOC
ਦੂਜੇ ਪਾਸੇ, ਫ਼ਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਖ਼ੁਲਾਸਾ ਕੀਤਾ ਹੈ ਕਿ ਉਕਤ ਸਕ੍ਰੈਪ ਗੋਦਾਮ ਕੋਲ ਫ਼ਾਇਰ ਸੇਫ਼ਟੀ ਸਬੰਧੀ ਲੋੜੀਂਦੀ ਐੱਨ.ਓ.ਸੀ. (NOC) ਮੌਜੂਦ ਨਹੀਂ ਸੀ। ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕਾਨੂੰਨ ਅਨੁਸਾਰ ਬਣਦੀ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
