ਮੁੜ ਸਿਆਸਤ ‘ਚ ਐਕਟਿਵ ਹੋਏ ਨਵਜੋਤ ਕੌਰ ਸਿੱਧੂ, ਕਿਹਾ- 2027 ਦੀਆਂ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ
ਨਵਜੋਤ ਕੌਰ ਸਿੱਧੂ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਹ ਕਾਂਗਰਸ ਵਰਕਰਾਂ ਨਾਲ ਮੁਲਾਕਾ ਕਰ ਰਹੀ ਹੈ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਵਿੱਚ ਜੁਟ ਗਈ ਹੈ। ਉਨ੍ਹਾਂ ਨੇ ਨਸ਼ਿਆਂ ਦੇ ਮੁੱਦੇ 'ਤੇ ਵੀ ਚਿੰਤਾ ਪ੍ਰਗਟਾਈ। ਸਿੱਧੂ ਨੇ ਭਰੋਸਾ ਦਿਵਾਇਆ ਕਿ ਉਹ ਆਉਣ ਵਾਲੀਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨਗੇ।

ਅੰਮ੍ਰਿਤਸਰ ਵਿੱਚ ਅੱਜ ਕਾਂਗਰਸ ਲਈ ਚੰਗੀ ਤਸਵੀਰ ਦੇਖਣ ਨੂੰ ਮਿਲੀ ਹੈ। ਨਵਜੋਤ ਕੌਰ ਸਿੱਧੂ ਆਪਣੇ ਹਲਕਾ ਅੰਮ੍ਰਿਤਸਰ ਪੂਰਬੀ ਦੇ ਲੋਕਾਂ ਅਤੇ ਪਾਰਟੀ ਵਰਕਰਾਂ ਨੂੰ ਮਿਲਣ ਪਹੁੰਚੇ। ਇਸ ਮੌਕੇ ਨਵਜੋਤ ਕੌਰ ਸਿੱਧੂ ਅੱਜ ਤਿਲਕ ਨਗਰ ਪਹੁੰਚੀ। ਮੈਡਮ ਸਿੱਧੂ ਨੇ ਕਾਂਗਰਸ ਦੇ ਵਰਕਰਾਂ ਨੂੰ ਮਨਾਉਣ ਅਤੇ ਉਨ੍ਹਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰ ਇੱਕਜੁਟ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ।
2027 ਚੋਣਾਂ ਲਈ ਤਿਆਰੀਆਂ ਕੀਤੀ ਅਰੰਭ
ਇਸ ਮੌਕੇ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ 2027 ਦੀਆਂ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਲਈ ਉਹ ਵਰਕਰਾਂ ਨੂੰ ਮਿਲਣ ਲਈ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਜ਼ਰੂਰ ਜਿੱਤ ਦਰਜ ਕਰਨਗੇ। ਇਸ ਦੌਰਾਨ ਨਵਜੋਤ ਸਿੱਧੂ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਦੀ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਮ ਸੂਚੀ ਵਿੱਚੋਂ ਨਹੀਂ ਹਟਾਇਆ ਗਿਆ ਹੈ। ਉਨ੍ਹਾਂ ਨੇ ਆਈਪੀਐਲ ਸਮਝੌਤੇ ‘ਤੇ ਦਸਤਖ਼ਤ ਕੀਤੇ ਸਨ ਪਰ ਉਹ ਜ਼ਰੂਰ ਚੋਣ ਪ੍ਰਚਾਰ ਕਰਨ ਜਾਣਗੇ। ਉਨ੍ਹਾਂ ਨੇ ਇਹ ਵੀ ਰਣਨੀਤੀ ਤਿਆਰ ਕੀਤੀ ਹੈ ਕਿ ਉਹ ਕਦੋਂ ਅਤੇ ਕਿਸ ਗਲੀ ਵਿੱਚ ਪ੍ਰਚਾਰ ਕਰਨਗੇ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਵੱਡੇ ਮਗਰਮੱਛਾਂ ਨੂੰ ਨਹੀਂ ਫੜਦੀ, ਉਦੋਂ ਤੱਕ ਇਹ ਨਸ਼ਿਆਂ ਦੀ ਦੁਰਵਰਤੋਂ ਖਤਮ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਛੋਟੇ ਲੋਕਾਂ ਨੂੰ ਫੜ ਕੇ ਨਸ਼ਿਆਂ ਦੀ ਦੁਰਵਰਤੋਂ ਖਤਮ ਨਹੀਂ ਹੋ ਸਕਦੀ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜੇਕਰ ਪੰਜਾਬ ਨਾਲ ਲੱਗਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਜਾਣ ਤਾਂ ਹੀ ਕੁਝ ਹੋ ਸਕਦਾ ਹੈ।