Pathankot : ਪਠਾਨਕੋਟ ‘ਚ ਦੋ ਬਜ਼ੁਰਗ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਬਿਜਲੀ ਦੇ ਟਾਵਰ ‘ਤੇ ਚੜੇ
Old man on Tower: ਰੁਜ਼ਗਾਰ ਦੀ ਮੰਗ ਨੂੰ ਲੈ ਕੇ ਦੋਵੇਂ ਬਜ਼ੁਰਗ ਇਸ ਤੋਂ ਪਹਿਲਾਂ ਮਾਧੋਪੁਰ, ਪਠਾਨਕੋਟ ਸਿਟੀ, ਜੁਗਿਆਲ ਅਤੇ ਸ਼ਾਹਪੁਰ ਕੰਢੀ ਦੇ ਟਾਵਰਾਂ ਤੇ ਕਈ ਦਿਨ ਬਿਤਾ ਚੁੱਕੇ ਹਨ। ਪਰ ਇਸਦੇ ਬਾਵਜੂਦ ਹੱਲ ਨਹੀਂ ਹੋਇਆ ਮੰਗਲਵਾਰ-ਬੁੱਧਵਾਰ ਦੀ ਵਿਚਕਾਰਲੀ ਰਾਤ ਨੂੰ ਉਕਤ ਦੋਵੇਂ ਬਜ਼ੁਰਗ ਟਾਵਰ 'ਤੇ ਚੜ੍ਹ ਗਏ।
ਪਠਾਨਕੋਟ। ਇੱਕ ਪਾਸੇ ਪੰਜਾਬ ਸਰਕਾਰ ਘਰ ਘਰ ਨੌਕਰੀ ਦੇਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ। ਉੱਥੇ ਕੁਝ ਪਰਿਵਾਰ ਅਜਿਹੇ ਹਨ ਜੋ ਪਿਛਲੇ ਲੰਬੇ ਸਮੇਂ ਤੋਂ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ। ਇਸੇ ਤਰ੍ਹਾਂ ਪਰਿਵਾਰ ਲਈ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਦੋ ਬਜ਼ੁਰਗ ਮਾਧੋਪੁਰ ਡੀਸੀ ਨਿਵਾਸ ਨੇੜੇ ਪਿੰਡ ਸਿੰਦੂਰੀ ਵਿਖੇ 200 ਫੁੱਟ ਉੱਚੇ ਬਿਜਲੀ ਦੇ ਟਾਵਰ (Power Towers) ਤੇ ਚੜ੍ਹ ਗਏ। ਟਾਵਰ ‘ਤੇ ਚੜ੍ਹਨ ਵਾਲਿਆਂ ‘ਚ 87 ਸਾਲਾ ਸ਼ਰਮ ਸਿੰਘ ਅਤੇ 81 ਸਾਲਾ ਕੁਲਵਿੰਦਰ ਸਿੰਘ ਸ਼ਾਮਲ ਹਨ।
ਪਹਿਲਾਂ ਵੀ ਕਈ ਵਾਰ ਟਾਵਰਾਂ ‘ਤੇ ਚੜ੍ਹ ਕੇ ਜਤਾ ਚੁੱਕੇ ਹਨ ਰੋਸ
ਦੋਵੇਂ ਬਜ਼ੁਰਗ ਇਸ ਤੋਂ ਪਹਿਲਾਂ ਡੀਸੀ ਦਫ਼ਤਰ ਮਾਧੋਪੁਰ, ਪਠਾਨਕੋਟ ਸਿਟੀ, ਜੁਗਿਆਲ ਅਤੇ ਸ਼ਾਹਪੁਰ ਕੰਢੀ ਦੇ ਟਾਵਰਾਂ ਤੇ ਕਈ ਦਿਨ ਬਿਤਾ ਚੁੱਕੇ ਹਨ।ਮੰਗਲਵਾਰ-ਬੁੱਧਵਾਰ ਦੀ ਵਿਚਕਾਰਲੀ ਰਾਤ ਨੂੰ ਉਕਤ ਦੋਵੇਂ ਬਜ਼ੁਰਗ ਟਾਵਰ ‘ਤੇ ਚੜ੍ਹ ਗਏ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਟਾਵਰ ਦੇ ਹੇਠਾਂ ਭਾਰੀ ਪੁਲਿਸ ਫੋਰਸ ਮੌਜੂਦ ਹੈ ਪਰ ਦੋਵੇਂ ਹੇਠਾਂ ਆਉਣ ਨੂੰ ਤਿਆਰ ਨਹੀਂ ਹਨ। ਥਾਣਾ ਸ਼ਾਹਪੁਰ ਕੰਢੀ ਦੇ ਐਸਐਚਓ ਵੀ ਮੌਕੇ ਤੇ ਮੌਜੂਦ ਹਨ।
ਡੈਮ ਬਨਾਉਣ ਲਈ ਸਰਕਾਰ ਨੇ ਜ਼ਮੀਨ ਕੀਤੀ ਸੀ ਐਕਵਾਇਰ
ਸ਼ਰਮ ਸਿੰਘ ਅਤੇ ਕੁਲਵਿੰਦਰ ਸਿੰਘ ਉਨ੍ਹਾਂ ਪਰਿਵਾਰਾਂ ਵਿੱਚ ਸ਼ਾਮਿਲ ਹਨ ਜਿਨ੍ਹਾਂ ਦੀ ਜ਼ਮੀਨ ਜ਼ਿਲ੍ਹਾ ਪਠਾਨਕੋਟ ਦੇ ਪ੍ਰਾਜੈਕਟ ਤੇ ਰਣਜੀਤ ਸਾਗਰ ਡੈਮ ਦੇ ਲਈ ਸਰਕਾਰ ਵੱਲੋਂ ਲਈਆਂ ਗਈਆਂ ਸਨ ਅਤੇ ਇਨ੍ਹਾਂ ਜ਼ਮੀਨਾਂ ਦੇ ਬਦਲੇ ਸਰਕਾਰੀ ਨੌਕਰੀ ਦੇਣ ਦੀ ਗੱਲ ਕਹੀ ਗਈ ਸੀ। ਪਰ ਅੱਜ ਕਈ ਸਾਲ ਬੀਤ ਜਾਣ ਦੇ ਦੇ ਬਾਅਦ ਵੀ ਇਨ੍ਹਾਂ ਲੋਕਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਗਿਆ। ਬੈਰਾਜ ਡੈਮ (Barrage Dam) ਲਈ ਉਜਾੜੇ ਗਏ ਲੋਕਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਫਰਜ਼ੀ ਲੋਕਾਂ ਨੂੰ ਰੁਜ਼ਗਾਰ ਦਿੱਤਾ ਗਿਆ ਅਤੇ ਜੋ ਯੋਗ ਸਨ ਉਨ੍ਹਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਗਿਆ।ਬੈਰਾਜ ਡੈਮ ਯੂਨੀਅਨ ਦੇ ਪ੍ਰਧਾਨ ਦਿਆਲ ਸਿੰਘ ਦਾ ਕਹਿਣਾ ਹੈ ਕਿ ਦੋਵੇਂ ਬਜ਼ੁਰਗ ਇਸ ਮੰਗ ‘ਤੇ ਅੜੇ ਹਨ ਕਿ ਜਦੋਂ ਤੱਕ ਉਨ੍ਹਾਂ ਦੇ ਪਰਿਵਾਰਾਂ ਵਿੱਚੋਂ ਇੱਕ ਨੂੰ ਰੁਜ਼ਗਾਰ ਨਹੀਂ ਮਿਲਦਾ, ਉਹ ਟਾਵਰ ‘ਤੇ ਡਟੇ ਰਹਿਣਗੇ। ਜੇਕਰ ਉਨ੍ਹਾਂ ਨੂੰ ਇਸ ਲਈ ਆਪਣੀ ਜਾਨ ਵੀ ਦੇਣੀ ਪਵੇ ਤਾਂ ਉਹ ਪਿੱਛੇ ਨਹੀਂ ਹਟਣਗੇ। ਦੱਸਿਆ ਜਾ ਰਿਹਾ ਹੈ ਕਿ ਹੋਰ ਉੱਚ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਰਹੇ ਹਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ