ਕਪੂਰਥਲਾ ‘ਚ ਲਾਪਤਾ ਹੋਏ 3 ਨਾਬਾਲਗ ਬੱਚੇ, ਚਿੱਟੀ ਕਾਰ ‘ਚ ਦੇਖੇ ਜਾਣ ਦੀ ਚਰਚਾ; ਪੁਲਿਸ ਕਰ ਰਹੀ CCTV ਦੀ ਜਾਂਚ

Updated On: 

03 Aug 2026 20:47 PM IST

ਕਪੂਰਥਲਾ ਦੇ ਬਾਬਾ ਦੀਪ ਸਿੰਘ ਨਗਰ ਤੋਂ ਇੱਕ ਬੇਹੱਦ ਹੈਰਾਨ ਅਤੇ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੋਂ ਤਿੰਨ ਨਾਬਾਲਗ ਬੱਚੇ ਸ਼ੱਕੀ ਹਾਲਾਤ ਵਿੱਚ ਰਹੱਸਮਈ ਢੰਗ ਨਾਲ ਲਾਪਤਾ ਹੋ ਗਏ ਹਨ। ਲਾਪਤਾ ਹੋਏ ਬੱਚਿਆਂ ਵਿੱਚ ਇੱਕ 13 ਸਾਲਾ ਨਾਬਾਲਗ ਲੜਕੀ ਵੀ ਸ਼ਾਮਲ ਹੈ। ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤਿੰਨੋਂ ਬੱਚੇ ਐਤਵਾਰ ਸ਼ਾਮ ਨੂੰ ਆਪਣੀ ਗਲੀ ਵਿੱਚ ਇਕੱਠੇ ਖੇਡ ਰਹੇ ਸਨ।

ਕਪੂਰਥਲਾ ਚ ਲਾਪਤਾ ਹੋਏ 3 ਨਾਬਾਲਗ ਬੱਚੇ, ਚਿੱਟੀ ਕਾਰ ਚ ਦੇਖੇ ਜਾਣ ਦੀ ਚਰਚਾ; ਪੁਲਿਸ ਕਰ ਰਹੀ CCTV ਦੀ ਜਾਂਚ

ਕਪੂਰਥਲਾ ਦੇ ਬਾਬਾ ਦੀਪ ਸਿੰਘ ਨਗਰ ਤੋਂ ਇੱਕ ਬੇਹੱਦ ਹੈਰਾਨ ਅਤੇ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੋਂ ਤਿੰਨ ਨਾਬਾਲਗ ਬੱਚੇ ਸ਼ੱਕੀ ਹਾਲਾਤ ਵਿੱਚ ਰਹੱਸਮਈ ਢੰਗ ਨਾਲ ਲਾਪਤਾ ਹੋ ਗਏ ਹਨ। ਲਾਪਤਾ ਹੋਏ ਬੱਚਿਆਂ ਵਿੱਚ ਇੱਕ 13 ਸਾਲਾ ਨਾਬਾਲਗ ਲੜਕੀ ਵੀ ਸ਼ਾਮਲ ਹੈ। ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤਿੰਨੋਂ ਬੱਚੇ ਐਤਵਾਰ ਸ਼ਾਮ ਨੂੰ ਆਪਣੀ ਗਲੀ ਵਿੱਚ ਇਕੱਠੇ ਖੇਡ ਰਹੇ ਸਨ। ਜਦੋਂ ਕਾਫ਼ੀ ਦੇਰ ਤੱਕ ਉਹ ਘਰ ਵਾਪਸ ਨਹੀਂ ਪਰਤੇ, ਤਾਂ ਪਰਿਵਾਰ ਨੇ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ। ਆਸ-ਪਾਸ ਅਤੇ ਰਿਸ਼ਤੇਦਾਰਾਂ ਦੇ ਘਰਾਂ ‘ਚ ਕਾਫ਼ੀ ਲੱਭਣ ਤੋਂ ਬਾਅਦ ਵੀ ਜਦੋਂ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ, ਤਾਂ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ।

ਲਾਪਤਾ ਬੱਚਿਆਂ ਦੇ ਵਾਰਸਾਂ ਦਾ ਕਹਿਣਾ ਹੈ ਕਿ ਉਹ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਤਿੰਨੋਂ ਬੱਚੇ ਸਕੂਲ ਨਹੀਂ ਜਾਂਦੇ ਸਨ ਅਤੇ ਘਰ ਦੇ ਕੰਮਕਾਜ ਵਿੱਚ ਹੀ ਮਦਦ ਕਰਵਾਉਂਦੇ ਸਨ। ਪਰਿਵਾਰਕ ਮੈਂਬਰਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਜਾਂ ਰੰਜਿਸ਼ ਨਹੀਂ ਹੈ। ਇਸੇ ਦੌਰਾਨ ਪਰਿਵਾਰ ਨੂੰ ਕਿਸੇ ਵਿਅਕਤੀ ਤੋਂ ਸੂਚਨਾ ਮਿਲੀ ਹੈ ਕਿ ਤਿੰਨਾਂ ਬੱਚਿਆਂ ਨੂੰ ਫਗਵਾੜਾ ਦੇ ਨੇੜੇ ਇੱਕ ਚਿੱਟੇ ਰੰਗ ਦੀ ਗੱਡੀ (ਕਾਰ) ਵਿੱਚ ਦੇਖਿਆ ਗਿਆ ਹੈ। ਇਸ ਜਾਣਕਾਰੀ ਤੋਂ ਬਾਅਦ ਪਰਿਵਾਰ ਵਾਲੇ ਆਪਣੇ ਪੱਧਰ ‘ਤੇ ਵੀ ਫਗਵਾੜਾ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਬੱਚਿਆਂ ਦੀ ਭਾਲ ਵਿੱਚ ਜੁਟੇ ਹੋਏ ਹਨ।

CCTV ਖੰਗਾਲ ਰਹੀ ਪੁਲਿਸ

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ ਹੈ। ਡੀ.ਐਸ.ਪੀ. (ਸਬ-ਡਿਵੀਜ਼ਨ) ਸ਼ੀਤਲ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਸਿਟੀ ਵਿਖੇ ਮਾਮਲਾ ਦਰਜ ਕਰਨ ਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਬੱਚਿਆਂ ਦੇ ਘਰ ਅਤੇ ਆਸ-ਪਾਸ ਦੇ ਪੂਰੇ ਇਲਾਕੇ ਵਿੱਚ ਲੱਗੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਫੁਟੇਜ ਦੀ ਬਾਰੀਕੀ ਨਾਲ ਪੜਤਾਲ ਕਰ ਰਹੀਆਂ ਹਨ, ਤਾਂ ਜੋ ਬੱਚਿਆਂ ਦੀ ਆਵਾਜਾਈ ਅਤੇ ਦਿਸ਼ਾ ਦਾ ਪਤਾ ਲਗਾਇਆ ਜਾ ਸਕੇ।

ਜਲਦ ਸੁਰੱਖਿਅਤ ਬਰਾਮਦਗੀ ਦਾ ਦਿੱਤਾ ਭਰੋਸਾ

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਅਤੇ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਹਰ ਪਹਿਲੂ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਫਗਵਾੜਾ ਤੋਂ ਮਿਲੀ ਸੂਚਨਾ ਅਤੇ ਹੋਰ ਤਮਾਮ ਤੱਥਾਂ ਨੂੰ ਧਿਆਨ ਵਿੱਚ ਰੱਖ ਕੇ ਅਗਲੇਰੀ ਕਾਰਵਾਈ ਵਧਾਈ ਜਾ ਰਹੀ ਹੈ। ਪੁਲਿਸ ਨੇ ਪੀੜਤ ਪਰਿਵਾਰ ਨੂੰ ਦਿਲਾਸਾ ਦਿੰਦਿਆਂ ਪੂਰਾ ਭਰੋਸਾ ਦਿਵਾਇਆ ਹੈ ਕਿ ਜਲਦ ਹੀ ਬੱਚਿਆਂ ਦੀ ਲੋਕੇਸ਼ਨ ਦਾ ਸੁਰਾਗ ਲਗਾ ਕੇ ਉਨ੍ਹਾਂ ਨੂੰ ਸਹੀ-ਸਲਾਮਤ ਅਤੇ ਸੁਰੱਖਿਅਤ ਬਰਾਮਦ ਕਰ ਲਿਆ ਜਾਵੇਗਾ।

Loading...
Unable to load recommendations.
Follow Us