ਮੋਹਾਲੀ ਕਤਲ ਕਾਂਡ: ਮੁਲਜ਼ਮ ਦਾ ਘਰ ਮਿਲਿਆ ਬੰਦ, ਮ੍ਰਿਤਕ ਡਿੰਪਲ ਦੇ ਪਿਤਾ ਨੇ ਦਿੱਤਾ ਕੀ ਬਿਆਨ?
ਮੋਹਾਲੀ ਦਫ਼ਤਰ ਕਤਲ ਕਾਂਡ ਦੇ ਮਾਮਲੇ 'ਚ ਜਦੋਂ ਮੁੱਖ ਮੁਲਜ਼ਮ ਹਰਜਿੰਦਰ ਸਿੰਘ ਦੇ ਪਟਿਆਲਾ ਸਥਿਤ ਘਰ ਤੱਕ ਪਹੁੰਚ ਕੀਤੀ ਗਈ ਤਾਂ ਗੁਆਂਢੀ ਕਰਮਜੀਤ ਸਿੰਘ ਬਾਜਵਾ ਨੇ ਇਸ ਮਾਮਲੇ 'ਤੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ। ਮੀਡੀਆ ਨਾਲ ਗੱਲ ਕਰਦੇ ਹੋਏ, ਕਰਮਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਹਰਜਿੰਦਰ ਸਿੰਘ ਦਾ ਪਰਿਵਾਰ ਲੰਬੇ ਸਮੇਂ ਤੋਂ ਵਿਦੇਸ਼ 'ਚ ਰਹਿ ਰਿਹਾ ਹੈ।
ਮੋਹਾਲੀ ਦੇ ਫੇਜ਼-11 ਦੇ ਇੱਕ ਪ੍ਰਾਈਵੇਟ ਦਫ਼ਤਰ ‘ਚ ਪ੍ਰੇਮ ਸਬੰਧਾਂ ਦੇ ਚਲਦੇ ਇੱਕ ਲੜਕੇ ਵੱਲੋਂ ਲੜਕੀ ਦਾ ਕਤਲ ਕਰ ਦਿੱਤਾ ਗਿਆ। ਸ਼ੁਰੂਆਤੀ ਜਾਣਕਾਰੀ ਮੁਤਾਬਕ ਦੋਵਾਂ ਵਿਚਕਾਰ 3 ਸਾਲ ਦਾ ਰਿਲੇਸ਼ਨ ਸੀ, ਪਰ ਹਾਲ ਹੀ ‘ਚ ਹੋਏ ਬ੍ਰੇਕਅਪ ਤੋਂ ਬਾਅਦ ਲੜਕਾ ਭੜਕ ਗਿਆ ਤੇ ਬੀਤੀ ਸ਼ਾਮ ਉਸ ਨੇ ਦਫ਼ਤਰ ‘ਚ ਬੈਠੀ ਲੜਕੀ ‘ਤੇ ਚਾਕੂ ਹਮਲਾ ਕਰਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲੜਕੇ ਨੇ ਖ਼ੁਦ ਦੇ ਗਲੇ ‘ਤੇ ਵੀ ਚਾਕੂ ਨਾਲ ਕਈ ਵਾਰ ਕਰਕੇ ਖ਼ੁਦਕੁਸੀ ਕਰਨ ਦੀ ਕੋਸ਼ਿਸ਼ ਕੀਤੀ। ਲੜਕੇ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕ ਲੜਕੀ ਦੀ ਪਹਿਚਾਣ ਡਿੰਪਲ (30 ਸਾਲ) ਤੇ ਮੁਲਜ਼ਮ ਦੀ ਪਹਿਚਾਣ ਹਰਜਿੰਦਰ ਸਿੰਘ (34 ਸਾਲ) ਦੱਸੀ ਜਾ ਰਹੀ ਹੈ। ਦੋਵੇਂ ਪਟਿਆਲਾ ਦੇ ਰਹਿਣ ਵਾਲੇ ਹਨ।
▶️ पंजाब के मोहाली में सनसनीखेज वारदात ▶️ एकतरफा प्यार में युवती को चाकू मारा, मौत #Mohali #Punjab | @karunashankar pic.twitter.com/LTXxQKOyoO
— TV9 Bharatvarsh (@TV9Bharatvarsh) June 5, 2026
ਮੁਲਜ਼ਮ ਦਾ ਪਰਿਵਾਰ ਰਹਿੰਦਾ ਵਿਦੇਸ਼
ਮੋਹਾਲੀ ਦਫ਼ਤਰ ਕਤਲ ਕਾਂਡ ਦੇ ਮਾਮਲੇ ‘ਚ ਜਦੋਂ ਮੁੱਖ ਮੁਲਜ਼ਮ ਹਰਜਿੰਦਰ ਸਿੰਘ ਦੇ ਪਟਿਆਲਾ ਸਥਿਤ ਘਰ ਤੱਕ ਪਹੁੰਚ ਕੀਤੀ ਗਈ ਤਾਂ ਗੁਆਂਢੀ ਕਰਮਜੀਤ ਸਿੰਘ ਬਾਜਵਾ ਨੇ ਇਸ ਮਾਮਲੇ ‘ਤੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ। ਮੀਡੀਆ ਨਾਲ ਗੱਲ ਕਰਦੇ ਹੋਏ, ਕਰਮਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਹਰਜਿੰਦਰ ਸਿੰਘ ਦਾ ਪਰਿਵਾਰ ਲੰਬੇ ਸਮੇਂ ਤੋਂ ਵਿਦੇਸ਼ ‘ਚ ਰਹਿ ਰਿਹਾ ਹੈ। ਉਨ੍ਹਾਂ ਦੱਸਿਆ ਕਿ ਘਰ ਜ਼ਿਆਦਾਤਰ ਸਮਾਂ ਬੰਦ ਰਹਿੰਦਾ ਹੈ, ਲੋਕਾਂ ਦੀ ਨਿਯਮਤ ਆਵਾਜਾਈ ਨਹੀਂ ਹੁੰਦੀ। ਕਦੇ-ਕਦੇ, ਸਫਾਈ ਕਰਮਚਾਰੀ ਘਰ ਦੀ ਸਫਾਈ ਕਰਨ ਆਉਂਦੇ ਹਨ, ਜਿਸ ਤੋਂ ਬਾਅਦ ਘਰ ਨੂੰ ਦੁਬਾਰਾ ਬੰਦ ਕਰ ਦਿੱਤਾ ਜਾਂਦਾ ਹੈ।
ਉਨ੍ਹਾਂ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ ਤੇ ਉਨ੍ਹਾਂ ਨੂੰ ਇਸ ਘਟਨਾ ਬਾਰੇ ਸਿਰਫ਼ ਮੀਡੀਆ ਰਾਹੀਂ ਹੀ ਪਤਾ ਲੱਗਾ। ਬਾਜਵਾ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਹਰਜਿੰਦਰ ਸਿੰਘ ਨੂੰ ਕਦੇ ਵਿਅਕਤੀਗਤ ਤੌਰ ‘ਤੇ ਨਹੀਂ ਦੇਖਿਆ, ਨਾ ਹੀ ਉਨ੍ਹਾਂ ਦਾ ਕਦੇ ਪਰਿਵਾਰ ਨਾਲ ਕੋਈ ਸੰਪਰਕ ਹੋਇਆ। ਗੁਆਂਢੀ ਦੇ ਅਨੁਸਾਰ, ਘਰ ਹਮੇਸ਼ਾ ਸੁੰਨਸਾਨ ਤੇ ਤਾਲਾਬੰਦ ਦਿਖਾਈ ਦਿੰਦਾ ਸੀ। ਉਨ੍ਹਾਂ ਕਿਹਾ ਕਿ ਇਲਾਕੇ ਦੇ ਜ਼ਿਆਦਾਤਰ ਲੋਕਾਂ ਨੂੰ ਪਰਿਵਾਰ ਬਾਰੇ ਜਾਣਕਾਰੀ ਦੀ ਵੀ ਘਾਟ ਹੈ, ਕਿਉਂਕਿ ਉਨ੍ਹਾਂ ਦਾ ਵਿਦੇਸ਼ ‘ਚ ਲੰਬੇ ਸਮੇਂ ਤੋਂ ਨਿਵਾਸ ਹੈ।
ਮੋਹਾਲੀ ਦੇ ਦਫ਼ਤਰ ਕਤਲ ਕਾਂਡ ਦੀ ਮ੍ਰਿਤਕ ਡਿੰਪਲ ਦੇ ਪਿਤਾ ਬਲਵੰਤ ਰਾਏ ਨੇ ਪਟਿਆਲਾ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਈ ਗੰਭੀਰ ਸਵਾਲ ਚੁੱਕੇ ਹਨ। ਉਨ੍ਹਾਂ ਨੇ ਨਾ ਸਿਰਫ਼ ਆਪਣੀ ਧੀ ਨੂੰ ਗੁਆਉਣ ਦਾ ਦੁੱਖ ਪ੍ਰਗਟ ਕੀਤਾ, ਸਗੋਂ ਕੰਪਨੀ ਪ੍ਰਬੰਧਨ ‘ਤੇ ਕਰਮਚਾਰੀਆਂ ਦੀ ਸੁਰੱਖਿਆ ਪ੍ਰਤੀ ਲਾਪਰਵਾਹੀ ਦਾ ਇਲਜ਼ਾਮ ਵੀ ਲਗਾਇਆ।
ਇਹ ਵੀ ਪੜ੍ਹੋ
ਮ੍ਰਿਤਕ ਲੜਕੀ ਦੇ ਪਿਤਾ ਦਾ ਬਿਆਨ
ਭਾਵੁਕ ਬਲਵੰਤ ਰਾਏ ਨੇ ਕਿਹਾ ਕਿ ਪਰਿਵਾਰ ਨੇ ਡਿੰਪਲ ਦੇ ਭਵਿੱਖ ਲਈ ਸੁਪਨੇ ਦੇਖੇ ਸਨ। ਉਸ ਦੇ ਵਿਆਹ ਬਾਰੇ ਚਰਚਾਵਾਂ ਚੱਲ ਰਹੀਆਂ ਸਨ ਤੇ ਪਰਿਵਾਰ ਉਸ ਲਈ ਚੰਗਾ ਰਿਸ਼ਤਾ ਲੱਭਣ ਦੀ ਤਿਆਰੀ ਕਰ ਰਿਹਾ ਸੀ। ਹਾਲਾਂਕਿ, ਕਿਸੇ ਨੂੰ ਵੀ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਸ ਦੀ ਜ਼ਿੰਦਗੀ ‘ਚ ਕੀ ਹੋ ਰਿਹਾ ਹੈ ਜਾਂ ਅਜਿਹੀ ਦੁਖਦਾਈ ਘਟਨਾ ਵਾਪਰੇਗੀ। ਉਨ੍ਹਾਂ ਜ਼ਿਕਰ ਕੀਤਾ ਕਿ ਡਿੰਪਲ ਨੇ ਕਦੇ ਵੀ ਪਰਿਵਾਰ ਨੂੰ ਕਿਸੇ ਪ੍ਰੇਮ ਸਬੰਧ ਬਾਰੇ ਜਾਣਕਾਰੀ ਨਹੀਂ ਦਿੱਤੀ ਸੀ। ਪਰਿਵਾਰ ਨੂੰ ਇਹ ਵੀ ਪਤਾ ਨਹੀਂ ਸੀ ਕਿ ਮਾਮਲੇ ‘ਚ ਸ਼ਾਮਲ ਨੌਜਵਾਨ ਪਟਿਆਲਾ ਦਾ ਰਹਿਣ ਵਾਲਾ ਹੈ।
ਬਲਵੰਤ ਰਾਏ ਨੇ ਕੰਪਨੀ ‘ਤੇ ਵੀ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਟਿੱਪਣੀ ਕੀਤੀ ਕਿ ਜੇਕਰ ਕੰਪਨੀ ਕਰਮਚਾਰੀਆਂ ਦੀ ਸੁਰੱਖਿਆ ਪ੍ਰਤੀ ਪੂਰੀ ਤਰ੍ਹਾਂ ਚੌਕਸ ਰਹਿੰਦੀ ਤੇ ਢੁਕਵੇਂ ਸੁਰੱਖਿਆ ਉਪਾਅ ਰੱਖਦੀ ਤਾਂ ਉਨ੍ਹਾਂ ਦੀ ਧੀ ਅੱਜ ਵੀ ਜ਼ਿੰਦਾ ਹੁੰਦੀ। ਉਨ੍ਹਾਂ ਨੇ ਕਿਹਾ ਕਿ ਕਰਮਚਾਰੀਆਂ ਦੀਆਂ ਖਾਸ ਕਰਕੇ ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਕੰਪਨੀ ਦੀ ਜ਼ਿੰਮੇਵਾਰੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧੀ ਆਪਣਾ ਭਵਿੱਖ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੀ ਸੀ, ਪਰ ਸੁਰੱਖਿਆ ਪ੍ਰਬੰਧਾਂ ‘ਚ ਖਾਮੀਆਂ ਕਾਰਨ ਪਰਿਵਾਰ ਹੁਣ ਉਸ ਨੂੰ ਗੁਆ ਚੁੱਕਾ ਹੈ। ਉਨ੍ਹਾਂ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਤੇ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਲਾਪਰਵਾਹੀ ਲਈ ਜ਼ਿੰਮੇਵਾਰ ਪਾਏ ਜਾਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ।
