3200 ਏਕੜ ਜ਼ਮੀਨ ਨੂੰ ਮਿਲੇਗੀ ਸਿੰਚਾਈ ਦੀ ਸਹੂਲਤ, ਮੰਤਰੀ ਬਰਿੰਦਰ ਗੋਇਲ ਨੇ ਨਾਰੂ ਨੰਗਲ ਲਿਫ਼ਟ ਸਕੀਮ ਦਾ ਕੀਤਾ ਉਦਘਾਟਨ

Updated On: 

14 Jul 2026 20:06 PM IST

ਨਾਰੂ ਨੰਗਲ ਲਿਫ਼ਟ ਸਕੀਮ ਤਹਿਤ 92 ਕਿਲੋਮੀਟਰ ਲੰਬੀ ਭੂਮੀਗਤ ਪਾਈਪਲਾਈਨ ਵਿਛਾਈ ਗਈ ਹੈ, ਜਿਸ ਰਾਹੀਂ 18 ਪਿੰਡਾਂ ਦੀ ਲਗਭਗ 3,200 ਏਕੜ ਖੇਤੀਯੋਗ ਜ਼ਮੀਨ ਨੂੰ ਸਿੰਚਾਈ ਦੀ ਸੁਵਿਧਾ ਮਿਲੇਗੀ। ਭੂਮੀਗਤ ਪਾਈਪਲਾਈਨ ਪ੍ਰਣਾਲੀ ਨਾਲ ਪਾਣੀ ਦੀ ਬਚਤ ਹੋਵੇਗੀ।

3200 ਏਕੜ ਜ਼ਮੀਨ ਨੂੰ ਮਿਲੇਗੀ ਸਿੰਚਾਈ ਦੀ ਸਹੂਲਤ, ਮੰਤਰੀ ਬਰਿੰਦਰ ਗੋਇਲ ਨੇ ਨਾਰੂ ਨੰਗਲ ਲਿਫ਼ਟ ਸਕੀਮ ਦਾ ਕੀਤਾ ਉਦਘਾਟਨ

ਪੰਜਾਬ ਸਰਕਾਰ ਨੇ ਕੰਢੀ ਖੇਤਰ ਦੇ ਕਿਸਾਨਾਂ ਲਈ ਇੱਕ ਹੋਰ ਵੱਡਾ ਕਦਮ ਚੁੱਕਦਿਆਂ ਨਾਰੂ ਨੰਗਲ ਲਿਫ਼ਟ ਸਕੀਮ ਅਤੇ ਕੰਡੀ ਨਹਿਰ ਸਟੇਜ-2 ਦੇ 330 ਕਿਲੋਵਾਟ ਸੋਲਰ ਪੈਨਲ ਸਿਸਟਮ ਦਾ ਉਦਘਾਟਨ ਕੀਤਾ। ਇਸ ਮੌਕੇ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਦੀ ਮੌਜੂਦਗੀ ਵਿੱਚ ਪਿੰਡ ਬੱਸੀ ਪੁਰਾਣੀ ਵਿਖੇ ਇਸ ਪ੍ਰੋਜੈਕਟ ਨੂੰ ਲੋਕਾਂ ਨੂੰ ਸਮਰਪਿਤ ਕੀਤਾ।

ਇਸ ਯੋਜਨਾ ਤਹਿਤ 92 ਕਿਲੋਮੀਟਰ ਲੰਬੀ ਭੂਮੀਗਤ ਪਾਈਪਲਾਈਨ ਵਿਛਾਈ ਗਈ ਹੈ, ਜਿਸ ਰਾਹੀਂ 18 ਪਿੰਡਾਂ ਦੀ ਲਗਭਗ 3,200 ਏਕੜ ਖੇਤੀਯੋਗ ਜ਼ਮੀਨ ਨੂੰ ਸਿੰਚਾਈ ਦੀ ਸੁਵਿਧਾ ਮਿਲੇਗੀ। ਭੂਮੀਗਤ ਪਾਈਪਲਾਈਨ ਪ੍ਰਣਾਲੀ ਨਾਲ ਪਾਣੀ ਦੀ ਬਚਤ ਹੋਵੇਗੀ। ਸਿੰਚਾਈ ਵਧੇਰੇ ਪ੍ਰਭਾਵਸ਼ਾਲੀ ਬਣੇਗੀ ਅਤੇ ਕਿਸਾਨਾਂ ਨੂੰ ਫਸਲਾਂ ਲਈ ਨਿਯਮਿਤ ਪਾਣੀ ਉਪਲਬਧ ਹੋਵੇਗਾ।

330 ਕਿਲੋਵਾਟ ਸਮਰੱਥਾ ਵਾਲਾ ਸੋਲਰ ਪੈਨਲ ਸਿਸਟਮ ਲਿਫ਼ਟ ਸਕੀਮ ਨੂੰ ਸਾਫ਼ ਅਤੇ ਸਸਤੀ ਊਰਜਾ ਪ੍ਰਦਾਨ ਕਰੇਗਾ। ਜਿਸ ਨਾਲ ਬਿਜਲੀ ਦੇ ਖਰਚੇ ਵਿੱਚ ਕਮੀ ਆਵੇਗੀ ਤੇ ਯੋਜਨਾ ਦਾ ਸੰਚਾਲਨ ਹੋਰ ਟਿਕਾਊ ਬਣੇਗਾ। ਸਰਕਾਰ ਦਾ ਕਹਿਣਾ ਹੈ ਕਿ ਇਹ ਪ੍ਰੋਜੈਕਟ ਕੰਢੀ ਖੇਤਰ ਦੇ ਕਿਸਾਨਾਂ ਲਈ ਲਾਭਦਾਇਕ ਸਾਬਤ ਹੋਵੇਗਾ ਅਤੇ ਖੇਤੀ ਉਤਪਾਦਨ ਵਿੱਚ ਵੀ ਵਾਧਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ।

ਕਿਸਾਨਾਂ ਦੀ ਆਮਦਨ ਵਧਾਉਣਾ ਸਰਕਾਰ ਦੀ ਪ੍ਰਮੁੱਖ ਤਰਜੀਹ

ਇਸ ਮੌਕੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਨੂੰ ਆਧੁਨਿਕ ਸਿੰਚਾਈ ਸਹੂਲਤਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਲ ਸਰੋਤਾਂ ਦੀ ਵਿਗਿਆਨਕ ਅਤੇ ਪ੍ਰਭਾਵਸ਼ਾਲੀ ਵਰਤੋਂ ਯਕੀਨੀ ਬਣਾ ਕੇ ਖੇਤੀ ਦੀ ਲਾਗਤ ਘਟਾਉਣ ਅਤੇ ਕਿਸਾਨਾਂ ਦੀ ਆਮਦਨ ਵਧਾਉਣਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਪੂਰਾ ਯਤਨ ਹੈ ਕਿ ਹਰ ਖੇਤ ਅਤੇ ਟੇਲ ਤੱਕ ਪਾਣੀ ਪਹੁੰਚੇ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਕੰਡੀ ਨਹਿਰ ਦੇ ਆਰ.ਡੀ. 65693 ਮੀਟਰ ‘ਤੇ ਸਥਾਪਿਤ ਨਾਰੂ ਨੰਗਲ ਲਿਫ਼ਟ ਸਕੀਮ ਦਾ ਨਿਰਮਾਣ ਕੰਡੀ ਨਹਿਰ ਦੇ ਖੱਬੇ ਕੰਢੇ ‘ਤੇ ਸਥਿਤ ਉੱਚੇ ਇਲਾਕਿਆਂ ਤੱਕ ਸਿੰਚਾਈ ਦਾ ਪਾਣੀ ਪਹੁੰਚਾਉਣ ਦੇ ਮੰਤਵ ਨਾਲ ਕੀਤਾ ਗਿਆ ਹੈ। ਇਸ ਪ੍ਰੋਜੈਕਟ ਤਹਿਤ 100-100 ਹਾਰਸ ਪਾਵਰ ਦੀਆਂ ਸੱਤ ਮੋਟਰਾਂ ਰਾਹੀਂ ਨਹਿਰ ਦਾ ਪਾਣੀ ਲਗਭਗ 75 ਫੁੱਟ ਦੀ ਉਚਾਈ ਤੱਕ ਚੁੱਕਿਆ ਜਾਂਦਾ ਹੈ। ਇਸ ਤੋਂ ਬਾਅਦ ਭੂਮੀਗਤ ਪਾਈਪਲਾਈਨ ਨੈੱਟਵਰਕ ਰਾਹੀਂ ਗਰੈਵਟੀ ਰਾਹੀਂ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਇਆ ਜਾਂਦਾ ਹੈ।

ਚੱਬੇਵਾਲ ਹਲਕੇ ਦੇ 18 ਪਿੰਡਾਂ ਨੂੰ ਮਿਲੇਗਾ ਲਾਭ

ਉਨ੍ਹਾਂ ਦੱਸਿਆ ਕਿ ਇਸ ਲਿਫ਼ਟ ਸਕੀਮ ਦੇ ਦੋ ਪੜਾਅ ਹਨ। ਜਿਨ੍ਹਾਂ ਦੀ ਕੁੱਲ ਡਿਸਚਾਰਜ ਸਮਰੱਥਾ 20 ਕਿਊਸੈਕ ਹੈ। ਇਸ ਰਾਹੀਂ ਲਗਭਗ 3200 ਏਕੜ ਖੇਤੀਯੋਗ ਜ਼ਮੀਨ ਨੂੰ ਸਿੰਚਾਈ ਦੀ ਸਹੂਲਤ ਦਿੱਤੀ ਜਾ ਰਹੀ ਹੈ। ਪ੍ਰੋਜੈਕਟ ਅਧੀਨ 92 ਕਿਲੋਮੀਟਰ ਲੰਬਾ ਭੂਮੀਗਤ ਪਾਈਪਲਾਈਨ ਨੈੱਟਵਰਕ ਵਿਛਾਇਆ ਗਿਆ ਹੈ। ਜਿਸ ਨਾਲ ਹੁਸ਼ਿਆਰਪੁਰ ਅਤੇ ਚੱਬੇਵਾਲ ਵਿਧਾਨ ਸਭਾ ਹਲਕਿਆਂ ਦੇ 18 ਪਿੰਡਾਂ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਨਾਲ ਸਿੰਚਾਈ ਦਾ ਲਾਭ ਮਿਲ ਰਿਹਾ ਹੈ।

ਬਰਿੰਦਰ ਗੋਇਲ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਬੱਸੀ ਪੁਰਾਣੀ, ਨੰਦਨ, ਬੱਸੀ ਕਿੱਕਰਾਂ, ਜਹਾਨਖੇਲਾਂ, ਮਹਿਲਾਂਵਾਲੀ, ਬੱਸੀ ਹਸਤ ਖ਼ਾਂ, ਬੱਸੀ ਕੁੰਡੀਆਂ, ਬੱਸੀ ਦਾਉਦ ਖ਼ਾਂ, ਨਾਰੂ ਨੰਗਲ, ਕੌਂਡਲਾ, ਅਲੀ ਦੀ ਬੱਸੀ, ਬੈਠੂਲਾ, ਬੱਸੀ ਮੁਸਤਫ਼ਾ, ਬਹਾਦਰਪੁਰ ਬਾਹੀਆਂ, ਨਾਰੂ ਨੰਗਲ ਖ਼ਾਸ, ਧੀਰੋਵਾਲ, ਬੱਸੀ ਅਲੀ ਖ਼ਾਂ ਅਤੇ ਜੰਡੋਲੀ ਸਮੇਤ 18 ਪਿੰਡਾਂ ਦੇ ਕਿਸਾਨਾਂ ਨੂੰ ਸਿੱਧਾ ਲਾਭ ਮਿਲ ਰਿਹਾ ਹੈ।

ਲਿਫ਼ਟ ਸਕੀਮ ‘ਤੇ 540 ਕਿਲੋਵਾਟ ਦਾ ਬਿਜਲੀ ਲੋਡ

ਉਨ੍ਹਾਂ ਦੱਸਿਆ ਕਿ ਲਿਫ਼ਟ ਸਕੀਮ ‘ਤੇ 540 ਕਿਲੋਵਾਟ ਦਾ ਬਿਜਲੀ ਲੋਡ ਹੈ। ਬਿਜਲੀ ਖਰਚ ਵਿੱਚ ਕਮੀ ਲਿਆਉਣ ਅਤੇ ਸਾਫ਼-ਸੁਥਰੀ ਊਰਜਾ ਨੂੰ ਉਤਸ਼ਾਹਿਤ ਕਰਨ ਲਈ 1.42 ਕਰੋੜ ਰੁਪਏ ਦੀ ਲਾਗਤ ਨਾਲ 330 ਕਿਲੋਵਾਟ ਸਮਰੱਥਾ ਵਾਲਾ ਸੋਲਰ ਪੈਨਲ ਸਿਸਟਮ ਸਥਾਪਿਤ ਕੀਤਾ ਗਿਆ ਹੈ। ਇਸ ਨਾਲ ਬਿਜਲੀ ਦੀ ਮਹੱਤਵਪੂਰਨ ਬਚਤ ਹੋਵੇਗੀ। ਪ੍ਰੋਜੈਕਟ ਦੀ ਸੰਚਾਲਨ ਲਾਗਤ ਘਟੇਗੀ ਅਤੇ ਕਿਸਾਨਾਂ ਨੂੰ ਲੰਬੇ ਸਮੇਂ ਤੱਕ ਨਿਰਵਿਘਨ ਸਿੰਚਾਈ ਸਹੂਲਤ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ।

Follow Us