Sidhu Moosewala: ਪੁੱਤ ਦੀ ਮੌਤ ਦਾ ਇਨਸਾਫ ਮੰਗ ਰਹੇ ਮਾਪਿਆਂ ਨੇ ਮਾਨਸਾ ‘ਚ ਕੱਢਿਆ ਕੈਂਡਲ ਮਾਰਚ, ਸਰਕਾਰ ਖਿਲਾਫ ਜਤਾਇਆ ਗੁੱਸਾ

Updated On: 

31 May 2023 12:46 PM IST

ਚਰਨ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਪਰ ਸਾਜ਼ਿਸ਼ਕਰਤਾ ਅਜੇ ਤੱਕ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ ਅਤੇ ਸਰਕਾਰ ਬੇਵੱਸ ਨਜ਼ਰ ਆ ਰਹੀ ਹੈ।

Sidhu Moosewala: ਪੁੱਤ ਦੀ ਮੌਤ ਦਾ ਇਨਸਾਫ ਮੰਗ ਰਹੇ ਮਾਪਿਆਂ ਨੇ ਮਾਨਸਾ ਚ ਕੱਢਿਆ ਕੈਂਡਲ ਮਾਰਚ, ਸਰਕਾਰ ਖਿਲਾਫ ਜਤਾਇਆ ਗੁੱਸਾ
Follow Us On
ਪੰਜਾਬੀ ਗਾਇਕ ਸੁਭਦੀਪ ਸਿੱਧੂ ਮੂਸੇਵਾਲਾ (Sidhu Moosewala) ਦੇ ਕਤਲ ਨੂੰ ਇੱਕ ਸਾਲ ਪੂਰਾ ਹੋ ਚੁੱਕਾ ਹੈ, ਪਰ ਹਾਲੇ ਤੱਕ ਉਨ੍ਹਾਂ ਦੇ ਮਾਪੇ ਪੁੱਤ ਦੀ ਮੌਤ ਦਾ ਇਨਸਾਫ ਮੰਗ ਰਹੇ ਹਨ। ਇਸ ਨੂੰ ਲੈ ਕੇ ਉਹ ਕਈ ਵਾਰ ਧਰਨੇ ਅਤੇ ਪ੍ਰਦਰਸ਼ਨ ਵੀ ਕਰ ਚੁੱਕੇ ਹਨ। ਇਸੇ ਤਹਿਤ ਮੰਗਲਵਾਰ ਨੂੰ ਵੀ ਉਨ੍ਹਾਂ ਨੇ ਮਾਨਸਾ ਦੇ ਚੌਕ ਤੋਂ ਬੱਸ ਅੱਡਾ ਚੌਕ ਤੱਕ ਕੈਂਡਲ ਮਾਰਚ ਕੱਢ ਕੇ ਸਰਕਾਰ ਖਿਲਾਫ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਇਸ ਕੈਂਡਲ ਮਾਰਚ ਦੌਰਾਨ ਵੱਡੀ ਗਿਣਤੀ ਚ ਲੋਕ ਇਸ ਵਿੱਚ ਸ਼ਾਮਲ ਸਨ। ਸਾਰਿਆਂ ਨੇ ਆਪਣੇ ਹੱਥਾਂ ਵਿੱਚ ਮੂਸੇਵਾਲੇ ਦੀ ਫੋਟੋ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਇਸ ਮੌਕੇ ਲੋਕਾਂ ਨੇ ਸਰਕਾਰ ਖਿਲਾਫ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਰੋਸ ਪ੍ਰਦਰਸ਼ਨ ਦੌਰਾਨ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ, ਜਿਸ ਲਈ ਉਹ ਬੀਤੇ ਇੱਕ ਸਾਲ ਤੋਂ ਲਗਾਤਾਰ ਸੜਕਾਂ ‘ਤੇ ਭਟਕ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਨੂੰ ਘੱਟ ਕਰਨ ਦੀ ਗੱਲ ਸੋਸ਼ਲ ਮੀਡੀਆ ‘ਤੇ ਲੀਕ ਕਰਨ ਵਾਲਿਆਂ ਨੂੰ ਅਜੇ ਤੱਕ ਸਜ਼ਾ ਨਹੀਂ ਮਿਲੀ ਹੈ ਅਤੇ ਨਾ ਹੀ ਉਨ੍ਹਾਂ ਦੇ ਕਾਤਲਾਂ ਖਿਲਾਫ ਕੋਈ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਪੂਰੀ ਦੁਨੀਆਂ ਵਿੱਚ ਪੰਜਾਬ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ, ਪਰ ਉਨ੍ਹਾਂ ਦੀ ਮੌਤ ਦਾ ਵੀ ਇਨਸਾਫ ਨਹੀਂ ਹੋ ਸਕਿਆ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਉਨ੍ਹਾਂ ਦੇ ਪੁੱਤ ਨੂੰ ਇਨਸਾਫ ਨਹੀਂ ਮਿਲਦਾ, ਉਹ ਲਗਾਤਾਰ ਸਰਕਾਰ ਖਿਲਾਫ ਪ੍ਰਦਰਸ਼ਨ ਕਰਦੇ ਰਹਿਣਗੇ। ਦੂਜੇ ਪਾਸੇ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਨੂੰ ਇਨਸਾਫ਼ ਦੇਣ ਲਈ ਨਾ ਤਾਂ ਸੂਬਾ ਸਰਕਾਰ ਅਤੇ ਨਾ ਹੀ ਕੇਂਦਰ ਸਰਕਾਰ ਗੰਭੀਰ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਸ ਕਤਲ ਕੇਸ ਦੀ ਨਿਰਪੱਖ ਜਾਂਚ ਕਰੇ ਤਾਂ ਕਈ ਕਲਾਕਾਰ ਅਤੇ ਸਿਆਸੀ ਲੋਕਾਂ ਦੀ ਅਸਲੀਅਤ ਸਾਹਮਣੇ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਹੁਣ ਤੱਕ ਕਾਤਲਾਂ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਸਾਜ਼ਿਸ਼ਕਰਤਾਵਾਂ ਬਾਰੇ ਹਾਲੇ ਵੀ ਕੁਝ ਪਤਾ ਨਹੀਂ ਹੈ। ਨਾਲ ਹੀ ਉਨ੍ਹਾਂ ਵਾਤਾਵਰਣ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਵੀ ਕੀਤੀ।