ਬੱਚੇ ਕੋਲੋਂ ਕਾਰ ‘ਚ ਗਲਤੀ ਨਾਲ ਚੱਲੀ ਸੀ ਗੋਲੀ, ਤਿੰਨ ਦਿਨਾਂ ਤੱਕ ਜਿੰਦਗੀ ਦੀ ਜੰਗ ਲੜਣ ਤੋਂ ਬਾਅਦ ਜ਼ਖਮੀ ਪਿਤਾ ਦੀ ਮੌਤ
Father Died by Mistake: ਬੱਚੇ ਕੋਲੋਂ ਕਾਰ ਵਿੱਚ ਗਲਤੀ ਨਾਲ ਗੋਲੀ ਚੱਲਣ ਦੇ ਤਿੰਨ ਦਿਨਾਂ ਬਾਅਦ ਪਿਤਾ ਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਲਈ ਰਾਏਕੋਟ ਸਦਰ ਥਾਣੇ ਅਧੀਨ ਪੈਂਦੀ ਲੋਹਟਬੱਦੀ ਚੌਕੀ ਦੀ ਪੁਲਿਸ ਲੁਧਿਆਣਾ ਪਹੁੰਚੀ।

ਰਾਏਕੋਟ ਦੇ ਪਿੰਡ ਅਕਾਲਗੜ੍ਹ ਖੁਰਦ ਵਿੱਚ ਸ਼ਨੀਵਾਰ ਨੂੰ 9 ਸਾਲਾ ਬੱਚੇ ਕੋਲੋਂ ਚੱਲੀ ਗੋਲੀ ਨਾਲ ਜ਼ਖਮੀ ਹੋਏ ਉਸ ਦੇ ਪਿਤਾ ਦਲਜੀਤ ਸਿੰਘ ਜੀਤਾ (Daljit Singh Jeeta) ਦੀ ਸੋਮਵਾਰ ਸਵੇਰੇ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਮੌਤ ਹੋ ਗਈ। 45 ਸਾਲਾ ਕਿਸਾਨ ਦਲਜੀਤ ਸਿੰਘ ਪਿਛਲੇ ਦੋ ਦਿਨਾਂ ਤੋਂ ਆਪਣੀ ਜ਼ਿੰਦਗੀ ਦੀ ਜੰਗ ਲੜ ਰਿਹਾ ਸੀ। ਦਲਜੀਤ ਸਿੰਘ ਦੀ ਮੌਤ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।
ਦਲਜੀਤ ਸਿੰਘ ਜੀਤਾ ਆਪਣੀ ਪਤਨੀ ਅਤੇ ਬੇਟੇ ਨਾਲ ਸ਼ਨੀਵਾਰ ਸਵੇਰੇ ਕਰੀਬ 11.30 ਵਜੇ ਕਾਰ ਵਿੱਚ ਆਪਣੀ ਭੈਣ ਦੇ ਘਰ ਸੰਧਾਰਾ ਦੇਣ ਲਈ ਕਾਰ ਵਿੱਚ ਜਾ ਰਹੇ ਸਨ। ਇਸ ਦੌਰਾਨ ਦਲਜੀਤ ਦੀ ਪਿਸਤੌਲ ਕਾਰ ਦੀ ਪਿਛਲੀ ਸੀਟ ‘ਤੇ ਬੈਠੇ ਪੁੱਤਰ ਦੇ ਹੱਥ ਲੱਗ ਗਈ। ਪੁੱਤਰ ਪਿਸਤੌਲ ਨਾਲ ਖਿਡੌਣੇ ਵਾਂਗ ਖੇਡਣ ਲੱਗਾ ਤਾਂ ਅਚਾਨਕ ਟਰਿਗਰ ਦੱਬ ਗਿਆ ਅਤੇ ਗੋਲੀ ਦਲਜੀਤ ਦੇ ਪਿੱਠ ਵਿਚ ਲੱਗ ਗਈ। ਗੰਭੀਰ ਹਾਲਤ ਵਿੱਚ ਉਨ੍ਹਾਂ ਨੂੰ ਤੁਰੰਤ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ।