Operation Vigil: ਆਪਰੇਸ਼ਨ ਵਿਜ਼ਿਲ ਦੇ ਤਹਿਤ ਲੁਧਿਆਣਾ ਪਹੁੰਚੇ ਡੀਜੀਪੀ ਗੌਰਵ, ਲੋਕਾਂ ਨੂੰ ਸ਼ਾਂਤੀ ਵਿਵਸਥਾ ਬਣਾਏ ਰੱਖਣ ਦੀ ਅਪੀਲ
DGP Gaurav Yadavਨੇ ਕਿਹਾ ਕਿ ਪੰਜਾਬ ਵਿੱਚ ਸ਼ਾਂਤੀ ਬਣਾਏ ਰੱਖਣ ਲਈ ਪ੍ਰਸ਼ਾਸਨ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਇਸ ਆਪਰੇਸ਼ਨ ਵਿੱਚ 100 ਦੇ ਕਰੀਬ ਸੀਨੀਅਰ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ, ਜੋ ਬੜੀ ਹੀ ਬਾਰੀਕੀ ਨਾਲ ਸ਼ਹਿਰ ਵਿੱਚ ਚੈਕਿੰਗ ਮੁਹਿੰਮ ਚਲਾ ਰਹੇ ਹਨ।
ਲੁਧਿਆਣਾ ਨਿਉਜ: ਪੰਜਾਬ ਦੇ ਡੀਜੀਪੀ ਗੌਰਵ ਯਾਦਵ (DGP Gaurav Yadav) ਅੱਜ ਸੂਬਾ ਪੱਧਰੀ ਆਪਰੇਸ਼ਨ ਵਿਜ਼ਿਲ (Operation Vizil) ਦੇ ਤਹਿਤ ਵੱਖ ਵੱਖ ਜਗ੍ਹਾ ਤੇ ਚੈਕਿੰਗ ਕਰ ਰਹੇ ਹਨ। ਇਸ ਤਹਿਤ ਉਹ ਲੁਧਿਆਣਾ ਬੱਸ ਸਟੈਂਡ ਪਹੁੰਚੇ, ਜਿੱਥੇ ਉਨ੍ਹਾਂ ਨੇ ਪੁਲਿਸ ਫੋਰਸ ਨਾਲ ਰੱਲ ਕੇ ਵੱਖ ਵੱਖ ਥਾਵਾਂ ਤੇ ਚੈਕਿੰਗ ਕੀਤੀ। ਇਸ ਮੌਕੇ ਸਵਾਰੀਆਂ ਦੇ ਸਮਾਨ ਦੀ ਵੀ ਡੁੰਘਾਈ ਨਾਲ ਚੈਕਿੰਗ ਕੀਤੀ ਗਈ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਦੌਰਾਨ ਡੀਜੀਪੀ ਗੋਰਵ ਯਾਦਵ ਨੇ ਦੱਸਿਆ ਕਿ 2 ਦਿਨ ਤੱਕ ਇਹ ਆਪ੍ਰੇਸ਼ਨ ਪੂਰੇ ਪੰਜਾਬ ਵਿੱਚ ਜਾਰੀ ਰਹੇਗਾ।
ਡੀਜੀਪੀ ਯਾਦਵ ਨੇ ਕਿਹਾ ਕਿ ਇਸ ਆਪਰੇਸ਼ਨ ਨੂੰ ਚਲਾਉਣ ਦਾ ਮਕਸਦ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਸੰਦੇਸ਼ ਦੇਣਾ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲਿਆਂ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਨਾਲ ਸਮਰੱਥ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਬੱਸ ਸਟੈਂਡ ਤੇ ਖੜੀਆਂ ਸ਼ੱਕੀ ਗੱਡੀਆਂ ਤੋਂ ਇਲਾਵਾ ਐਂਟੀ ਸੋਸ਼ਲ ਐਲੀਮੈਂਟ ਅਤੇ ਡਰੱਗ ਖਿਲਾਫ ਵੀ ਮੁਹਿੰਮ ਛੇੜੀ ਗਈ ਹੈ ਤਾਂ ਜੌ ਪੰਜਾਬ ਚ ਅਜਿਹੇ ਭੈੜੇ ਅਨਸਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਦੇ ਬੱਸ ਸਟੈਂਡ, ਜਨਤਕ ਥਾਵਾਂ, ਹੋਟਲਾਂ ਆਦਿ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ।
ਅਮ੍ਰਿਤਸਰ ਧਮਾਕੇ ਦੀ ਜਾਂਚ ਜਾਰੀ -ਡੀਜੀਪੀ
ਅੰਮ੍ਰਿਤਸਰ ਧਮਾਕੇ ਮਾਮਲੇ ਵਿੱਚ ਡੀਜੀਪੀ ਯਾਦਵ ਨੇ ਕਿਹਾ ਕਿ ਹਾਲੇ ਜਾਂਚ ਜਾਰੀ ਹੈ। ਪੰਜਾਬ ਪੁਲਿਸ ਦੇ ਨਾਲ ਸੁਰੱਖਿਆ ਏਜੰਸੀਆਂ ਵੀ ਮਾਮਲੇ ਦੀ ਤਹਿ ਤੱਕ ਪਹੁੰਚਣ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਜਾਂ ਟੈਰਰਿਸਟ ਅਟੈਕ ਹੈ ਇਸਨੂੰ ਲੈ ਕੇ ਅਜੇ ਕੁਝ ਵੀ ਨਹੀਂ ਬੋਲਿਆ ਜਾ ਸਕਦਾ। ਜਿਸ ਲਈ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।
ਜਲੰਧਰ ਜਿਮਨੀ ਚੋਣ ਦੌਰਾਨ ਸੁਰੱਖਿਆ ਪ੍ਰਬੰਧਾਂ ਦੀ ਜਾਣਕਾਰੀ ਦਿੰਦਿਆਂ ਡੀਜੀਪੀ ਨੇ ਕਿਹਾ ਕਿ ਇਸ ਚੋਣ ਨੂੰ ਸ਼ਾਂਤੀ ਪੂਰਵਰ ਨੇਪਰੇ ਚਾੜ੍ਹਣ ਲਈ ਪੈਰਾ-ਮਿਲਟਰੀ ਫੋਰਸ ਦੀਆਂ 7 ਵੱਖ ਵੱਖ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ। ਨਾਲ ਹੀ ਵੱਖ-ਵੱਖ ਬੂਥਾਂ ਤੇ ਪੰਜਾਬ ਪੁਲਿਸ ਦੇ ਜਵਾਨ ਵੀ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਭਰੋਸਾ ਦੁਆਇਆ ਕਿ ਇਹ ਚੋਣ ਪੂਰੀ ਤਰ੍ਹਾਂ ਨਾਲ ਫ੍ਰੀ ਐਂਡ ਫੇਅਰ ਹੋਵੇਗੀ।
ਕੈਬਨਿਟ ਮੰਤਰੀ ਲਾਲਚੰਦ ਕਟਾਰੁੱਚਕ (Lal Chand Kataruchak) ਦੇ ਕਥਿਤ ਵੀਡੀਓ ਵਾਇਰਲ ਮਾਮਲੇ ਤੇ ਬਣੀ ਐਸਆਈਟੀ ਨੂੰ ਲੈ ਕੇ ਉਨ੍ਹਾਂ ਕਿਹਾ ਦੇ ਕੇਸ ਦੀ ਜਾਂਚ ਲਈ ਗਠਿਤ ਕਮੇਟੀ ਕਾਨੂੰਨੀ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਉਸਦੀ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਮਾਮਲੇ ਵਿੱਚ ਕੁਝ ਬੋਲਿਆ ਜਾ ਸਕਦਾ ਹੈ।