ਨਵਜੋਤ ਕੌਰ ਦੇ ‘500 ਕਰੋੜ’ ਵਾਲੇ ਬਿਆਨ ਤੋਂ ਕਾਂਗਰਸ ਦਾ ਕਿਨਾਰਾ, ਭਾਜਪਾ ਬੋਲੀ- ਇਹ ਲੋਕਤੰਤਰ ਦੇ ਦੁਸ਼ਮਣ

Updated On: 

08 Dec 2025 12:35 PM IST

ਨਵਜੋਤ ਕੌਰ ਸਿੱਧੂ ਦੇ "ਮੁੱਖ ਮੰਤਰੀ ਅਹੁਦੇ ਲਈ 500 ਕਰੋੜ" ਵਾਲੇ ਬਿਆਨ ਨੇ ਕਾਂਗਰਸ ਪਾਰਟੀ ਦੇ ਅੰਦਰ ਹੰਗਾਮਾ ਮਚਾ ਦਿੱਤਾ ਹੈ। ਪਾਰਟੀ ਨੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ, ਇਸ ਨੂੰ ਝੂਠ ਦੱਸਿਆ ਹੈ ਤੇ ਕਿਹਾ ਹੈ ਕਿ ਉਹ ਪੂਰੇ ਬਿਆਨ ਦਾ ਵਿਸ਼ਲੇਸ਼ਣ ਕਰੇਗੀ ਤੇ ਨੋਟਿਸ ਜਾਰੀ ਕਰੇਗੀ। ਇਸ ਦੌਰਾਨ, ਭਾਜਪਾ ਨੇ ਕਾਂਗਰਸ ਪਾਰਟੀ 'ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਂਦੇ ਹੋਏ ਨਿਸ਼ਾਨਾ ਸਾਧਿਆ ਹੈ। ਭਾਜਪਾ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ ਤੇ ਕਾਂਗਰਸ ਇੱਕੋ ਸਿੱਕੇ ਦੇ ਦੋ ਪਹਿਲੂ ਹਨ।

ਨਵਜੋਤ ਕੌਰ ਦੇ 500 ਕਰੋੜ ਵਾਲੇ ਬਿਆਨ ਤੋਂ ਕਾਂਗਰਸ ਦਾ ਕਿਨਾਰਾ, ਭਾਜਪਾ ਬੋਲੀ- ਇਹ ਲੋਕਤੰਤਰ ਦੇ ਦੁਸ਼ਮਣ

ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ

Follow Us On

ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦੇ ਇੱਕ ਬਿਆਨ ਨੇ ਰਾਜਨੀਤਿਕ ਹੰਗਾਮਾ ਛੇੜ ਦਿੱਤਾ ਹੈ। ਸੂਤਰਾਂ ਅਨੁਸਾਰ, ਕਾਂਗਰਸ ਪਾਰਟੀ ਨੇ ਕਿਹਾ ਕਿ ਅਸੀਂ ਬਿਆਨ ਸੁਣਿਆ ਹੈ, ਪਰ ਸਾਨੂੰ ਪੂਰਾ ਬਿਆਨ ਸੁਣਨ ਦੀ ਲੋੜ ਹੈ ਤੇ ਅਸੀਂ ਇਸ ਦਾ ਵਿਸ਼ਲੇਸ਼ਣ ਜ਼ਰੂਰ ਕਰਾਂਗੇ। ਅਸੀਂ 500 ਕਰੋੜ ਰੁਪਏ ਬਾਰੇ ਉਨ੍ਹਾਂ ਦੇ ਬਿਆਨ ਨਾਲ ਸਹਿਮਤ ਨਹੀਂ ਹਾਂ। ਇਹ ਪੂਰੀ ਤਰ੍ਹਾਂ ਝੂਠਾ ਹੈ ਤੇ ਅਸੀਂ ਸਥਾਪਿਤ ਪ੍ਰਕਿਰਿਆ ਅਨੁਸਾਰ ਮੁੱਖ ਮੰਤਰੀ ਦੀ ਚੋਣ ਕਰਦੇ ਹਾਂ।

ਕਾਂਗਰਸ ਸੂਤਰਾਂ ਨੇ ਕਿਹਾ ਕਿ ਉਹ ਸਥਾਨਕ ਰਾਜਨੀਤੀ ਕਾਰਨ ਅਲੱਗ-ਥਲੱਗ ਮਹਿਸੂਸ ਕਰ ਸਕਦੀ ਹੈ, ਪਰ ਇੱਕ ਪਾਰਟੀ ਦੇ ਤੌਰ ‘ਤੇ, ਅਸੀਂ ਪਾਰਟੀ ਲਈ ਕੰਮ ਕਰਨ ਲਈ ਕਿਸੇ ਵੀ ਪੂਰਵ-ਸ਼ਰਤ ਨੂੰ ਸਵੀਕਾਰ ਨਹੀਂ ਕਰਦੇ। ਅਸੀਂ ਪੂਰੇ ਬਿਆਨ ਦਾ ਵਿਸ਼ਲੇਸ਼ਣ ਕਰਾਂਗੇ ਅਤੇ, ਜੇ ਲੋੜ ਪਈ, ਤਾਂ ਇਹ ਪਤਾ ਲਗਾਉਣ ਲਈ ਇੱਕ ਨੋਟਿਸ ਜਾਰੀ ਕਰਾਂਗੇ ਕਿ ਉਹ ਅਸਲ ਚ ਕੀ ਕਹਿਣਾ ਚਾਹੁੰਦੀ ਸੀ।

ਭ੍ਰਿਸ਼ਟਾਚਾਰ ਤੇ ਕਾਂਗਰਸ ਇੱਕੋ ਸਿੱਕੇ ਦੇ ਦੋ ਪਹਿਲੂ- ਭਾਜਪਾ

ਇਸ ਦੌਰਾਨ, ਭਾਜਪਾ ਨੇ ਨਵਜੋਤ ਕੌਰ ਸਿੱਧੂ ਦੀ ਟਿੱਪਣੀ ‘ਤੇ ਕਾਂਗਰ ਨੂੰ ਘੇਰਿਆ। ਭਾਜਪਾ ਸੰਸਦ ਮੈਂਬਰ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ ਕਿ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਨੇ ਬਹੁਤ ਗੰਭੀਰ ਦੋਸ਼ ਲਗਾਇਆ ਹੈ ਕਿ ਜਦੋਂ ਤੱਕ ਤੁਸੀਂ ਕਾਂਗਰਸ ਚ ਮੁੱਖ ਮੰਤਰੀ ਦੇ ਅਹੁਦੇ ਲਈ 500 ਕਰੋੜ ਰੁਪਏ ਨਹੀਂ ਦਿੰਦੇ, ਇਹ ਅਹੁਦਾ ਪ੍ਰਾਪਤ ਕਰਨਾ ਅਸੰਭਵ ਹੈ।

ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ, ਕਿਉਂਕਿ ਇਹ ਲੋਕ ਪਾਰਟੀ ਦੇ ਅੰਦਰ ਤੇ ਬਾਹਰ ਦੋਵੇਂ ਪਾਸੇ ਲੋਕਤੰਤਰ ਦੇ ਦੁਸ਼ਮਣ ਹਨ। ਦੇਸ਼ ਤੇ ਪਾਰਟੀ ਦਾ ਸੰਵਿਧਾਨ ਉਨ੍ਹਾਂ ਦੇ ਹੱਥਾਂ ਚ ਸੁਰੱਖਿਅਤ ਨਹੀਂ ਹੈ। ਭ੍ਰਿਸ਼ਟਾਚਾਰ ਤੇ ਕਾਂਗਰਸ ਇੱਕੋ ਸਿੱਕੇ ਦੇ ਦੋ ਪਹਿਲੂ ਹਨ।

ਕਾਂਗਰਸ ਨੇ ਡਾਕੂ ਬਿਠਾਏ ਹਨ- ਸੁਨੀਲ ਜਾਖੜ

ਨਵਜੋਤ ਕੌਰ ਸਿੱਧੂ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ, “ਮੈਂ ਸੁਣਿਆ ਹੈ ਕਿ ਕਾਂਗਰਸ ਪਾਰਟੀ ਚ ਇੱਕ ਮੁੱਖ ਮੰਤਰੀ ਨੇ ਮੁੱਖ ਮੰਤਰੀ ਬਣਨ ਲਈ 350 ਕਰੋੜ ਰੁਪਏ ਦਿੱਤੇ ਸਨ। ਮੈਂ ਉਸ ਨੇਤਾ ਦਾ ਨਾਮ ਨਹੀਂ ਲਵਾਂਗਾ, ਪਰ ਕਾਂਗਰਸ ਨੇ ਡਾਕੂ ਬਿਠਾਏ ਹਨ।

ਉਨ੍ਹਾਂ ਕਿਹਾ ਕਿ ਬੀਬਾ ਜੀ (ਅੰਬਿਕਾ ਸੋਨੀ), ਜਿਨ੍ਹਾਂ ਨੇ ਕਿਹਾ ਸੀ ਕਿ ਪੰਜਾਬ ਚ ਇੱਕ ਹਿੰਦੂ ਮੁੱਖ ਮੰਤਰੀ ਨਹੀਂ ਬਣ ਸਕਦਾ ਤੇ ਜਿਨ੍ਹਾਂ ਨੇ 300 ਤੋਂ 500 ਕਰੋੜ ਰੁਪਏ ਲਏ, ਉਹ ਸਾਰੇ ਕਾਂਗਰਸ ਪਾਰਟੀ ਚ ਹਨ। ਇਹ ਧਿਆਨ ਦੇਣ ਯੋਗ ਹੈ ਕਿ ਸੁਨੀਲ ਜਾਖੜ ਪਹਿਲਾਂ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਵਜੋਂ ਸੇਵਾ ਨਿਭਾ ਚੁੱਕੇ ਹਨ।

ਦਰਅਸਲ, ਜਦੋਂ ਕਾਂਗਰਸ ਹਾਈਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਤੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਨਿਯੁਕਤ ਕੀਤਾ ਤਾਂ ਅਗਲੇ ਮੁੱਖ ਮੰਤਰੀ ਲਈ ਸੁਨੀਲ ਜਾਖੜ ਦਾ ਨਾਮ ਲਗਭਗ ਫਾਈਨਲ ਹੋ ਗਿਆ ਸੀ, ਪਰ ਅੰਬਿਕਾ ਸੋਨੀ ਨੇ ਰਾਹੁਲ ਗਾਂਧੀ ਕੋਲ ਵਿਰੋਧ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵਜੋਂ ਇੱਕ ਹਿੰਦੂ ਨੂੰ ਨਿਯੁਕਤ ਕਰਨਾ ਅਣਉਚਿਤ ਹੋਵੇਗਾ ਤੇ ਇਸੇ ਲਈ ਜਾਖੜ ਆਪਣੇ ਬਿਆਨ ਚ ਅੰਬਿਕਾ ਸੋਨੀ ਦਾ ਜ਼ਿਕਰ ਕਰ ਰਹੇ ਸਨ।