ਨਸ਼ਿਆਂ ਦੀ ਦਲਦਲ ਛੱਡ 10 ਹਜ਼ਾਰ ਕਿਲੋਮੀਟਰ ਪੈਦਲ ਯਾਤਰਾ, ਆਪਣੇ ਨਾਮ ਦਰਜ ਕਰਵਾਇਆ ਰਿਕਾਰਡ
ਜੱਸਾ ਸਿੰਘ ਸੋਸ਼ਲ ਮੀਡੀਆ ਇਨਫਲੂਐਂਸਰ ਵੀ ਹੈ। ਉਹ ਸੋਸ਼ਲ ਮੀਡੀਆ 'ਤੇ ਆਪਣੀ ਯਾਤਰਾ ਦੀ ਵੀਡੀਓਜ਼ ਸਾਂਝੀਆਂ ਕਰਕੇ ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਬਣ ਗਿਆ ਹੈ। ਉਸ ਨੇ ਖੁਲਾਸਾ ਕੀਤਾ ਕਿ ਲਗਭਗ ਛੇ ਸਾਲ ਪਹਿਲਾਂ ਉਹ ਉਹ ਚਿੱਟਾ, ਸਿਗਰੇਟ, ਕੈਪਸੂਲ ਤੇ ਹੋਰ ਨਸ਼ੀਲੇ ਪਦਾਰਥਾਂ ਦਾ ਸੇਵਣ ਕਰਦਾ ਹੁੰਦਾ ਸੀ। ਬੁਰੀ ਸੰਗਤ ਤੇ ਦੂਜਿਆਂ ਦੇ ਤਾਅਨਿਆਂ ਨੇ ਉਸ ਨੂੰ ਨਸ਼ੇ ਦੀ ਦਲਦਲ 'ਚ ਧੱਕ ਦਿੱਤਾ ਸੀ। ਉਸ ਦੀ ਲਤ ਨੇ ਉਸ ਦੇ ਪਰਿਵਾਰ ਨੂੰ ਮਾਨਸਿਕ ਪੀੜਾ ਤੇ ਸਮਾਜਿਕ ਕਲੰਕ ਸਹਿਣ ਲਈ ਮਜਬੂਰ ਕੀਤਾ।
ਪੰਜਾਬ ਦੇ ਜੱਸਾ ਸਿੰਘ ਖਾਲਸਾ ਉਰਫ਼ ਜੱਸ ਗੋਸਲ ਜੋ ਕਦੇ ਚਿੱਟਾ ਤੇ ਹੋਰ ਨਸ਼ੀਲੇ ਪਦਾਰਥਾਂ ਦੀ ਲਤ ‘ਚ ਫਸਿਆ ਹੋਇਆ ਸੀ। ਉਸ ਨੇ ਆਪਣੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲਿਆ ਤੇ ਇੱਕ ਅਜਿਹਾ ਮੁਕਾਮ ਹਾਸਲ ਕੀਤਾ ਹੈ ਜੋ ਸਭ ਲਈ ਪ੍ਰੇਰਣਾ ਬਣ ਚੁੱਕਿਆ ਹੈ। ਲੁਧਿਆਣਾ ਦੇ ਪਾਇਲ ਦਾ ਰਹਿਣ ਵਾਲਾ ਜੱਸਾ ਸਿੰਘ ਨੇ 10 ਹਜ਼ਾਰ ਕਿਲੋਮੀਟਰ ਦੀ ਪੈਦਲ ਯਾਤਰਾ ਪੂਰੀ ਕਰਨ ਤੋਂ ਬਾਅਦ ਆਪਣਾ ਨਾਮ ਇਨਫਲੂਐਂਸਰ ਬੁੱਕ ਆਫ਼ ਵਰਲਡ ਰਿਕਾਰਡ (ਆਬੀਡਬਲਯੂਆਰ) ਕਰਵਾਇਆ ਹੈ। ਉਸ ਨੇ ਪੰਜਾਂ ਤਖ਼ਤਾਂ ਦੀ ਪੈਦਲ ਯਾਤਰਾ ਕੀਤੀ ਹੈ।
ਜੱਸਾ ਸਿੰਘ ਸੋਸ਼ਲ ਮੀਡੀਆ ਇਨਫਲੂਐਂਸਰ ਵੀ ਹੈ। ਉਹ ਸੋਸ਼ਲ ਮੀਡੀਆ ‘ਤੇ ਆਪਣੀ ਯਾਤਰਾ ਦੀ ਵੀਡੀਓਜ਼ ਸਾਂਝੀਆਂ ਕਰਕੇ ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਬਣ ਗਿਆ ਹੈ। ਉਸ ਦਾ ਕਹਿਣਾ ਹੈ ਕਿ ਲਗਭਗ ਛੇ ਸਾਲ ਪਹਿਲਾਂ ਉਹ ਚਿੱਟਾ, ਸਿਗਰੇਟ, ਕੈਪਸੂਲ ਤੇ ਹੋਰ ਨਸ਼ੀਲੇ ਪਦਾਰਥਾਂ ਦਾ ਸੇਵਣ ਕਰਦਾ ਹੁੰਦਾ ਸੀ। ਬੁਰੀ ਸੰਗਤ ਤੇ ਦੂਜਿਆਂ ਦੇ ਤਾਅਨਿਆਂ ਨੇ ਉਸ ਨੂੰ ਨਸ਼ੇ ਦੀ ਦਲਦਲ ‘ਚ ਧੱਕ ਦਿੱਤਾ ਸੀ। ਉਸ ਦੀ ਲਤ ਨੇ ਉਸ ਦੇ ਪਰਿਵਾਰ ਨੂੰ ਮਾਨਸਿਕ ਪੀੜਾ ਤੇ ਸਮਾਜਿਕ ਕਲੰਕ ਸਹਿਣ ਲਈ ਮਜਬੂਰ ਕੀਤਾ।
ਰਾੜਾ ਸਾਹਿਬ ਵਿਖੇ ਜੀਵਨ ਬਦਲ ਗਿਆ
ਜੱਸਾ ਸਿੰਘ ਨੇ ਦੱਸਿਆ ਕਿ ਉਸ ਦੀ ਜ਼ਿੰਦਗੀ ਦਾ ਵੱਡਾ ਮੋੜ ਉਦੋਂ ਆਇਆ ਜਦੋਂ ਉਹ ਨਸ਼ੇ ਖਰੀਦਣ ਲਈ ਗੁਰਦੁਆਰਾ ਰਾੜਾ ਸਾਹਿਬ ਨੇੜੇ ਪਹੁੰਚਿਆ। ਉਸ ਨੇ ਕਿਹਾ ਕਿ ਨਸ਼ਾ ਵੇਚਣ ਵਾਲਾ ਡੀਲਰ ਲੇਟ ਹੋ ਗਿਆ ਸੀ, ਇਸ ਲਈ ਉਹ ਗੁਰਦੁਆਰੇ ‘ਚ ਲੰਗਰ ਛੱਕਣ ਲਈ ਚਲਾ ਗਿਆ। ਜਦੋਂ ਤੱਕ ਉਹ ਬਾਹਰ ਵਾਪਸ ਆਇਆ ਤਾਂ ਨਸ਼ਾ ਵੇਚਣ ਵਾਲਾ ਉਸ ਦੀ ਉਡੀਕ ਕਰ ਕੇ ਚਲਾ ਗਿਆ ਸੀ। ਇਹ ਦਿਨ ਉਸ ਨੇ ਬਿਨਾਂ ਨਸ਼ੇ ਤੋਂ ਕੱਟਿਆ।
ਨਸ਼ੀਲੇ ਪਦਾਰਥ ਛੱਡਣ ਲਈ ਪਹਿਲਾਂ ਉਸ ਨੇ ਸਿਗਰਟਨੋਸ਼ੀ ਛੱਡ ਦਿੱਤੀ ਤੇ ਆਪਣੇ ਘਰ ਤੋਂ ਲਗਭਗ 10 ਕਿਲੋਮੀਟਰ ਦੂਰ ਸਥਿਤ ਗੁਰਦੁਆਰਾ ਰਾੜਾ ਸਾਹਿਬ ਤੱਕ ਰੋਜ਼ਾਨਾ ਪੈਦਲ ਚੱਲਣਾ ਸ਼ੁਰੂ ਕਰ ਦਿੱਤਾ। ਇਸ ਸਮੇਂ ਦੌਰਾਨ ਉਸ ਨੇ ਵੀਡੀਓ ਵੀ ਬਣਾਏ ਜੋ ਉਸ ਦੀ ਅਧਿਆਤਮਿਕ ਯਾਤਰਾ ਦੀ ਹੌਲੀ-ਹੌਲੀ ਸ਼ੁਰੂਆਤ ਸੀ।
1 ਦਸੰਬਰ, 2025 ਨੂੰ ਉਸ ਨੇ ਆਪਣੀ ਪਹਿਲੀ ਲੰਬੀ ਦੂਰੀ ਦੀ ਯਾਤਰਾ ਸਿਰਫ਼ ਇੱਕ ਬੈਗ ਲੈ ਕੇ ਕੀਤੀ। 15 ਦਿਨਾਂ ਦੀ ਯਾਤਰਾ ਦੌਰਾਨ ਉਸ ਨੇ ਸੁਲਤਾਨਪੁਰ ਲੋਧੀ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ, ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਵਿਖੇ ਗੁਰਦੁਆਰਿਆਂ ਦੇ ਦਰਸ਼ਨ ਕੀਤੇ।
ਇਹ ਵੀ ਪੜ੍ਹੋ
ਤਖ਼ਤ ਸ੍ਰੀ ਹਜ਼ੂਰ ਸਾਹਿਬ ਤੱਕ ਪੈਦਲ ਯਾਤਰਾ
ਇਸ ਤੋਂ ਬਾਅਦ, ਉਸ ਨੇ ਮਹਾਰਾਸ਼ਟਰ ‘ਚ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੱਕ ਪੈਦਲ ਯਾਤਰਾ ਕੀਤੀ। ਹਰਿਆਣਾ, ਦਿੱਲੀ, ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ‘ਚੋਂ ਲੰਘਦੇ ਹੋਏ, ਉਸ ਨੇ ਇਹ ਸਫ਼ਰ 55 ਦਿਨਾਂ ‘ਚ ਪੂਰਾ ਕੀਤਾ। ਇਸ ਯਾਤਰਾ ਦੌਰਾਨ, ਉਸ ਨੇ ਇੱਕ ਦਿਨ ‘ਚ 70 ਕਿਲੋਮੀਟਰ ਪੈਦਲ ਚੱਲ ਕੇ ਇੱਕ ਰਿਕਾਰਡ ਵੀ ਬਣਾਇਆ।
ਦੇਸ਼ ਭਰ ਦੇ ਇਤਿਹਾਸਕ ਗੁਰਦੁਆਰਿਆਂ ਦੀ ਯਾਤਰਾ
ਹਜ਼ੂਰ ਸਾਹਿਬ ਤੋਂ ਬਾਅਦ ਜੱਸਾ ਸਿੰਘ ਨੇ ਕਈ ਇਤਿਹਾਸਕ ਗੁਰਦੁਆਰਿਆਂ ਦੀ ਪੈਦਲ ਯਾਤਰਾ ਕੀਤੀ, ਇਨ੍ਹਾਂ ‘ਚ ਸਿੱਕਮ ‘ਚ ਗੁਰੂ ਨਾਨਕ ਲਾਮਾ ਸਾਹਿਬ, ਤੇਲੰਗਾਨਾ ‘ਚ ਭਗੌਰ ਸਾਹਿਬ ਤੇ ਅਸਾਮ ‘ਚ ਧੁਬਰੀ ਸਾਹਿਬ ਗੁਰਦੁਆਰੇ ਸ਼ਾਮਲ ਹਨ।
ਨੌਜਵਾਨਾਂ ਨੂੰ ਨਸ਼ਾ ਛੱਡਣ ਦਾ ਸੰਦੇਸ਼
ਜੱਸਾ ਸਿੰਘ ਦਾ ਮੰਨਣਾ ਹੈ ਕਿ ਜੇਕਰ ਕੋਈ ਵਿਅਕਤੀ ਸੱਚਮੁੱਚ ਦ੍ਰਿੜ ਇਰਾਦਾ ਰੱਖਦਾ ਹੈ ਤੇ ਗੁਰੂ ਦਾ ਆਸਰਾ ਲੈਂਦੇ ਹਨ ਤਾਂ ਦੁਨੀਆ ਦਾ ਕੋਈ ਵੀ ਨਸ਼ਾ ਉਨ੍ਹਾਂ ਨੂੰ ਰੋਕ ਨਹੀਂ ਸਕਦਾ। ਉਸ ਦਾ ਕਹਿਣਾ ਹੈ ਕਿ ਜਵਾਨੀ ਦੌਰਾਨ ਸਹੀ ਰਸਤਾ ਚੁਣਨਾ ਸਭ ਤੋਂ ਵੱਡੀ ਜਿੱਤ ਹੈ। ਉਹ ਆਪਣੀ ਯਾਤਰਾ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਅਧਿਆਤਮਿਕ ਜੀਵਨ ਨੂੰ ਅਪਣਾਉਣ ਦਾ ਸੰਦੇਸ਼ ਦੇ ਰਹੇ ਹਨ।


