ਜਗਰਾਉਂ: ਦੋ ਦਿਨਾਂ ‘ਚ ਵੱਖ-ਵੱਖ ਗੁਰਦੁਆਰਿਆਂ ‘ਚ ਫਾਇਰਿੰਗ ਦੀ ਦੂਜੀ ਘਟਨਾ, ਸੀਸੀਟੀਵੀ ‘ਚ ਘਟਨਾ ਕੈਦ; ਪੁਲਿਸ ਵੱਲੋਂ ਜਾਂਚ ਜਾਰੀ
ਜਾਣਕਾਰੀ ਮੁਤਾਬਕ, ਦੋਵੇਂ ਮੁਲਜ਼ਮ ਤੜਕਸਾਰ ਕਰੀਬ 3 ਵਜੇ ਪਲੈਟੀਨਾ ਮੋਟਰਸਾਈਕਲ ਤੇ ਗੁਰਦੁਆਰਾ ਸਾਹਿਬ ਦੇ ਕੰਪਲੈਕਸ 'ਚ ਪਹੁੰਚੇ। ਮੋਟਰਸਾਈਕਲ ਦੀ ਨੰਬਰ ਪਲੇਟ ਲੁਕਾਈ ਹੋਈ ਸੀ ਤੇ ਮੁਲਜ਼ਮਾਂ ਨੇ ਆਪਣੇ ਚਿਹਰੇ ਕੱਪੜਿਆਂ ਨਾਲ ਢਕੇ ਹੋਏ ਸਨ।
ਲੁਧਿਆਣਾ ਦੇ ਜਗਰਾਉਂ ਇਲਾਕੇ ‘ਚ ਧਾਰਮਿਕ ਸਥਾਨਾਂ ‘ਤੇ ਫਾਇਰਿੰਗ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਪਿੰਡ ਗਗੜਾ ਨੇੜੇ ਗੁਰਦੁਆਰਾ ਗੋਪਾਲਸਰ ਤੋਂ ਬਾਅਦ ਹੁਣ ਰਾਜੋਆਣਾ ਕਲਾਂ ‘ਚ ਗੁਰਦੁਆਰਾ ਮੰਜੀ ਸਾਹਿਬ ‘ਚ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਬੁੱਧਵਾਰ ਤੜਕਸਾਰ ਕਰੀਬ 3 ਵਜੇ ਦੋ ਨਕਾਬਪੋਸ਼ ਬਦਮਾਸ਼ ਗੁਰਦੁਆਰਾ ਸਾਹਿਬ ਦੇ ਅੰਦਰ ਦਾਖ਼ਲ ਹੋਏ ਤੇ ਬਾਬਾ ਬਲਦੇਵ ਸਿੰਘ ਦੇ ਕਮਰੇ ਨੂੰ ਨਿਸ਼ਾਨਾ ਬਣਾਉਂਦਿਆਂ ਫਾਇਰਿੰਗ ਕੀਤੀ। ਗਨੀਮਤ ਰਹੀ ਕਿ ਵਾਰਦਾਤ ਸਮੇਂ ਬਾਬਾ ਬਲਦੇਵ ਸਿੰਘ ਕਮਰੇ ‘ਚ ਮੌਜੂਦ ਨਹੀਂ ਸਨ ਤੇ ਉਹ ਇਸ਼ਨਾਨ ਕਰਨ ਗਏ ਹੋਏ ਸਨ, ਜਿਸ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ।
ਮੱਥਾ ਟੇਕਿਆ, ਪਰਿਕਰਮਾ ਕੀਤੀ ਤੇ ਫਿਰ ਕਮਰੇ ‘ਤੇ ਚਲਾਈ ਗੋਲੀ
ਜਾਣਕਾਰੀ ਮੁਤਾਬਕ, ਦੋਵੇਂ ਮੁਲਜ਼ਮ ਤੜਕਸਾਰ ਕਰੀਬ 3 ਵਜੇ ਪਲੈਟੀਨਾ ਮੋਟਰਸਾਈਕਲ ‘ਤੇ ਗੁਰਦੁਆਰਾ ਸਾਹਿਬ ਦੇ ਕੰਪਲੈਕਸ ‘ਚ ਪਹੁੰਚੇ। ਮੋਟਰਸਾਈਕਲ ਦੀ ਨੰਬਰ ਪਲੇਟ ਲੁਕਾਈ ਹੋਈ ਸੀ ਤੇ ਮੁਲਜ਼ਮਾਂ ਨੇ ਆਪਣੇ ਚਿਹਰੇ ਕੱਪੜਿਆਂ ਨਾਲ ਢਕੇ ਹੋਏ ਸਨ।
ਇਨ੍ਹਾਂ ‘ਚੋਂ ਇੱਕ ਮੁਲਜ਼ਮ ਗੁਰਦੁਆਰਾ ਸਾਹਿਬ ਦੇ ਅੰਦਰ ਗਿਆ, ਜਿੱਥੇ ਉਸ ਨੇ ਪਹਿਲਾਂ ਮੱਥਾ ਟੇਕਿਆ ਤੇ ਨਿਸ਼ਾਨ ਸਾਹਿਬ ਦੀ ਪਰਿਕਰਮਾ ਕੀਤੀ। ਇਸ ਤੋਂ ਬਾਅਦ ਉਸ ਨੇ ਬਾਬਾ ਬਲਦੇਵ ਸਿੰਘ ਦੇ ਕਮਰੇ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀ ਚਲਾ ਦਿੱਤੀ। ਗੋਲੀ ਕਮਰੇ ਦੇ ਦਰਵਾਜ਼ੇ ਤੇ ਕੰਧ ‘ਤੇ ਲੱਗੀ। ਗੋਲੀ ਦਰਵਾਜ਼ੇ ‘ਤੇ ਲੱਗੇ ਸ਼ੀਸ਼ੇ ਨੂੰ ਪਾਰ ਕਰ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਹਾਲਾਂਕਿ, ਵਾਰਦਾਤ ਸਮੇਂ ਬਾਬਾ ਬਲਦੇਵ ਸਿੰਘ ਆਪਣੀ ਰੋਜ਼ਾਨਾ ਦੀ ਰੁਟੀਨ ਅਨੁਸਾਰ ਇਸ਼ਨਾਨ ਕਰਨ ਗਏ ਹੋਏ ਸਨ, ਜਿਸ ਕਾਰਨ ਉਹ ਕਮਰੇ ‘ਚ ਮੌਜੂਦ ਨਹੀਂ ਸਨ।
ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੀ ਜਾਂਚ
ਘਟਨਾ ਦੀ ਸੂਚਨਾ ਮਿਲਦਿਆਂ ਹੀ ਦੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਸਬੂਤ ਇਕੱਠੇ ਕੀਤੇ। ਐੱਸਐੱਚਓ ਰਾਜਵਿੰਦਰਪਾਲ ਸਿੰਘ ਮੁਤਾਬਕ, ਪੁਲਿਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਮੁਲਜ਼ਮਾਂ ਦੀ ਪਛਾਣ ਕਰਨ ਲਈ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਵੱਲੋਂ ਫਾਇਰਿੰਗ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ।
ਗੁਰਦੁਆਰਾ ਗੋਪਾਲਸਰ ਤੋਂ ਬਾਅਦ ਦੂਜੀ ਘਟਨਾ
ਜਗਰਾਉਂ ਇਲਾਕੇ ‘ਚ ਧਾਰਮਿਕ ਸਥਾਨ ਤੇ ਫਾਇਰਿੰਗ ਦੀ ਦੋ ਦਿਨਾਂ ‘ਚ ਇਹ ਦੂਜੀ ਘਟਨਾ ਦੱਸੀ ਜਾ ਰਹੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪਿੰਡ ਗਗੜਾ ਸਥਿਤ ਗੁਰਦੁਆਰਾ ਗੋਪਾਲਸਰ ‘ਚ ਵੀ ਵਾਰਦਾਤ ਹੋਈ ਸੀ। ਹੁਣ ਗੁਰਦੁਆਰਾ ਮੰਜੀ ਸਾਹਿਬ ‘ਚ ਫਾਇਰਿੰਗ ਤੋਂ ਬਾਅਦ ਪੁਲਿਸ ਦੋਵੇਂ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਘਟਨਾ ਦੇ ਪਿੱਛੇ ਦੀ ਵਜ੍ਹਾ ਦਾ ਪਤਾ ਲਗਾਉਣ ‘ਚ ਜੁਟੀ ਹੋਈ ਹੈ।


