ਬਠਿੰਡਾ ਨਗਰ ਨਿਗਮ ‘ਤੇ ਵੀ ਆਮ ਆਦਮੀ ਪਾਰਟੀ ਦਾ ਕਬਜਾ, ਪਦਮਜੀਤ ਸਿੰਘ ਮਹਿਤਾ ਬਣੇ ਮੇਅਰ
Bathinda Nagar Nigam : ਆਮ ਆਦਮੀ ਪਾਰਟੀ ਦੇ ਇਕਲੌਤੇ ਕੌਂਸਲਰ ਪਦਮਜੀਤ ਸਿੰਘ ਮਹਿਤਾ ਬਠਿੰਡਾ ਦੇ ਨਵੇਂ ਮੇਅਰ ਬਣ ਗਏ ਹਨ। ਕਾਂਗਰਸੀ ਕੌਂਸਲਰਾਂ ਦੁਆਰਾ ਕਰਾਸ ਵੋਟਿੰਗ ਦੇ ਕਾਰਨ ਮਹਿਤਾ ਨੇ ਸੀਟ 'ਤੇ ਕਬਜ਼ਾ ਕਰ ਲਿਆ। ਪਦਮਜੀਤ ਸਿੰਘ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਦੇ ਬੇਟੇ ਹਨ।

ਬਠਿੰਡਾ ਨਗਰ ਨਿਗਮ ਤੇ ਵੀ ਆਮ ਆਦਮੀ ਪਾਰਟੀ ਦਾ ਕਬਜਾ ਹੋ ਗਿਆ ਹੈ। ਪਾਰਟੀ ਦੇ ਇਕਲੌਤੇ ਕੌਂਸਲਰ ਪਦਮਜੀਤ ਸਿੰਘ ਮਹਿਤਾ ਬਠਿੰਡਾ ਦੇ ਨਵੇਂ ਮੇਅਰ ਬਣ ਗਏ ਹਨ। ਕਾਂਗਰਸੀ ਕੌਂਸਲਰਾਂ ਦੁਆਰਾ ਕਰਾਸ ਵੋਟਿੰਗ ਦੇ ਕਾਰਨ ਮਹਿਤਾ ਨੇ ਸੀਟ ‘ਤੇ ਕਬਜ਼ਾ ਕਰ ਲਿਆ। ਕਾਂਗਰਸੀ ਕੌਂਸਲਰਾਂ ਨੇ ਹੱਥ ਖੜ੍ਹੇ ਕਰਕੇ ਪਦਮਜੀਤ ਦੇ ਹੱਕ ਵਿੱਚ ਵੋਟ ਪਾਈ। ਉਨ੍ਹਾਂ ਨੂੰ 50 ਚੋਂ 35 ਵੋਟਾਂ ਪਈਆਂ ਹਨ। ਦੱਸ ਦੇਈਏ ਕਿ ਮਹਿਤਾ ਵਾਰਡ ਨੰਬਰ 48 ਤੋਂ ਕੌਂਸਲਰ ਹਨ।
‘ਆਪ’ ਦੇ ਇਕਲੌਤੇ ਕੌਂਸਲਰ ਨੇ ਪੇਸ਼ ਕੀਤੀ ਚੁਣੌਤੀ
ਵਾਰਡ ਨੰਬਰ 48 ਤੋਂ ਚੁਣੇ ਗਏ ਮਹਿਤਾ ਪੂਰੀ ਕਾਂਗਰਸ ‘ਤੇ ਭਾਰੀ ਪੈਂਦੇ ਦਿਖਾਈ ਦਿੱਤੇ। 5 ਮਹੀਨੇ ਪਹਿਲਾਂ ਕਾਂਗਰਸ ਕੋਲ 28 ਕੌਂਸਲਰ ਸਨ, ਪਰ ਹੁਣ ਇਨ੍ਹਾਂ ਦੀ ਗਿਣਤੀ ਘੱਟ ਕੇ ਅੱਧੀ ਰਹਿ ਗਈ ਹੈ, ਜਿਸ ਨਾਲ ‘ਆਪ’ ਮਜ਼ਬੂਤ ਹੋ ਗਈ। ਬਠਿੰਡਾ ਨਗਰ ਨਿਗਮ ਵਿੱਚ ਕੁੱਲ 50 ਵਾਰਡ ਹਨ, ਜਿਨ੍ਹਾਂ ਵਿੱਚੋਂ ਪਿਛਲੀ ਵਾਰ ਕਾਂਗਰਸ ਨੇ 43 ਤੇ ਜਿੱਤ ਹਾਸਿਲ ਕੀਤੀ ਸੀ। 55 ਸਾਲਾਂ ਵਿੱਚ ਪਹਿਲੀ ਵਾਰ ਕਾਂਗਰਸ ਨੇ ਮੇਅਰ ਦਾ ਅਹੁਦਾ ਜਿੱਤਿਆ ਸੀ, ਜਿਸਦਾ ਸਿਹਰਾ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਜਾਂਦਾ ਹੈ। ਪਰ ਹੁਣ ਇਸ ਤੇ ਆਮ ਆਦਮੀ ਪਾਰਟੀ ਦਾ ਕਬਜਾ ਹੋ ਗਿਆ ਹੈ।
ਇਨ੍ਹਾਂ ਨਗਰ ਨਿਗਮਾਂ ‘ਤੇ ਵੀ AAP ਦਾ ਕਬਜ਼ਾ
ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਪਟਿਆਲਾ, ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਦੇ ਨਗਰ ਨਿਗਮਾਂ ਵਿੱਚ ਵੀ ਆਮ ਆਦਮੀ ਪਾਰਟੀ ਦੇ ਮੇਅਰ ਹੀ ਜਿੱਤ ਹਾਸਿਲ ਕਰਨ ਵਿੱਚ ਸਫਲ ਰਹੇ ਹਨ।
ਜਲੰਧਰ ਵਿੱਚ ਆਮ ਆਦਮੀ ਪਾਰਟੀ ਦੇ ਵਿਨੀਤ ਧੀਰ ਨੂੰ ਕੁੱਲ 46 ਕੌਂਸਲਰਾਂ ਦਾ ਸਮਰਥਨ ਮਿਲਿਆ। ਪਾਰਟੀ ਵੱਲੋਂ ਵਾਰਡ ਨੰਬਰ 62 ਤੋਂ ਕੌਂਸਲਰ ਚੁਣੇ ਗਏ ਵਿਨੀਤ ਧੀਰ ਨੂੰ ਸ਼ਹਿਰ ਦਾ ਮੇਅਰ ਬਣਾਇਆ ਹੈ।
ਪਟਿਆਲਾ ਵਿੱਚ ਵੀ ਆਮ ਆਦਮੀ ਪਾਰਟੀ (AAP) ਆਪਣਾ ਮੇਅਰ ਬਣਾਉਣ ਵਿੱਚ ਸਫਲ ਰਹੀ ਹੈ। ਇੱਥੇ ਕੁੰਦਨ ਗੋਗੀਆ ਨੂੰ ਸਰਬਸੰਮਤੀ ਨਾਲ ਮੇਅਰ ਚੁਣਿਆ ਗਿਆ। ਜਦਕਿ ਹਰਿੰਦਰ ਕੋਲੀ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਜਗਦੀਪ ਜੱਗਾ ਨੂੰ ਡਿਪਟੀ ਮੇਅਰ ਚੁਣਿਆ ਗਿਆ ।
ਇਹ ਵੀ ਪੜ੍ਹੋ
ਅੰਮ੍ਰਿਤਸਰ ਨਗਰ ਨਿਗਮ ਵਿੱਚ ਵੀ ਆਮ ਆਦਮੀ ਪਾਰਟੀ ਵੱਲੋਂ ਜਤਿੰਦਰ ਸਿੰਘ ਮੋਤੀ ਭਾਟੀਆ ਨੂੰ ਮੇਅਰ ਐਲਾਨਿਆ ਗਿਆ। ਕੌਂਸਲਰ ਪ੍ਰਿਯੰਕਾ ਸ਼ਰਮਾ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਅਨੀਤਾ ਨੂੰ ਡਿਪਟੀ ਮੇਅਰ ਐਲਾਨਿਆ ਗਿਆ।
ਲੁਧਿਆਣਾ ਨਗਰ ਨਿਗਮ ਦੀ ਗੱਲ ਕਰੀਏ ਤਾਂ ਇੱਥੇ ਹਾਲਾਂਕਿ ਆਮ ਆਦਮੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ ਸੀ ਪਰ ਫਿਰ ਵੀ ਪਾਰਟੀ ਆਪਣਾ ਮੇਅਰ ਬਣਾਉਣ ਵਿੱਚ ਕਾਮਯਾਬ ਰਹੀ। AAP ਨੇ ਮਹਿਲਾ ਕੌਂਸਲਰ ਇੰਦਰਜੀਤ ਕੌਰ ਨੂੰ ਮੇਅਰ ਬਣਾਇਆ।