ਗੋਲਡੀ ਢਿੱਲੋਂ ਨੇ ਲਈ ਮੈਡ ਸੰਧੂ ਦੇ ਕਤਲ ਦੀ ਜ਼ਿੰਮਵਾਰੀ, ਲਿਖਿਆ- ਬਾਕੀਆਂ ਨੂੰ ਵੀ ‘ਲਾਸਟ ਵਾਰਨਿੰਗ’
ਪੋਸਟ 'ਚ ਅਜਿਹੀਆਂ ਗਤੀਵਿਧੀਆਂ ਨੂੰ ਪ੍ਰਮੋਟ ਕਰਨ ਵਾਲਿਆਂ ਅਤੇ ਕੁਝ ਸਕੂਲਾਂ ਨੂੰ ਵੀ ਧਮਕੀ ਭਰੇ ਲਹਿਜ਼ੇ ਵਿੱਚ ਚਿਤਾਵਨੀ ਦਿੱਤੀ ਗਈ ਹੈ। ਪੋਸਟ 'ਚ ਲਿਖਿਆ ਹੋਇਆ ਹੈ- ਇਹ ਸਾਡੀ ਨਵੀਂ ਪੀੜ੍ਹੀ ਨੂੰ ਖ਼ਰਾਬ ਕਰ ਰਹੇ ਹਨ। ਬਾਕੀ ਜੋ ਲੋਕ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਹਨ ਤੇ ਇਨ੍ਹਾਂ ਨੂੰ ਪ੍ਰਮੋਟ ਕਰ ਰਹੇ ਹਨ, ਉਹ ਵੀ ਆਪਣੀ ਤਿਆਰੀ ਰੱਖਣ।
ਅੰਮ੍ਰਿਤਸਰ ਦੇ ਲੋਹਾਰਕਾ ਰੋਡ ਤੇ ਸੋਸ਼ਲ ਮੀਡੀਆ ਇਨਫਲੂਐਂਸਰ ਤੇ ਮੇਕਅਪ ਆਰਟਿਸਟ ਮੈਡ ਸੰਧੂ ਦੀ ਗੋਲੀ ਮਾਰ ਕੇ ਕਤਲ ਦੇ ਮਾਮਲੇ ‘ਚ ਹੁਣ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਇੱਕ ਕਥਿਤ ਪੋਸਟ ਨੇ ਮਾਮਲੇ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਵਾਇਰਲ ਹੋ ਰਹੀ ਪੋਸਟ ‘ਚ ਮੈਡ ਸੰਧੂ ਦੇ ਕਤਲ ਦੀ ਜ਼ਿੰਮੇਵਾਰੀ ਗੋਲਡੀ ਢਿੱਲੋਂ ਤੇ ਜੱਗਾ ਤਰਨਤਾਰਨ ਲੈ ਰਹੇ ਹਨ।
ਪੋਸਟ ‘ਚ ਅਜਿਹੀਆਂ ਗਤੀਵਿਧੀਆਂ ਨੂੰ ਪ੍ਰਮੋਟ ਕਰਨ ਵਾਲਿਆਂ ਤੇ ਕੁਝ ਸਕੂਲਾਂ ਨੂੰ ਵੀ ਧਮਕੀ ਭਰੇ ਲਹਿਜ਼ੇ ‘ਚ ਚੇਤਾਵਨੀ ਦਿੱਤੀ ਗਈ ਹੈ। ਪੋਸਟ ‘ਚ ਲਿਖਿਆ ਹੋਇਆ ਹੈ- ਇਹ ਸਾਡੀ ਨਵੀਂ ਪੀੜ੍ਹੀ ਨੂੰ ਖ਼ਰਾਬ ਕਰ ਰਹੇ ਹਨ। ਬਾਕੀ ਜੋ ਲੋਕ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਹਨ ਤੇ ਇਨ੍ਹਾਂ ਨੂੰ ਪ੍ਰਮੋਟ ਕਰ ਰਹੇ ਹਨ, ਉਹ ਵੀ ਆਪਣੀ ਤਿਆਰੀ ਰੱਖਣ। ਜੋ ਸਕੂਲ ਇਨ੍ਹਾਂ ਨੂੰ ਚੀਫ਼ ਗੈਸਟ ਵਜੋਂ ਬੁਲਾ ਰਹੇ ਹਨ, ਉਨ੍ਹਾਂ ਲਈ ਵੀ ਇਹ ਆਖਰੀ ਚੇਤਾਵਨੀ ਹੈ। ਪੰਜਾ ਯੋਧਿਆਂ ਦੀ ਧਰਤੀ ਹੈ ਤੇ ਇਸ ਧਰਤੀ ਤੇ ਯੋਧੇ ਹੀ ਰਹਿਣਗੇ। ਜਿਨ੍ਹਾਂ ਨੂੰ ਸਾਡੇ ਫ਼ੋਨ ਦੀ ਘੰਟੀ ਸੁਣਾਈ ਨਹੀਂ ਦੇ ਰਹੀ, ਉਹ ਸੁਰੱਖਿਆ ਲੈ ਕੇ ਬੈਠੇ ਹਨ, ਉਹ ਵੀ ਤਿਆਰ ਰਹਿਣ। ਵੇਟ ਐਂਡ ਵਾਚ।
ਗੱਡੀ ਧੁਆਉਣ ਪਹੁੰਚੇ ਸਨ ਸੰਧੂ, ਘਾਤ ਲਾ ਕੇ ਕੀਤਾ ਹਮਲਾ
ਦੱਸ ਦੇਈਏ ਕਿ ਬੀਤੀ ਸ਼ਾਮ ਅੰਮ੍ਰਿਤਸਰ ‘ਚ ਲੋਹਾਰਕਾ ਰੋਡ ‘ਤੇ ਬੇਖੌਫ਼ ਹਮਲਾਵਰਾਂ ਨੇ ਇੱਕ ਮੈਡ ਸੰਧੂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਸ਼ਾਮ ਕਰੀਬ 6 ਵਜੇ ਵਾਪਰੀ ਇਸ ਸਨਸਨੀਖੇਜ਼ ਗੋਲੀਕਾਂਡ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਮਿਲੀ ਜਾਣਕਾਰੀ ਤੇ ਚਸ਼ਮਦੀਦਾਂ ਮੁਤਾਬਕ ਮੈਡ ਸੰਧੂ ਆਪਣੀ ਥਾਰ ਗੱਡੀ ਧੁਆਉਣ ਲਈ ਵਾਸ਼ਿੰਗ ਸੈਂਟਰ ‘ਤੇ ਪਹੁੰਚੇ ਸਨ। ਜਦੋਂ ਉਹ ਆਪਣੀ ਗੱਡੀ ਲੈਣ ਲਈ ਵਾਪਸ ਆਏ ਤਾਂ ਉਸੇ ਸਮੇਂ ਮੋਟਰਸਾਈਕਲ ‘ਤੇ ਸਵਾਰ ਦੋ ਅਣਪਛਾਤੇ ਨੌਜਵਾਨ ਉੱਥੇ ਪਹੁੰਚੇ।
ਚਸ਼ਮਦੀਦ ਜ਼ੀਆ ਸੰਧੂ ਮੁਤਾਬਕ ਹਮਲਾਵਰਾਂ ਨੇ ਆਪਣੇ ਚਿਹਰੇ ਪੂਰੀ ਤਰ੍ਹਾਂ ਢੱਕੇ ਹੋਏ ਸਨ। ਇੱਕ ਨੌਜਵਾਨ ਮੋਟਰਸਾਈਕਲ ‘ਤੇ ਹੀ ਰੁਕਿਆ ਰਿਹਾ, ਜਦਕਿ ਦੂਜੇ ਸ਼ੂਟਰ ਨੇ ਅੱਗੇ ਵੱਧ ਕੇ ਸੰਧੂ ‘ਤੇ ਬਹੁਤ ਨੇੜਿਓਂ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਕਰੀਬ 4 ਤੋਂ 5 ਰਾਊਂਡ ਫਾਇਰਿੰਗ ਹੋਣ ਦੀ ਗੱਲ ਸਾਹਮਣੇ ਆਈ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੋਟਰਸਾਈਕਲ ‘ਤੇ ਲੋਹਾਰਕਾ ਰੋਡ ਤੋਂ ਪਿੰਡ ਵੱਲ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ
ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਤੋੜਿਆ ਦਮ
ਗੋਲੀਬਾਰੀ ਤੋਂ ਤੁਰੰਤ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਤੇ ਸੰਧੂ ਦੇ ਸਾਥੀਆਂ ਨੇ ਉਸ ਨੂੰ ਨਿੱਜੀ ਗੱਡੀ ਰਾਹੀਂ ਨੇੜਲੇ ਹਸਪਤਾਲ ਪਹੁੰਚਾਇਆ। ਗੋਲੀਆਂ ਸਰੀਰ ‘ਤੇ ਲੱਗਣ ਕਾਰਨ ਉਸ ਦੀ ਹਾਲਤ ਬੇਹੱਦ ਨਾਜ਼ੁਕ ਸੀ। ਹਸਪਤਾਲ ‘ਚ ਡਾਕਟਰਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਜ਼ਿਆਦਾ ਖੂਨ ਵਹਿਣ ਕਾਰਨ ਉਸ ਦੀ ਮੌਤ ਹੋ ਗਈ।
ਮੌਕੇ ‘ਤੇ ਪਹੁੰਚੇ ਏਡੀਸੀਪੀ ਡਾ. ਵੇਨਿਲਾ, ਜਾਂਚ ਤੇਜ਼
ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਿਸ ਬਲ ਸਮੇਤ ਏਡੀਸੀਪੀ ਡਾ. ਵੇਨਿਲਾ ਮੌਕੇ ‘ਤੇ ਪਹੁੰਚੇ। ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਏਡੀਸੀਪੀ ਨੇ ਮੀਡੀਆ ਨੂੰ ਦੱਸਿਆ ਕਿ ਲੋਹਾਰਕਾ ਰੋਡ ‘ਤੇ ਅਣਪਛਾਤੇ ਹਮਲਾਵਰਾਂ ਵੱਲੋਂ ਮੈਡ ਸੰਧੂ ‘ਤੇ ਫਾਇਰਿੰਗ ਕੀਤੀ ਗਈ, ਜਿਸ ‘ਚ ਉਸ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ। ਆਸ-ਪਾਸ ਦੀਆਂ ਦੁਕਾਨਾਂ ਤੇ ਸੜਕਾਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਅਧਿਕਾਰੀ ਮੁਤਾਬਕ ਜਾਂਚ ਦੌਰਾਨ ਕੁਝ ਅਹਿਮ ਸੁਰਾਗ ਹੱਥ ਲੱਗੇ ਹਨ ਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ।
ਸਥਾਨਕ ਲੋਕਾਂ ਤੇ ਚਸ਼ਮਦੀਦਾਂ ‘ਚ ਰੋਸ, ਕਾਨੂੰਨ-ਵਿਵਸਥਾ ‘ਤੇ ਚੁੱਕੇ ਸਵਾਲ
ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ਤੇ ਚਸ਼ਮਦੀਦਾਂ ‘ਚ ਭਾਰੀ ਰੋਸ ਦੇਖਣ ਨੂੰ ਮਿਲਿਆ। ਚਸ਼ਮਦੀਦ ਐਡਵੋਕੇਟ ਨਿਤਿਨ ਅਰੋੜਾ ਤੇ ਅਰੁਣ ਜੋਸ਼ੀ ਨੇ ਦੱਸਿਆ ਕਿ ਲੋਹਾਰਕਾ ਰੋਡ ਸੰਘਣੀ ਆਬਾਦੀ ਵਾਲਾ ਇਲਾਕਾ ਹੈ, ਜਿੱਥੇ ਕਈ ਵੱਡੇ ਸਕੂਲ ਤੇ ਰਿਹਾਇਸ਼ੀ ਕਾਲੋਨੀਆਂ ਮੌਜੂਦ ਹਨ।
ਉਨ੍ਹਾਂ ਇਲਜ਼ਾਮ ਲਗਾਇਆ ਕਿ ਇੱਥੋਂ ਮਹਿਜ਼ 200 ਮੀਟਰ ਦੀ ਦੂਰੀ ‘ਤੇ ਸਥਿਤ ਪੁਲਿਸ ਚੌਕੀ ਨੂੰ ਕਰੀਬ ਦੋ ਸਾਲ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ਾਮ ਦੇ ਸਮੇਂ ਇੱਥੇ ਕੋਈ ਸਥਾਈ ਨਾਕਾਬੰਦੀ ਜਾਂ ਨਿਯਮਤ ਪੁਲਿਸ ਗਸ਼ਤ ਨਹੀਂ ਹੁੰਦੀ। ਜੇਕਰ ਨਾਕਾ ਲਗਾਇਆ ਵੀ ਜਾਂਦਾ ਹੈ ਤਾਂ ਉਹ ਮਹਿਜ਼ ਰਸਮੀ ਕਾਰਵਾਈ ਬਣ ਕੇ ਰਹਿ ਜਾਂਦਾ ਹੈ।
ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਲਾਕੇ ‘ਚ ਸੁਰੱਖਿਆ ਪ੍ਰਬੰਧ ਵਧਾਏ ਜਾਣ ਅਤੇ ਬੰਦ ਪਈ ਪੁਲਿਸ ਚੌਕੀ ਨੂੰ ਤੁਰੰਤ ਮੁੜ ਚਾਲੂ ਕੀਤਾ ਜਾਵੇ, ਤਾਂ ਜੋ ਆਮ ਲੋਕਾਂ ‘ਚ ਸੁਰੱਖਿਆ ਦੀ ਭਾਵਨਾ ਪੈਦਾ ਹੋ ਸਕੇ। ਪੁਲਿਸ ਵੱਲੋਂ ਫਿਲਹਾਲ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।


