ਬਠਿੰਡਾ ਪਲਾਟ ਘੁਟਾਲਾ ਮਾਮਲੇ ‘ਚ ਤੀਜਾ ਮੁਲਜ਼ਮ ਵੀ ਗ੍ਰਿਫ਼ਤਾਰ, ਮਨਪ੍ਰੀਤ ਬਾਦਲ ਦੇ ਘਰ ‘ਤੇ ਵੀ ਛਾਪਾ
Bathinda Plot Scam: ਸਾਬਕਾ ਵਿੱਤ ਮੰਤਰੀ ਨੇ ਅਲਾਟਮੈਂਟ ਪੱਤਰ ਪ੍ਰਾਪਤ ਕਰਨ ਤੋਂ ਪਹਿਲਾਂ ਆਪਣੇ ਜਾਣਕਾਰ ਬੋਲੀਕਾਰਾਂ ਤੋਂ ਐਗਰੀਮੈਂਟ ਰਾਹੀਂ ਦੋਵੇਂ ਪਲਾਟ ਖਰੀਦੇ ਸਨ। ਬੁਲਾਰੇ ਅਨੁਸਾਰ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਨਪ੍ਰੀਤ ਬਾਦਲ ਨੇ ਪਹਿਲਾਂ ਹੀ ਸਫਲ ਬੋਲੀਕਾਰਾਂ ਨੂੰ 25 ਫੀਸਦੀ ਬਿਆਨਾ ਰਾਸ਼ੀ ਟਰਾਂਸਫਰ ਕਰ ਦਿੱਤੀ ਹੈ।

ਬਠਿੰਡਾ ‘ਚ ਪਲਾਟ ਘੁਟਾਲੇ ਦੇ ਮਾਮਲੇ ‘ਚ ਵਿਜੀਲੈਂਸ ਨੇ ਮੁੱਖ ਮੁਲਜ਼ਮ ਮਨਪ੍ਰੀਤ ਬਾਦਲ ਦੇ ਤੀਜੇ ਸਾਥੀ ਵਿਕਾਸ ਅਰੋੜਾ ਨੂੰ ਸੋਮਵਾਰ ਸਵੇਰੇ ਚਿੰਤਪੁਰਨੀ ਤੋਂ ਗ੍ਰਿਫਤਾਰ ਕਰ ਲਿਆ। ਐਤਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਰਾਜੀਵ ਕੁਮਾਰ ਅਤੇ ਅਮਨਦੀਪ ਸਿੰਘ ਨੂੰ ਵਿਜੀਲੈਂਸ ਵੱਲੋਂ ਮੈਡੀਕਲ ਕਰਵਾਉਣ ਤੋਂ ਬਾਅਦ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ਤੇ ਭੇਜ ਦਿੱਤਾ।
ਇਸ ਦੇ ਨਾਲ ਹੀ ਵਿਜੀਲੈਂਸ ਦੀ ਇਕ ਟੀਮ ਨੇ ਮੁੱਖ ਮੁਲਜ਼ਮ ਮਨਪ੍ਰੀਤ ਬਾਦਲ ਦੇ ਲੰਬੀ ਸਥਿਤ ਘਰ ‘ਤੇ ਛਾਪਾ ਮਾਰਿਆ, ਜਦਕਿ ਦੂਜੀ ਟੀਮ ਨੇ ਉਕਤ ਮਾਮਲੇ ‘ਚ ਨਾਮਜ਼ਦ ਤਤਕਾਲੀ ਏਡੀਸੀ ਅਤੇ ਬੀਡੀਏ ਦੇ ਪ੍ਰਸ਼ਾਸਕ ਬਿਕਰਮਜੀਤ ਸ਼ੇਰਗਿੱਲ ਦੇ ਘਰ ਛਾਪਾ ਮਾਰਿਆ ਪਰ ਦੋਵੇਂ ਮੁਲਜ਼ਮ ਫ਼ਰਾਰ ਪਾਏ ਗਏ। ਇਸ ਤੋਂ ਇਲਾਵਾ ਛੇਵੇਂ ਮੁਲਜ਼ਮ ਪੰਕਜ ਨੂੰ ਗ੍ਰਿਫ਼ਤਾਰ ਕਰਨ ਲਈ ਵਿਜੀਲੈਂਸ ਟੀਮ ਵੱਲੋਂ ਯਤਨ ਕੀਤੇ ਜਾ ਰਹੇ ਹਨ।
ਸੋਮਵਾਰ ਨੂੰ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮਾਮਲੇ ‘ਚ ਸ਼ਿਕਾਇਤਕਰਤਾ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਦੀ ਸ਼ਿਕਾਇਤ ‘ਤੇ ਜਾਂਚ ਤੋਂ ਬਾਅਦ ਹੀ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਵਿੱਚ ਪਾਇਆ ਗਿਆ ਕਿ 2018 ਤੋਂ 2021 ਤੱਕ ਵਿੱਤ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਮਨਪ੍ਰੀਤ ਬਾਦਲ ਨੇ ਸਿਆਸੀ ਦਬਾਅ ਕਾਰਨ ਮਾਡਲ ਟਾਊਨ ਫੇਜ਼ 1 ਵਿੱਚ 1560 ਵਰਗ ਗਜ਼ ਦੇ ਦੋ ਮਹਿੰਗੇ ਪਲਾਟ ਘੱਟ ਭਾਅ ਤੇ ਖਰੀਦੇ ਸਨ। ਇਸ ਕਾਰਨ ਸਰਕਾਰ ਨੂੰ ਕਰੀਬ 65 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਨੰਬਰ 11-2022 ਦੀ ਜਾਂਚ ਦੌਰਾਨ ਪਾਇਆ ਗਿਆ ਕਿ ਸਾਬਕਾ ਵਿੱਤ ਮੰਤਰੀ ਨੇ ਆਪਣੇ ਪ੍ਰਭਾਵ ਦੀ ਵਰਤੋਂ ਕਰਦਿਆਂ ਬੀਡੀਏ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਸਾਲ 2021 ਵਿੱਚ ਪਲਾਟਾਂ ਦੀ ਬੋਲੀ ਦੌਰਾਨ ਆਮ ਲੋਕਾਂ ਨੂੰ ਗੁੰਮਰਾਹ ਕਰਦੇ ਹੋਏ ਜਾਅਲੀ ਨਕਸ਼ੇ ਅਪਲੋਡ ਕਰਵਾਏ ਗਏ ਸਨ, ਤਾਂ ਜੋ ਬੋਲੀ ਪ੍ਰਕਿਰਿਆ ਵਿੱਚ ਆਮ ਲੋਕਾਂ ਦੀ ਸ਼ਮੂਲੀਅਤ ਨੂੰ ਰੋਕਿਆ ਜਾ ਸਕੇ।
ਅਪਲੋਡ ਕੀਤੇ ਨਕਸ਼ੇ ਵਿੱਚ ਪਲਾਟ ਨੰਬਰ 725 ਸੀ 560 ਗਜ਼, 726 ਜੋ ਕਿ 1000 ਗਜ਼ ਹੈ, ਨੂੰ ਵੀ ਰਿਹਾਇਸ਼ੀ ਦੀ ਬਜਾਏ ਵਪਾਰਕ ਵਜੋਂ ਦਰਸਾਇਆ ਗਿਆ ਸੀ ਅਤੇ ਆਨਲਾਈਨ ਈ-ਨਿਲਾਮੀ ਪੋਰਟਲ ‘ਤੇ ਪਾਏ ਗਏ ਨਕਸ਼ੇ ਵਿੱਚ ਪਲਾਟਾਂ ਦੇ ਨੰਬਰ ਨਹੀਂ ਦਿਖਾਏ ਗਏ ਸਨ। ਇਨ੍ਹਾਂ ਪਲਾਟਾਂ ਦੀ ਨਿਲਾਮੀ ਲਈ ਬੀਡੀਏ ਮਹਿਲਾ ਅਧਿਕਾਰੀ ਬਲਵਿੰਦਰ ਕੌਰ ਦੇ ਜਾਅਲੀ ਡਿਜੀਟਲ ਦਸਤਖਤ ਕੀਤੇ ਗਏ ਸਨ।
ਇਹ ਵੀ ਪੜ੍ਹੋ
ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੋਲੀ ਇੱਕੋ ਵਕੀਲ ਸੰਜੀਵ ਕੁਮਾਰ ਵੱਲੋਂ ਰਾਜੀਵ ਕੁਮਾਰ, ਵਿਕਾਸ ਅਰੋੜਾ ਅਤੇ ਅਮਨਦੀਪ ਸਿੰਘ ਨਾਮਕ ਤਿੰਨ ਬੋਲੀਕਾਰਾਂ ਵੱਲੋਂ ਇੱਕੋ ਆਈਪੀ ਐਡਰੈੱਸ ਤੋਂ ਕੀਤੀ ਗਈ ਸੀ। ਉਕਤ ਪਲਾਟ ਘੱਟ ਕੀਮਤ ‘ਤੇ ਖਰੀਦ ਕੇ ਮਨਪ੍ਰੀਤ ਬਾਦਲ, ਸੁਪਰਡੈਂਟ ਪੰਕਜ, ਰਾਜੀਵ ਕੁਮਾਰ, ਵਿਕਾਸ ਅਰੋੜਾ, ਅਮਨਦੀਪ ਸਿੰਘ ਅਤੇ ਤਤਕਾਲੀ ਬੀਡੀਏ ਪ੍ਰਸ਼ਾਸਕ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਸਾਜ਼ਿਸ਼ ਤਹਿਤ ਸਰਕਾਰ ਨਾਲ ਧੋਖਾ ਕੀਤਾ ਅਤੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਇਆ।
ਬੁਲਾਰੇ ਨੇ ਦੱਸਿਆ ਕਿ ਉਕਤ ਮਾਮਲੇ ਵਿੱਚ ਨਾਮਜ਼ਦ ਮਨਪ੍ਰੀਤ ਬਾਦਲ, ਪੀਸੀਐਸ ਅਧਿਕਾਰੀ ਬਿਕਰਮਜੀਤ ਸ਼ੇਰਗਿੱਲ ਅਤੇ ਸੁਪਰਡੈਂਟ ਪੰਕਜ ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ। ਤਿੰਨ ਮੁਲਜ਼ਮ ਰਾਜੀਵ ਕੁਮਾਰ, ਅਮਨਦੀਪ ਸਿੰਘ ਅਤੇ ਵਿਕਾਸ ਅਰੋੜਾ ਨੂੰ ਕਾਬੂ ਕਰ ਲਿਆ ਗਿਆ ਹੈ। ਉਕਤ ਸਾਰੇ ਦੋਸ਼ੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤੋਂ ਇਲਾਵਾ ਭ੍ਰਿਸ਼ਟਾਚਾਰ ਐਕਟ ਤਹਿਤ ਥਾਣਾ ਵਿਜੀਲੈਂਸ ਬਿਊਰੋ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਦੋਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਇਹ ਦੋਵੇਂ ਪਲਾਟ ਧੋਖੇ ਨਾਲ ਖਰੀਦੇ ਸਨ, ਉਦੋਂ ਮਨਪ੍ਰੀਤ ਬਾਦਲ ਨੇ ਘਰ ਬਣਾਉਣ ਲਈ ਨੀਂਹ ਪੱਥਰ ਰੱਖਣ ਲਈ ਵੱਡਾ ਸਮਾਗਮ ਕਰਵਾਇਆ ਸੀ। ਇਸ ਮੀਟਿੰਗ ਵਿੱਚ ਸੂਬੇ ਦੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਹੋਰ ਕਾਂਗਰਸੀ ਆਗੂ ਸ਼ਾਮਲ ਹੋਏ ਸਨ।
2022 ਵਿੱਚ ਵੋਟਾਂ ਇਕੱਠੀਆਂ ਕਰਨਾ ਸੀ ਉਦੇਸ਼
ਮਨਪ੍ਰੀਤ ਬਾਦਲ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਰਿਹਾਇਸ਼ ਲਈ ਮਾਡਲ ਟਾਊਨ ਫੇਜ਼ 1 ਵਿੱਚ ਦੋ ਵਪਾਰਕ ਪਲਾਟਾਂ ਦੀ ਰਿਹਾਇਸ਼ ਲਈ ਵਰਤੋਂ ਕਰਨ ਲਈ ਘੱਟ ਕੀਮਤ ‘ਤੇ ਆਪਣੀ ਹੀ ਸਰਕਾਰ ਅਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਸੀ। ਇਸ ਤੋਂ ਬਾਅਦ ਮਨਪ੍ਰੀਤ ਬਾਦਲ ਨੇ ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਸ਼ਹਿਰ ਵਿੱਚ ਹੀ ਰਹਿਣਗੇ, ਇਸ ਲਈ ਉਨ੍ਹਾਂ ਨੂੰ ਵੋਟ ਪਾਉਣ। ਮਨਪ੍ਰੀਤ ਬਾਦਲ ਵੱਲੋਂ ਉਕਤ ਵਿਵਾਦਿਤ ਪਲਾਟਾਂ ‘ਚ ਮਕਾਨ ਬਣਾਉਣ ਦਾ ਡਰਾਮਾ ਰਚ ਕੇ 2022 ‘ਚ ਲੋਕਾਂ ਦੀਆਂ ਵੋਟਾਂ ਇਕੱਠੀਆਂ ਕਰਨ ਦੇ ਮਕਸਦ ਨਾਲ ਆਪਣੇ ਵਿਵਾਦਿਤ ਪਲਾਟਾਂ ‘ਤੇ ਤੇਜ਼ੀ ਨਾਲ ਕੰਮ ਕਰਵਾਇਆ ਜਾ ਰਿਹਾ ਸੀ ਪਰ ਲੋਕਾਂ ਨੇ ਮਨਪ੍ਰੀਤ ਬਾਦਲ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਮਨਪ੍ਰੀਤ ਬਾਦਲ ਨੂੰ ਮੂੰਹ ਤੋੜ ਜਵਾਬ ਦਿੱਤਾ। ਇਸ ਹੱਦ ਤੱਕ ਕਿ ਉਹ ਆਪਣੀ ਹੀ ਪਾਰਟੀ ਦੇ ਸਾਬਕਾ ਕੌਂਸਲਰ ਜਗਰੂਪ ਗਿੱਲ ਤੋਂ ਵੱਡੇ ਫਰਕ ਨਾਲ ਹਾਰ ਗਏ। ਇਸ ਹਾਰ ਤੋਂ ਬਾਅਦ ਮਨਪ੍ਰੀਤ ਲਗਾਤਾਰ ਸ਼ਹਿਰ ਤੋਂ ਗਾਇਬ ਹੋ ਗਏ ਸਨ।
ਜਾਂਚ ਤੋਂ ਬਚਣ ਲਈ ਜਨਵਰੀ 2023 ‘ਚ ਫੜਿਆ ਭਾਜਪਾ ਦਾ ਪੱਲਾ
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਭਾਜਪਾ ਆਗੂ ਸਰੂਪ ਚੰਦ ਸਿੰਗਲਾ ਵੱਲੋਂ ਮਨਪ੍ਰੀਤ ਬਾਦਲ ਖ਼ਿਲਾਫ਼ ਕੀਤੀ ਗਈ ਸ਼ਿਕਾਇਤ ਦੀ ਜਾਂਚ ਤੋਂ ਬਚਣ ਲਈ ਮਨਪ੍ਰੀਤ ਬਾਦਲ ਜਨਵਰੀ 2023 ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸਨ, ਪਰ ਫਿਰ ਵੀ ਸ਼ਿਕਾਇਤਕਰਤਾ ਭਾਜਪਾ ਆਗੂ ਸਿੰਗਲਾ ਨੇ ਸਪੱਸ਼ਟ ਕੀਤਾ ਸੀ ਕਿ ਉਹ ਆਪਣੀ ਸ਼ਿਕਾਇਤ ਤੋਂ ਪਿੱਛੇ ਨਹੀਂ ਹਟਣਗੇ। .
ਵਿਜੀਲੈਂਸ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਵਿੱਚ ਦੱਸਿਆ ਗਿਆ ਹੈ ਕਿ ਮਨਪ੍ਰੀਤ ਬਾਦਲ ਨੇ 30 ਸਤੰਬਰ 2021 ਨੂੰ 100-100 ਰੁਪਏ ਦੇ ਸਟੈਂਪ ਪੇਪਰ ਖਰੀਦ ਕੇ ਆਪਣੇ ਕੋਲ ਰੱਖੇ ਸਨ ਅਤੇ ਇਸ ਸਬੰਧੀ ਇਕਰਾਰਨਾਮਾ 4 ਅਕਤੂਬਰ 2021 ਨੂੰ ਲਿਖਿਆ ਗਿਆ ਸੀ ਅਤੇ ਦੋਵਾਂ ਐਗਰੀਮੈਂਟਸਤੇ ਇੱਕੋ ਹੀ ਵਿਅਕਤੀ ਨੂੰ ਗਵਾਹ ਰੱਖਿਆ ਗਿਆ ਸੀ। ਬੀਡੀਏ ਨੇ 8 ਅਕਤੂਬਰ ਨੂੰ ਰਾਜੀਵ ਕੁਮਾਰ ਅਤੇ ਵਿਕਾਸ ਅਰੋੜਾ ਦੇ ਨਾਂ ਪਲਾਟ ਦੇ ਅਲਾਟਮੈਂਟ ਪੱਤਰ ਜਾਰੀ ਕੀਤੇ ਸਨ।
ਬੀਡੀਏ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਅੱਪਲੋਡ ਕੀਤੇ ਜਾਅਲੀ ਨਕਸ਼ੇ
ਵਿਜੀਲੈਂਸ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਮਨਪ੍ਰੀਤ ਬਾਦਲ ਨੇ ਦੋ ਮਹਿੰਗੇ ਪਲਾਟ ਸਸਤੇ ਭਾਅ ‘ਤੇ ਖਰੀਦਣ ਲਈ ਅਸਲੀ ਨਕਸ਼ੇ ਛੁਪਾਏ, ਜਦਕਿ ਬੀਡੀਏ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਜਾਅਲੀ ਨਕਸ਼ੇ ਅਪਲੋਡ ਕਰ ਦਿੱਤੇ।
ਵਿਜੀਲੈਂਸ ਜਾਂਚ ਵਿੱਚ ਪਤਾ ਲੱਗਾ ਹੈ ਕਿ ਉਸ ਸਮੇਂ ਬੀਡੀਏ ਦੇ ਪ੍ਰਸ਼ਾਸਕ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਸੁਪਰਡੈਂਟ ਪੰਕਜ ਨੇ ਮਿਲੀਭੁਗਤ ਨਾਲ ਆਪਣੇ ਹੀ ਦਫ਼ਤਰ ਦੀ ਇੱਕ ਮਹਿਲਾ ਅਧਿਕਾਰੀ ਨਾਲ ਧੋਖਾ ਕਰਕੇਮਨਪ੍ਰੀਤ ਬਾਦਲ ਨੂੰ ਫਾਇਦਾ ਪਹੁੰਚਾਉਣ ਲਈ ਉਸ ਦੀ ਸਹਿਮਤੀ ਤੋਂ ਬਿਨਾਂ ਉਸ ਦੇ ਡਿਜੀਟਲ ਦਸਤਖਤ ਕੀਤੇ ਸਨ।