SGPC ਪ੍ਰਧਾਨ ਧਾਮੀ ਨੇ ਦੇਸੀ ਨਵੇਂ ਸਾਲ ਦੀ ਵਧਾਈ ਦਿੰਦਿਆਂ ਸਣਾਏ ਸਖ਼ਤ ਫੈਸਲੇ, ਡਿਊਟੀ ‘ਚ ਲਾਪਰਵਾਹੀ ਕੀਤੀ ਤਾਂ ਸਿੱਧਾ ਹੋਵੇਗੀ ਛੁੱਟੀ
ਨਾਨਕਸ਼ਾਹੀ ਸੰਮਤ 558 ਅਤੇ ਦੇਸੀ ਨਵੇਂ ਸਾਲ ਦੇ ਸ਼ੁਭ ਅਵਸਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਸਥਾ ਦੇ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਜਿੱਥੇ ਨਵੇਂ ਸਾਲ ਦੀ ਵਧਾਈ ਦਿੱਤੀ, ਉੱਥੇ ਹੀ ਪ੍ਰਬੰਧਕੀ ਸੁਧਾਰਾਂ ਅਤੇ ਅਨੁਸ਼ਾਸਨ ਨੂੰ ਲੈ ਕੇ ਕਈ ਸਖ਼ਤ ਫੈਸਲੇ ਸੁਣਾਏ ਹਨ।
SGPC ਪ੍ਰਧਾਨ ਧਾਮੀ ਨੇ ਦੇਸੀ ਨਵੇਂ ਸਾਲ ਦੀ ਵਧਾਈ ਦਿੰਦਿਆਂ ਸਣਾਏ ਕਈ ਸਖ਼ਤ ਫੈਸਲੇ
ਨਾਨਕਸ਼ਾਹੀ ਸੰਮਤ 558 ਅਤੇ ਦੇਸੀ ਨਵੇਂ ਸਾਲ ਦੇ ਸ਼ੁਭ ਅਵਸਰ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਸਥਾ ਦੇ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਜਿੱਥੇ ਨਵੇਂ ਸਾਲ ਦੀ ਵਧਾਈ ਦਿੱਤੀ, ਉੱਥੇ ਹੀ ਪ੍ਰਬੰਧਕੀ ਸੁਧਾਰਾਂ ਅਤੇ ਅਨੁਸ਼ਾਸਨ ਨੂੰ ਲੈ ਕੇ ਕਈ ਸਖ਼ਤ ਫੈਸਲੇ ਸੁਣਾਏ ਹਨ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਹ ਸੰਸਥਾ ਗੁਰੂ ਸਾਹਿਬ ਦੇ ਪ੍ਰਚਾਰ-ਪ੍ਰਸਾਰ ਲਈ ਸਮਰਪਿਤ ਹੈ, ਨਾ ਕਿ ਸਿਰਫ਼ ਨੌਕਰੀਆਂ ਹਾਸਲ ਕਰਨ ਦਾ ਇੱਕ ਜ਼ਰੀਆ।
ਡਿਊਟੀ ਤੋਂ ਪਹਿਲਾਂ ਜਾਪ ਅਤੇ ਅਰਦਾਸ ਲਾਜ਼ਮੀ
ਪ੍ਰਧਾਨ ਧਾਮੀ ਨੇ ਨਵੇਂ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਹੁਣ ਤੋਂ ਸਮੂਹ ਦਫ਼ਤਰਾਂ, ਸੈਕਸ਼ਨ 85 ਦੇ ਗੁਰਦੁਆਰਿਆਂ ਅਤੇ ਵਿਦਿਅਕ ਸੰਸਥਾਵਾਂ ਵਿੱਚ ਡਿਊਟੀ ਦੀ ਸ਼ੁਰੂਆਤ ਪੰਜ ਵਾਰ ਮੂਲ ਮੰਤਰ ਅਤੇ ਗੁਰਮੰਤਰ ਦੇ ਜਾਪ ਨਾਲ ਕੀਤੀ ਜਾਵੇਗੀ। ਇਸ ਉਪਰੰਤ ਸੰਸਥਾ ਦੀ ਚੜ੍ਹਦੀ ਕਲਾ ਅਤੇ ਅੰਦਰੂਨੀ ਈਰਖਾ ਦੇ ਖਾਤਮੇ ਲਈ ਅਰਦਾਸ ਕੀਤੀ ਜਾਵੇਗੀ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਕਿਹਾ ਕਿ ਹਰ ਰੋਜ਼ ਅਰਦਾਸ ਕਰਨ ਵਾਲਾ ਸੇਵਾਦਾਰ ਬਦਲਿਆ ਜਾਵੇਗਾ ਤਾਂ ਜੋ ਹਰ ਮੁਲਾਜ਼ਮ ਦੀ ਸ਼ਮੂਲੀਅਤ ਯਕੀਨੀ ਹੋ ਸਕੇ। ਇਸ ਪੂਰੀ ਪ੍ਰਕਿਰਿਆ ਦੀ ਰਿਪੋਰਟ ਰੋਜ਼ਾਨਾ ਵਟਸਐਪ ਰਾਹੀਂ ਮੁੱਖ ਦਫ਼ਤਰ ਨੂੰ ਭੇਜੀ ਜਾਵੇਗੀ।
ਮੁਲਾਜ਼ਮਾਂ ਲਈ ਡਰੈੱਸ ਕੋਡ ਅਤੇ ਅਨੁਸ਼ਾਸਨ ਦੇ ਨਿਯਮ
ਸੰਸਥਾ ਦੀ ਮਰਯਾਦਾ ਨੂੰ ਬਰਕਰਾਰ ਰੱਖਣ ਲਈ ਐਡਵੋਕੇਟ ਧਾਮੀ ਨੇ ਸਾਰੇ ਸਟਾਫ਼ ਅਤੇ ਸਕੱਤਰਾਂ ਨੂੰ ਹਫ਼ਤੇ ਵਿੱਚ ਘੱਟੋ-ਘੱਟ ਤਿੰਨ ਦਿਨ ‘ਕਮੀਜ਼-ਪਜਾਮਾ’ ਪਹਿਨ ਕੇ ਦਫ਼ਤਰ ਆਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਇੱਕ ਜਾਬਤੇ ਵਿੱਚ ਰਹਿਣਾ ਚਾਹੀਦਾ ਹੈ।
ਗੈਰ-ਹਾਜ਼ਰੀ ਅਤੇ ਲੇਟ-ਲਤੀਫ਼ੀ ਨੂੰ ਰੋਕਣ ਲਈ ਬਾਇਓਮੈਟ੍ਰਿਕ ਹਾਜ਼ਰੀ ਦੀ ਸਖ਼ਤੀ ਨਾਲ ਨਿਗਰਾਨੀ ਕੀਤੀ ਜਾਵੇਗੀ। ਉਨ੍ਹਾਂ ਮੀਰੀ-ਪੀਰੀ ਅਤੇ ਯੂਨੀਵਰਸਿਟੀ ਸਮੇਤ ਸਾਰੇ ਟਰਸਟਾਂ ਤੋਂ ਹਰ ਮਹੀਨੇ ਮੁਲਾਜ਼ਮਾਂ ਦੀ ਹਾਜ਼ਰੀ ਰਿਪੋਰਟ ਮੰਗੀ ਹੈ।
ਸਿਫ਼ਾਰਸ਼ਾਂ ਕਰਵਾਉਣ ਵਾਲਿਆਂ ਨੂੰ ਸਖ਼ਤ ਚੇਤਾਵਨੀ
ਪ੍ਰਧਾਨ ਨੇ ਮੁਲਾਜ਼ਮਾਂ ਵੱਲੋਂ ਮੈਂਬਰਾਂ ਰਾਹੀਂ ਕਰਵਾਈਆਂ ਜਾਂਦੀਆਂ ਸਿਫ਼ਾਰਸ਼ਾਂ ‘ਤੇ ਡੂੰਘੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਕਈ ਮੁਲਾਜ਼ਮ ਪ੍ਰਬੰਧਕੀ ਨਿਯਮਾਂ ਦੀ ਉਲੰਘਣਾ ਕਰਕੇ ਦੋਹਰੀ ਪ੍ਰਮੋਸ਼ਨ ਲੈਣ ਲਈ ਮੈਂਬਰਾਂ ਤੋਂ ਦਬਾਅ ਪਵਾਉਂਦੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਜਿਹਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਗਲਤੀਆਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪਹਿਲੀ ਗਲਤੀ ਮੁਆਫ਼ ਹੋ ਸਕਦੀ ਹੈ, ਪਰ ਦੂਜੀ ਗਲਤੀ ਕਰਨ ਵਾਲੇ ਨੂੰ ਸਿੱਧਾ ਘਰ ਭੇਜ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ
ਮੁਲਾਜ਼ਮਾਂ ਲਈ 4 ਫੀਸਦੀ DA ਦਾ ਐਲਾਨ
ਅਨੁਸ਼ਾਸਨ ਦੇ ਨਾਲ-ਨਾਲ ਪ੍ਰਧਾਨ ਧਾਮੀ ਨੇ ਮੁਲਾਜ਼ਮਾਂ ਦੀ ਭਲਾਈ ਲਈ ਵੀ ਵੱਡਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ 1 ਅਪ੍ਰੈਲ ਤੋਂ ਸਾਰੇ ਮੁਲਾਜ਼ਮਾਂ ਨੂੰ 4 ਫੀਸਦੀ ਮਹਿੰਗਾਈ ਭੱਤਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਘੱਟ ਤਨਖ਼ਾਹ ਵਾਲੇ ਮੁਲਾਜ਼ਮਾਂ ਲਈ ਇੱਕ ਵਿਸ਼ੇਸ਼ ਟੇਬਲ ਤਿਆਰ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਵੱਧ ਵਿੱਤੀ ਰਾਹਤ ਦਿੱਤੀ ਜਾ ਸਕੇ ਅਤੇ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਸੁਖਾਲਾ ਹੋ ਸਕੇ। ਅੰਤ ਵਿੱਚ ਉਨ੍ਹਾਂ ਸਮੂਹ ਮੁਲਾਜ਼ਮਾਂ ਨੂੰ ਸੰਸਥਾ ਦੇ ਵਫ਼ਾਦਾਰ ਬਣਨ ਦੀ ਅਪੀਲ ਕਰਦਿਆਂ ਨਵੇਂ ਸਾਲ ਅਤੇ ਸ਼ਹੀਦਾਂ ਦੀਆਂ ਸ਼ਤਾਬਦੀਆਂ ਦੀ ਵਧਾਈ ਦਿੱਤੀ।
