Nabha Jail Break: ਨਾਭਾ ਜੇਲ੍ਹ ਬ੍ਰੇਕ ਮਾਮਲੇ ‘ਚ 22 ਦੋਸ਼ੀ, 6 ਬਰੀ, ਕੱਲ੍ਹ ਹੋਵੇਗਾ ਸਜਾ ਦਾ ਐਲਾਨ
Nabha Jail Break ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਵਿੱਤ ਕੁੱਲ 12 ਲੋਕਾਂ ਦਾ ਹੱਥ ਸੀ, ਜਿਨ੍ਹਾਂ ਵਿੱਚੋਂ ਦੋ ਨੂੰ ਪੰਜਾਬ ਪੁਲਿਸ ਨੇ ਐਨਕਾਊਂਟਰ ਦੌਰਾਨ ਮਾਰ ਮੁਕਾਇਆ ਸੀ, ਜਦਕਿ ਕੇਐਲਐਫ ਮੁਖੀ ਹਰਮਿੰਦਰ ਸਿੰਘ ਮਿੰਟੂ ਦੀ 2018 ਵਿਚ ਜੇਲ੍ਹ ਵਿਚ ਮੌਤ ਹੋ ਗਈ ਸੀ।

ਪਟਿਆਲਾ ਨਿਊਜ: 2016 ਦੇ ਨਾਭਾ ਜੇਲ੍ਹ ਬ੍ਰੇਕ (Nabha Jail Break) ਮਾਮਲੇ ਵਿੱਚ ਅਦਾਲਤ ਵੱਲੋਂ ਫੈਸਲਾ ਸੁਣਾ ਦਿੱਤਾ ਗਿਆ। ਇਸ ਮਾਮਲੇ ਵਿੱਚ ਅਦਾਲਤ ਨੇ 22 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਜਦਕਿ ਸਬੂਤਾਂ ਦੀ ਘਾਟ ਕਰਕੇ 6 ਨੂੰ ਬਰੀ ਕਰ ਦਿੱਤਾ ਗਿਆ ਹੈ। ਪਟਿਆਲਾ ਅਦਾਲਤ ਦੇ ਵਧੀਕ ਸੈਸ਼ਨ ਜੱਜ ਐੱਚਐੱਸ ਗਰੇਵਾਲ ਵੱਲੋਂ ਸਾਰੇ ਦੋਸ਼ੀਆਂ ਨੂੰ ਕੱਲ੍ਹ ਫੈਸਲਾ ਸੁਣਾਇਆ ਜਾਵੇਗਾ।
ਹਾਈ ਸਿਕਿਉਰਿਟੀ ਜੇਲ੍ਹ ਦੇ ਗੇਟਾਂ ‘ਤੇ ਵਰ੍ਹਾਈਆਂ ਸਨ ਗੋਲੀਆਂ
ਜੇਲ੍ਹ ਬ੍ਰੇਕ ਦਾ ਇਹ ਮਾਮਲਾ ਸਾਲ 2016 ਦਾ ਹੈ। ਉਸ ਵੇਲ੍ਹੇ ਨਾਭਾ ਦੀ ਹਾਈ ਸਿਕਿਉਰਿਟੀ ਜੇਲ੍ਹ ਦੇ ਗੇਟਾਂ ‘ਤੇ ਕੁਝ ਲੋਕ ਲਗਜ਼ਰੀ ਗੱਡੀਆਂ ‘ਤੇ ਸਵਾਰ ਹੋ ਕੇ ਆਏ ਅਤੇ ਆਉਂਦਿਆਂ ਹੀ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ ਸਨ। ਇਸ ਦੌਰਾਨ ਉਹ ਜੇਲ੍ਹ ਵਿਚ ਬੰਦ ਆਪਣੇ ਕੈਦੀ ਸਾਥੀਆਂ ਨੂੰ ਛੁੜਵਾ ਕੇ ਫ਼ਰਾਰ ਹੋ ਗਏ।
ਵਾਰਦਾਤ ਤੋਂ ਪਹਿਲਾਂ ਕੀਤੀ ਗਈ ਸੀ ਯੋਜਨਾਬੰਦੀ
ਜੇਲ੍ਹ ਬ੍ਰੇਕ ਦੀ ਵਾਰਦਾਤ ਨੂੰ ਅੰਜਾਮ ਦੇਣ ਨੂੰ ਲੈ ਕੇ ਪਹਿਲਾਂ ਹੀ ਸਾਰੇ ਦੋਸ਼ੀਆਂ ਅਤੇ ਜੇਲ੍ਹ ਵਿੱਚ ਬੰਦ ਕੈਦੀਆਂ ਵਿਚਾਲੇ ਪੂਰੀ ਯੋਜਨਾਬੰਦੀ ਕੀਤੀ ਗਈ ਸੀ। ਜਿਸ ਵੇਲ੍ਹੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਉਸ ਵੇਲ੍ਹੇ ਗੁਰਪ੍ਰੀਤ ਸੇਖੋਂ, ਵਿੱਕੀ ਗੌਂਡਰ ਨਾਲ ਫ਼ਰਾਰ ਹੋਣ ਵਾਲੇ ਸਾਰੇ ਕੈਦੀ ਹਰ ਐਤਵਾਰ ਨੂੰ ਜੇਲ੍ਹ ਵਿੱਚ ਲੱਗਣ ਵਾਲੇ ਲੰਗਰ ਦੇ ਨਾਮ ‘ਤੇ ਮੁੱਖ ਗੇਟ ‘ਤੇ ਇਕੱਠੇ ਹੋਏ ਸਨ। ਇਸੇ ਦੌਰਾਨ ਪੁਲਿਸ ਦੀ ਵਰਦੀ ਵਿਚ ਆਏ ਲੋਕਾਂ ਨੇ ਜੇਲ੍ਹ ‘ਤੇ ਹਮਲਾ ਕਰ ਦਿੱਤਾ ਅਤੇ ਆਪਣੇ ਛੇ ਕੈਦੀ ਸਾਥੀਆਂ ਨੂੰ ਲੈ ਕੇ ਫ਼ਰਾਰ ਹੋ ਗਏ ਸਨ।