ਸਿੱਧੂ ਮੂਸੇਵਾਲਾ ਕਤਲਕਾਂਡ ਦੀ ਮਾਨਸਾ ਕੋਰਟ ‘ਚ ਸੁਣਵਾਈ, ਵੀਡੀਓ ਕਾਨਫਰੰਸ ਰਾਹੀਂ ਮੁਲਜ਼ਮਾਂ ਦੀ ਪੇਸ਼ੀ, 9 ਅਗਸਤ ਨੂੰ ਤੈਅ ਹੋ ਸਕਦੇ ਨੇ ਦੋਸ਼
ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਬੁੱਧਵਾਰ ਨੂੰ ਮਾਨਸਾ ਕੋਰਟ ਵਿੱਚ ਸੁਣਵਾਈ ਹੋਈ। ਇਸ ਦੌਰਾਨ ਪੁਲਿਸ ਵੱਲੋਂ ਪੇਸ਼ ਚਾਰਜਸ਼ੀਟ ਨੂੰ ਕੋਰਟ ਨੇ ਐਡਮਿਟ ਕਰ ਲਿਆ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 9 ਅਗਸਤ ਨੂੰ ਹੋਵੇਗੀ।

Sidhu Moosewala Murder Case: ਮਸ਼ਹੂਰ ਪੰਜਾਬੀ ਸਿੰਗਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ (Sidhu Moosewala) ਕਤਲ ਕਾਂਡ ਵਿੱਚ ਮਾਨਸਾ ਕੋਰਟ ਨੇ ਬੁੱਧਵਾਰ ਨੂੰ ਚਾਰਜਸ਼ੀਟ ਐਡਮਿਟ ਕਰ ਦਿੱਤੀ ਹੈ। ਕੋਰਟ ਨੇ ਸੁਣਵਾਈ ਤੋਂ ਬਾਅਦ ਫਾਈਲ ਨੂੰ ਸੈਸ਼ਨ ਕੋਰਟ ਵਿੱਚ ਭੇਜ ਦਿੱਤਾ ਹੈ ਤਾਂ ਜੋ ਸਾਰੇ ਮੁਲਜ਼ਮਾਂ ਖਿਲਾਫ ਦੋਸ਼ ਤੈਅ ਕੀਤੇ ਜਾ ਸਕਣ। ਹੁਣ ਆਉਂਦੀ 9 ਅਗਸਤ ਨੂੰ ਅਗਲੀ ਸੁਣਵਾਈ ਦੌਰਾਨ ਸਾਰੇ ਮੁਲਜ਼ਮਾਂ ਖਿਲਾਫ ਦੋਸ਼ ਤੈਅ ਕੀਤੇ ਜਾਣਗੇ।
ਸੁਣਵਾਈ ਦੌਰਾਨ ਸਾਰੇ ਮੁਲਜ਼ਮਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਗਿਆ । ਪੇਸ਼ ਹੋਏ ਮੁਲਜ਼ਮਾਂ ਵਿੱਚ ਇਸ ਕਤਲ ਕੇਸ ਦਾ ਮਾਸਟਰ ਮਾਈਂਡ ਲਾਰੈਂਸ ਬਿਸ਼ਨੋਈ ਅਤੇ ਗੈਂਗਸਟਰ ਜੱਗੂ ਭਗਵਾਨਪੁਰਿਆ ਵੀ ਸ਼ਾਮਲ ਸਨ। ਸਾਰੇ ਮੁਲਜ਼ਮ ਪੰਜਾਬ ਦੀ ਬਠਿੰਡਾ ਜੇਲ੍ਹ, ਗੋਇੰਦਵਾਲ ਸਾਹਿਬ ਜੇਲ੍ਹ ਅਤੇ ਰਾਜਸਥਾਨ ਦੀ ਗੰਗਾਨਗਰ ਜੇਲ੍ਹ ਦੇ ਨਾਲ-ਨਾਲ ਦਿੱਲੀ ਅਤੇ ਹਰਿਆਣਾ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਨ। ਇਸ ਕਰਕੇ ਸਾਰਿਆਂ ਨੂੰ ਫਿਜਿਕਲ ਤੌਰ ਤੇ ਪੇਸ਼ ਕਰਨਾ ਪੁਲਿਸ ਲਈ ਵੱਡੀ ਚੁਣੌਤੀ ਸੀ। ਇਸ ਕਰਕੇ ਕੋਰਟ ਦੇ ਹੁਕਮਾਂ ਅਨੁਸਾਰ, ਪੁਲਿਸ ਨੇ ਸਾਰਿਆਂ ਨੂੰ ਵੀਡੀਓ ਕਾਨਫਰੰਸ ਰਾਹੀਂ ਵਿੱਚ ਪੇਸ਼ ਕੀਤਾ।
ਉੱਧਰ, ਮੂਸੇਵਾਲਾ ਦੇ ਵਕੀਲ ਲਖਵਿੰਦਰ ਸਿੰਘ ਲਖਣਪਾਲ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਮੁਲਜ਼ਮ ਅਤੇ ਗਵਾਹ ਦੋਵੇਂ ਹੀ ਬਹੁਤ ਜਿਆਦਾ ਹਨ, ਇਸ ਕਰਕੇ ਇਸਦਾ ਫੈਸਲਾ ਆਉਣ ਵਿੱਚ ਲੰਬਾ ਸਮਾਂ ਲੱਗ ਸਕਦਾ ਹੈ। ਉਨ੍ਹਾਂ ਕਿਹਾ ਉਹ ਇੱਕ ਪਟੀਸ਼ਟ ਹਾਈਕੋਰਟ ਵਿੱਚ ਮੂਵ ਕਰਕੇ ਇਸ ਮਾਮਲੇ ਵਿੱਚ ਫਾਸਟ ਟਰੈਕ ਕੋਰਟ ਬਣਾਉਣ ਦੀ ਅਪੀਲ ਕਰਨਗੇ। ਉਨ੍ਹਾਂ ਕਿਹਾ ਕਿ ਜੇਕ ਇਸਦੀ ਡੇ ਟੂ ਡੇ ਪੇਸ਼ੀ ਹੋਵੇ ਤਾਂ ਹੀ ਸਾਲ-ਡੇਢ ਸਾਲ ਵਿੱਚ ਇਸਦਾ ਫੈਸਲਾ ਹੋ ਸਕਦਾ ਹੈ।