MP ਅੰਮ੍ਰਿਤਪਾਲ ਸਿੰਘ ਦੀ ਦਾਦੀ ਦਾ ਦੇਹਾਂਤ, ਕੁਝ ਦਿਨ ਪਹਿਲਾਂ ਵੀਡੀਓ ਕਾਲ ‘ਤੇ ਹੋਈ ਸੀ ਗੱਲਬਾਤ, 10 ਮਿੰਟ ਦਾ ਮਿਲਿਆ ਸੀ ਸਮਾਂ
ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਦਾਦੀ ਦਾ ਦੇਹਾਂਤ ਹੋ ਗਿਆ ਹੈ। ਜਿਸ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਬੀਤੇ ਦਿਨ ਹੀ, ਅੰਮ੍ਰਿਤਪਾਲ ਸਿੰਘ ਨੇ ਅਦਾਲਤ ਦੇ ਹੁਕਮਾਂ ਤੋਂ ਬਾਅਦ ਜੇਲ੍ਹ ਤੋਂ 10 ਮਿੰਟ ਦੀ ਵੀਡੀਓ ਕਾਲ ਰਾਹੀਂ ਆਪਣੀ ਦਾਦੀ ਨਾਲ ਗੱਲ ਕੀਤੀ। ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ।
ਤਰਨਤਾਰਨ ਦੇ ਖਡੂਰ ਸਾਹਿਬ ਤੋਂ ਖਾਲਿਸਤਾਨ ਪੱਖੀ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਨ ਕੌਰ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਦੀ ਦੇਹ ਉਨ੍ਹਾਂ ਦੇ ਜੱਦੀ ਪਿੰਡ ਜੱਲੂਪੁਰ ਖੇੜਾ (ਅੰਮ੍ਰਿਤਸਰ) ਵਿੱਚ ਰੱਖੀ ਗਈ ਹੈ। ਕੁਝ ਦਿਨ ਪਹਿਲਾਂ ਹੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਕੈਦ ਅੰਮ੍ਰਿਤਪਾਲ ਸਿੰਘ ਨੇ ਉਨ੍ਹਾਂ ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ ਸੀ।
ਇਹ ਗੱਲਬਾਤ ਅੰਮ੍ਰਿਤਸਰ ਅਦਾਲਤ ਦੇ ਹੁਕਮਾਂ ਤੋਂ ਬਾਅਦ ਹੋਈ। ਅੰਮ੍ਰਿਤਪਾਲ ਸਿੰਘ ਦੇ ਵਕੀਲਾਂ ਨੇ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕਰਕੇ ਉਨ੍ਹਾਂ ਦੀ ਬਿਮਾਰ ਦਾਦੀ ਚਰਨ ਕੌਰ ਨਾਲ ਗੱਲ ਕਰਨ ਦੀ ਇਜਾਜ਼ਤ ਮੰਗੀ ਸੀ, ਜੋ 85 ਸਾਲਾਂ ਦੀ ਸੀ ਅਤੇ ਲੰਬੇ ਸਮੇਂ ਤੋਂ ਬਿਮਾਰ ਸੀ।
ਜਾਣੋ ਕਿਉਂ ਹੋਈ ਸੀ ਅੰਮ੍ਰਿਤਪਾਲ ਦੀ ਗ੍ਰਿਫ਼ਤਾਰ
24 ਫਰਵਰੀ, 2023 ਨੂੰ ਅੰਮ੍ਰਿਤਸਰ ਦੇ ਅਜਨਾਲਾ ਪੁਲਿਸ ਸਟੇਸ਼ਨ ਵਿੱਚ ਅੰਮ੍ਰਿਤਪਾਲ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ, ਜਦੋਂ ਉਨ੍ਹਾਂ ਨੇ ਆਪਣੇ ਸਮਰਥਕਾਂ ਨਾਲ ਮਿਲ ਕੇ ਪੁਲਿਸ ਸਟੇਸ਼ਨ ‘ਤੇ ਹਮਲਾ ਕੀਤਾ ਅਤੇ ਇੱਕ ਸਾਥੀ ਨੂੰ ਛੁਡਾ ਲਿਆ। ਫਿਰ ਉਹ ਲਗਭਗ ਇੱਕ ਮਹੀਨਾ ਫਰਾਰ ਰਹੇ ਅਤੇ 23 ਅਪ੍ਰੈਲ, 2023 ਨੂੰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਦੀ ਗ੍ਰਿਫਤਾਰੀ ਤੋਂ ਬਾਅਦ, ਅੰਮ੍ਰਿਤਪਾਲ NSA ਦੇ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ।
ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜੇਗੀ ਅੰਮ੍ਰਿਤਪਾਲ ਦੀ ਪਾਰਟੀ
ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ, ਅਕਾਲੀ ਦਲ (ਵਾਰਿਸ਼ ਪੰਜਾਬ ਦੇ), 2027 ਵਿੱਚ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਲੜੇਗੀ। ਪਾਰਟੀ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਕੁਝ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।


