ਸਰਕਾਰੀ ਹਸਪਤਾਲ ਨੇ ਕੀਤਾ ਇਨਕਾਰ ਤਾਂ ਔਰਤ ਨੇ ਭਰੇ ਬਾਜ਼ਾਰ ‘ਚ ਰਿਕਸ਼ੇ ‘ਤੇ ਦਿੱਤਾ ਬੱਚੇ ਨੂੰ ਜਨਮ
ਹਸਪਤਾਲ ਦੀ ਲਾਪਰਵਾਹੀ ਸਾਹਮਣੇ ਆਉਣ ਤੋਂ ਬਾਅਦ ਸਿਵਲ ਸਰਜਨ ਨੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਐਸਐਮਓ ਨੂੰ ਕੇਸ ਦੀ ਸਹੀ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ ਹੈ। ਜੇਕਰ ਹਸਪਤਾਲ ਦੇ ਸਟਾਫ਼ ਜਾਂ ਕਿਸੇ ਡਾਕਟਰ ਵੱਲੋਂ ਔਰਤ ਦੇ ਇਲਾਜ ਵਿੱਚ ਅਣਗਹਿਲੀ ਪਾਈ ਗਈ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪਠਾਨਕੋਟ ਦਾ ਸਿਵਲ ਹਸਪਤਾਲ ਇੱਕ ਵਾਰ ਮੁੜ ਤੋਂ ਸਵਾਲਾ ਵਿੱਚ ਹੈ। ਹਸਪਤਾਲ ਦੀ ਲਾਪਰਵਾਹੀ ਕਰਕੇ ਇੱਕ ਔਰਤ ਨੂੰ ਭਰੇ ਬਾਜ਼ਾਰ ਵਿੱਚ ਹੀ ਬੱਚੇ ਨੂੰ ਜਨਮ ਦੇਣਾ ਪਿਆ। ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਹਰਕਤ ਵਿੱਚ ਆਏ ਹਸਪਤਾਲ ਪ੍ਰਸ਼ਾਸਨ ਨੇ ਸਬੰਧਤ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ।
ਦਰਅਸਲ, ਗਰੀਬ ਪਰਿਵਾਰ ਦੀ ਔਰਤ ਨੂੰ ਡਿਲੀਵਰੀ ਲਈ ਹਸਪਤਾਲ ਪਹੁੰਚੀ ਸੀ, ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਜੱਚਾ-ਬੱਚਾ ਵਿੱਚੋਂ ਇੱਕ ਨੂੰ ਹੀ ਬਚਾਇਆ ਜਾ ਸਕਦਾ ਹੈ। ਪੈਸੇ ਨਾ ਹੋਣ ਕਾਰਨ ਜਦੋਂ ਪਰਿਵਾਰ ਵਾਲੇ ਔਰਤ ਨੂੰ ਸਾਈਕਲ ਰਿਕਸ਼ਾ ‘ਤੇ ਘਰ ਲੈ ਕੇ ਜਾਣ ਲੱਗੇ ਤਾਂ ਭਰੇ ਬਾਜ਼ਾਰ ਵਿੱਚ ਹੀ ਉਸ ਨੇ ਬੱਚੇ ਨੂੰ ਜਨਮ ਦਿੱਤਾ। ਹਾਲਾਂਕਿ, ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ।
ਕੀ ਹੈ ਪੂਰਾ ਮਾਮਲਾ ?
ਇਹ ਮਾਮਲਾ ਬੀਤੀ ਇੱਕ ਸਤੰਬਰ ਦਾ ਹੈ। ਉਸ ਦਿਨ ਸ਼ਾਮ ਨੂੰ ਸਰਨਾ ਦੀ ਰਹਿਣ ਵਾਲੀ ਜੋਤੀ ਕੁਮਾਰੀ ਆਪਣੀ ਸੱਸ ਨਾਲ ਡਿਲੀਵਰੀ ਲਈ ਸਿਵਲ ਹਸਪਤਾਲ ਪਹੁੰਚੀ। ਉਥੇ ਮੌਜੂਦ ਸਟਾਫ ਨੇ ਉਨ੍ਹਾਂ ਨੂੰ ਇਹ ਕਹਿ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਕਿ ਉਸਦਾ ਕੇਸ ਬਹੁਤ ਖਰਾਬ ਹੈ, ਇਸ ਲਈ ਅਸੀਂ ਡਿਲੀਵਰੀ ਨਹੀਂ ਕਰ ਸਕਦੇ। ਜੋਤੀ ਨੇ ਦੱਸਿਆ ਕਿ ਜਦੋਂ ਉਹ ਹਸਪਤਾਲ ਪਹੁੰਚੀ ਤਾਂ ਉਥੇ ਮੌਜੂਦ ਸਟਾਫ ਨੇ ਸਭ ਤੋਂ ਪਹਿਲਾਂ ਉਸ ਨੂੰ ਅਲਟਰਾਸਾਊਂਡ ਕਰਨ ਲਈ ਕਿਹਾ। ਜਦੋਂ ਉਹ ਅਲਟਰਾਸਾਊਂਡ ਕਰਵਾ ਕੇ ਵਾਪਸ ਸਟਾਫ ਕੋਲ ਆਏ ਤਾਂ ਰਿਪੋਰਟ ਦੇਖ ਕੇ ਉਨ੍ਹਾਂ ਨੇ ਉਸ ਨੂੰ ਅੰਮ੍ਰਿਤਸਰ ਲੈ ਜਾਣ ਲਈ ਕਿਹਾ।
ਮਾਮਲੇ ਦੀ ਜਾਂਚ ਦਾ ਭਰੋਸਾ
ਮਾਮਲਾ ਭਖਿਆ ਤਾਂ ਸਿਵਲ ਸਰਜਨ ਅਦਿਤੀ ਸਲਾਰੀਆ ਸਾਹਮਣੇ ਆਈ ਅਤੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਐਸਐਮਓ ਨੂੰ ਕੇਸ ਦੀ ਸਹੀ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ ਹੈ। ਜੇਕਰ ਹਸਪਤਾਲ ਦੇ ਸਟਾਫ਼ ਜਾਂ ਕਿਸੇ ਡਾਕਟਰ ਵੱਲੋਂ ਔਰਤ ਦੇ ਇਲਾਜ ਵਿੱਚ ਅਣਗਹਿਲੀ ਪਾਈ ਗਈ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।