Amritpal Singh: ਪਿਸਤੌਲ ਤਾਣੀ, ਜਾਨੋਂ ਮਾਰਨ ਦੀ ਦਿੱਤੀ ਧਮਕੀ… ਅੰਮ੍ਰਿਤਪਾਲ ਸਿੰਘ ਦੇ ਖਿਲਾਫ ਇੱਕ ਹੋਰ FIR
FIR On Amritpal Singh: ਅੰਮ੍ਰਿਤਪਾਲ ਸਿੰਘ ਖਿਲਾਫਇੱਕ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਹੈ। ਉਹ 18 ਮਾਰਚ ਦੀ ਸ਼ਾਮ ਨੂੰ ਔਰਤ ਦੇ ਘਰ ਜ਼ਬਰਦਸਤੀ ਦਾਖਲ ਹੋਇਆ ਸੀ ਅਤੇ ਉਸ ਦੇ ਲੜਕੇ ਨੂੰ ਬੰਦੂਕ ਵਿਖਾ ਕੇ ਧਮਕੀ ਦਿੱਤੀ ਸੀ। ਪੜ੍ਹੋ ਔਰਤ ਦੇ ਸਨਸਨੀਖੇਜ਼ ਖੁਲਾਸੇ. ਗੌਰਵ ਬੱਸੀ ਦੀ ਰਿਪੋਰਟ -
Amritpal Singh: ਖਾਲਿਸਤਾਨ ਸਮਰਥਕ ਅਤੇ ਵਾਰਿਸ ਪੰਜਾਬ ਦੇ (Waris Punjab De) ਸੰਸਥਾ ਦੇ ਭਗੌੜੇ ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਇੱਕ ਹੋਰ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਤੋਂ ਭੱਜਦੇ ਹੋਏ ਉਹ ਸ਼ੇਖੂਪੁਰ ਵਿੱਚ ਇੱਕ ਔਰਤ ਗੁਰਮੀਤ ਕੌਰ ਦੇ ਘਰ ਵਿੱਚ ਜ਼ਬਰਦਸਤੀ ਦਾਖ਼ਲ ਹੋ ਗਿਆ ਸੀ। ਇਸ ਦੌਰਾਨ ਉਸ ਨੇ ਮੂੰਹ ਢੱਕਿਆ ਹੋਇਆ ਸੀ ਅਤੇ ਉਸ ਦਾ ਸਾਥੀ ਪਪਲਪ੍ਰੀਤ ਵੀ ਉਸ ਦੇ ਨਾਲ ਸੀ। ਔਰਤ ਨੇ ਥਾਣਾ ਬਿਲਗਾ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੀ 18 ਮਾਰਚ ਨੂੰ ਸ਼ਾਮ 6 ਵਜੇ ਦੇ ਕਰੀਬ ਦੋ ਨੌਜਵਾਨ ਪਲੈਟੀਨਾ ਬਾਈਕ ‘ਤੇ ਉਸ ਦੇ ਘਰ ਦਾਖਲ ਹੋਏ ਅਤੇ ਧਮਕੀਆਂ ਦਿੰਦੇ ਹੋਏ ਉਸ ਨੂੰ ਕਮਰੇ ‘ਚ ਬੰਦ ਕਰ ਦਿੱਤਾ ਸੀ।
ਔਰਤ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਦੋਵਾਂ ਨੌਜਵਾਨਾਂ ਦੇ ਚਿਹਰੇ ਢਕੇ ਹੋਏ ਸਨ, ਜਿਸ ਕਾਰਨ ਉਹ ਨੌਜਵਾਨਾਂ ਨੂੰ ਪਛਾਣ ਨਹੀਂ ਸਕੀ। ਬਾਅਦ ਵਿੱਚ ਔਰਤ ਦੇ ਲੜਕੇ ਨੇ ਉਸ ਨੂੰ ਅੰਮ੍ਰਿਤਪਾਲ ਸਿੰਘ ਬਾਰੇ ਦੱਸਿਆ। ਪੁਲਿਸ ਨੂੰ ਮਿਲੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਅਤੇ ਪਪਲਪ੍ਰੀਤ ਨੇ ਇੱਕ ਦੂਜੇ ਨਾਲ ਆਪਣੀਆਂ ਜੈਕਟਾਂ ਬਦਲੀਆਂ ਅਤੇ ਉੱਥੋਂ ਚਲੇ ਗਏ। ਔਰਤ ਨੇ ਪੁਲਿਸ ਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਅੰਮ੍ਰਿਤਪਾਲ ਦੇ ਸਾਥੀ ਨੇ ਉਸ ਦੇ ਲੜਕੇ ਦੇ ਸਿਰ ‘ਤੇ ਪਿਸਤੌਲ ਤਾਣ ਕੇ ਚਸ਼ਮੇ, ਮੋਟਰਸਾਈਕਲ, ਸ਼ਾਲ ਅਤੇ ਸਾਫਾ ਮੰਗਿਆ ਤਾਂ ਉਸ ਦੇ ਲੜਕੇ ਨੇ ਉਨ੍ਹਾਂ ਨੂੰ ਸਾਫਾ ਅਤੇ ਚਸ਼ਮਾ ਦੇ ਦਿੱਤਾ।
ਪਰਿਵਾਰ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ
ਪੁਲਿਸ ਨੂੰ ਮਿਲੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਔਰਤ ਦੇ ਲੜਕੇ ਤੋਂ ਸਤਲੁਜ ਦਰਿਆ ਪਾਰ ਕਰਨ ਵਿੱਚ ਮਦਦ ਮੰਗੀ ਅਤੇ ਅਜਿਹਾ ਨਾ ਕਰਨ ਤੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਤੋਂ ਬਾਅਦ ਅੰਮ੍ਰਿਤਪਾਲ ਨੇ ਮੋਟਰ ਸਾਈਕਲ ਉਸਦੇ ਲੜਕੇ ਨੂੰ ਦੇ ਦਿੱਤਾ ਅਤੇ ਉਹ ਉਸ ਨੂੰ ਲੈ ਕੇ ਸਤਲੁਜ ਵੱਲ ਚੱਲ ਪਿਆ। ਬਾਅਦ ‘ਚ ਅੰਮ੍ਰਿਤਪਾਲ ਨੇ ਦਾਰਾਪੁਰ ਨਹਿਰ ਕੋਲ ਮੋਟਰ ਸਾਈਕਲ ਖੜ੍ਹਾ ਕਰ ਦਿੱਤਾ ਅਤੇ ਧਮਕੀ ਦੇਣ ਕਾਰਨ ਉਸ ਦੇ ਲੜਕੇ ਨੇ ਉਸ ਨੂੰ ਦਰਿਆ ਪਾਰ ਕਰਵਾ ਦਿੱਤਾ। ਔਰਤ ਨੇ ਦੱਸਿਆ ਕਿ ਅੰਮ੍ਰਿਤਪਾਲ ਨੇ ਉਸ ਨੂੰ ਪੁਲਿਸ ਨੂੰ ਕੁਝ ਨਾ ਦੱਸਣ ਦੀ ਧਮਕੀ ਦਿੱਤੀ ਸੀ, ਇਸ ਲਈ ਉਹ ਪੁਲਿਸ ਦੇ ਸਾਹਮਣੇ ਨਹੀਂ ਆਈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ