ਦਿਲਰੋਜ਼ ਕਤਲ ਕਾਂਡ ‘ਚ ਵੱਡਾ ਫ਼ੈਸਲਾ, ਮਾਸੂਮ ਨੂੰ ਜ਼ਿੰਦਾ ਦਫ਼ਨਾਉਣ ਵਾਲੀ ਗੁਆਂਢਣ ਦੀ ਫਾਂਸੀ ਉਮਰਕੈਦ ‘ਚ ਤਬਦੀਲ
ਲੁਧਿਆਣਾ ਦੇ ਬਹੁ-ਚਰਚਿਤ ਅਤੇ ਦਿਲ ਦਹਿਲਾ ਦੇਣ ਵਾਲੇ ਢਾਈ ਸਾਲਾਂ ਦੀ ਮਾਸੂਮ ਬੱਚੀ ਦਿਲਰੋਜ਼ ਕੌਰ ਨੂੰ ਜ਼ਿੰਦਾ ਦਫ਼ਨਾ ਕੇ ਕਤਲ ਕਰਨ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਦੋਸ਼ੀ ਔਰਤ ਨੀਲਮ ਦੀ ਫਾਂਸੀ ਦੀ ਸਜ਼ਾ ਨੂੰ ਉਮਰਕੈਦ ਵਿੱਚ ਤਬਦੀਲ ਕਰ ਦਿੱਤਾ ਹੈ।
ਲੁਧਿਆਣਾ ਦੇ ਬਹੁ-ਚਰਚਿਤ ਅਤੇ ਦਿਲ ਦਹਿਲਾ ਦੇਣ ਵਾਲੇ ਢਾਈ ਸਾਲਾਂ ਦੀ ਮਾਸੂਮ ਬੱਚੀ ਦਿਲਰੋਜ਼ ਕੌਰ ਨੂੰ ਜ਼ਿੰਦਾ ਦਫ਼ਨਾ ਕੇ ਕਤਲ ਕਰਨ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੱਡਾ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਦੋਸ਼ੀ ਔਰਤ ਨੀਲਮ ਦੀ ਫਾਂਸੀ ਦੀ ਸਜ਼ਾ ਨੂੰ ਉਮਰਕੈਦ ਵਿੱਚ ਤਬਦੀਲ ਕਰ ਦਿੱਤਾ ਹੈ। ਹਾਈਕੋਰਟ ਦੇ ਹੁਕਮਾਂ ਅਨੁਸਾਰ ਹੁਣ ਮੁਲਜ਼ਮ ਮਹਿਲਾ ਨੂੰ 30 ਸਾਲ ਤੱਕ ਜੇਲ੍ਹ ਵਿੱਚ ਰਹਿਣਾ ਪਵੇਗਾ ਅਤੇ ਇਸ ਪੂਰੀ ਮਿਆਦ ਦੌਰਾਨ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਛੋਟ ਜਾਂ ਰਿਆਇਤ ਨਹੀਂ ਮਿਲੇਗੀ। ਜ਼ਿਕਰਯੋਗ ਹੈ ਕਿ ਕਰੀਬ ਦੋ ਸਾਲ ਪਹਿਲਾਂ ਲੁਧਿਆਣਾ ਦੀ ਸੈਸ਼ਨ ਅਦਾਲਤ ਨੇ ਇਸ ਵਹਿਸ਼ੀਆਨਾ ਕਾਰੇ ਨੂੰ ‘ਵਿਰਲੇ ਤੋਂ ਵਿਰਲਾ’ (Rare of rarest) ਮੰਨਦੇ ਹੋਏ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ।
ਜਾਣਕਾਰੀ ਅਨੁਸਾਰ ਬੱਚੀ ਦੇ ਪਿਤਾ ਆਪਣੇ ਬੱਚਿਆਂ ਲਈ ਅਕਸਰ ਵਧੀਆ ਖਿਡੌਣੇ ਅਤੇ ਹੋਰ ਵਸਤਾਂ ਲੈ ਕੇ ਆਉਂਦੇ ਸਨ, ਜਿਨ੍ਹਾਂ ਨੂੰ ਵੇਖ ਕੇ ਗੁਆਂਢ ਵਿੱਚ ਰਹਿੰਦੀ ਇਸ ਮਹਿਲਾ ਦੇ ਬੱਚੇ ਵੀ ਉਸੇ ਤਰ੍ਹਾਂ ਦੀ ਮੰਗ ਕਰਦੇ ਸਨ। ਮਹਿਲਾ ਆਰਥਿਕ ਤੰਗੀ ਕਾਰਨ ਉਨ੍ਹਾਂ ਦੀਆਂ ਇਹ ਮੰਗਾਂ ਪੂਰੀਆਂ ਨਹੀਂ ਸੀ ਕਰ ਪਾਉਂਦੀ, ਜਿਸ ਕਾਰਨ ਉਸ ਦੇ ਦਿਲ ਵਿੱਚ ਡੂੰਘੀ ਈਰਖਾ ਤੇ ਰੰਜਿਸ਼ ਪੈਦਾ ਹੋ ਗਈ ਸੀ। ਇਸੇ ਰੰਜਿਸ਼ ਦੇ ਚੱਲਦਿਆਂ ਉਸ ਨੇ ਮਾਸੂਮ ਬੱਚੀ ਨੂੰ ਆਪਣਾ ਨਿਸ਼ਾਨਾ ਬਣਾ ਲਿਆ।
ਮਿਤੀ 28 ਨਵੰਬਰ 2021 ਨੂੰ ਇਹ ਔਰਤ ਬੱਚੀ ਨੂੰ ਆਪਣੀ ਐਕਟਿਵਾ ਤੇ ਬਿਠਾ ਕੇ ਐਲਡੀਕੋ ਨੇੜੇ ਇੱਕ ਸੁੰਨਸਾਨ ਜਗ੍ਹਾ ਤੇ ਲੈ ਗਈ, ਜਿੱਥੇ ਉਸ ਨੇ ਪਹਿਲਾਂ ਹੀ ਇੱਕ ਟੋਆ ਪੁੱਟਿਆ ਹੋਇਆ ਸੀ। ਉਸ ਨੇ ਬੱਚੀ ਨੂੰ ਉਸੇ ਟੋਏ ਵਿੱਚ ਜ਼ਿੰਦਾ ਦਫ਼ਨਾ ਦਿੱਤਾ। ਬੱਚੀ ਦੇ ਲਾਪਤਾ ਹੋਣ ਤੋਂ ਬਾਅਦ ਜਦੋਂ ਸੀਸੀਟੀਵੀ (CCTV) ਕੈਮਰੇ ਖੰਗਾਲੇ ਗਏ ਤਾਂ ਉਹ ਮਾਸੂਮ ਨੂੰ ਸਕੂਟੀ ਤੇ ਲਿਜਾਂਦੀ ਹੋਈ ਕੈਮਰੇ ਵਿੱਚ ਕੈਦ ਹੋ ਗਈ।
ਪੁਲਿਸ ਪੁੱਛਗਿੱਛ ਦੌਰਾਨ ਔਰਤ ਨੇ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਉਸ ਦੀ ਹੀ ਨਿਸ਼ਾਨਦੇਹੀ ਤੇ ਬੱਚੀ ਨੂੰ ਬਰਾਮਦ ਕੀਤਾ ਗਿਆ ਸੀ। ਦੋ ਸਾਲ ਪਹਿਲਾਂ ਜਦੋਂ ਸੈਸ਼ਨ ਕੋਰਟ ਨੇ ਉਸ ਨੂੰ ਦੋਸ਼ੀ ਠਹਿਰਾਉਂਦਿਆਂ ਫਾਂਸੀ ਦੀ ਸਜ਼ਾ ਸੁਣਾਈ ਸੀ, ਤਾਂ ਉਹ ਜੱਜ ਸਾਹਮਣੇ ਫੁੱਟ-ਫੁੱਟ ਕੇ ਰੋਣ ਲੱਗੀ ਅਤੇ ਰਹਿਮ ਦੀ ਭੀਖ ਮੰਗਦਿਆਂ ਬੋਲੀ ਸੀ— “ਜੱਜ ਸਾਹਿਬ, ਪਲੀਜ਼ ਮੈਨੂੰ ਬਖ਼ਸ਼ ਦਿਓ, ਮੇਰੇ ਵੀ ਦੋ ਬੱਚੇ ਹਨ।” ਹਾਲਾਂਕਿ, ਸੈਸ਼ਨ ਕੋਰਟ ਨੇ ਉਸ ਵੇਲੇ ਉਸ ਤੇ ਕਿਸੇ ਵੀ ਤਰ੍ਹਾਂ ਦੀ ਨਰਮੀ ਦਿਖਾਉਣ ਤੋਂ ਇਨਕਾਰ ਕਰ ਦਿੱਤਾ ਸੀ। ਦੂਜੇ ਪਾਸੇ, ਹਾਈਕੋਰਟ ਦੇ ਤਾਜ਼ਾ ਫ਼ੈਸਲੇ ਤੋਂ ਬਾਅਦ ਮਾਸੂਮ ਬੱਚੀ ਦਾ ਪਰਿਵਾਰ ਸ਼ਨੀਵਾਰ ਨੂੰ ਇੱਕ ਪ੍ਰੈੱਸ ਕਾਨਫ਼ਰੰਸ ਕਰਕੇ ਆਪਣਾ ਪੱਖ ਰੱਖੇਗਾ।
ਗੁਆਂਢੀ ਦੇ ਬੱਚਿਆਂ ਦੇ ਖਿਡੌਣੇ ਵੇਖ ਕੇ ਮਨ ਵਿੱਚ ਵਧੀ ਸੀ ਜਲਣ
ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿੱਚ ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਹਰਪ੍ਰੀਤ ਸਿੰਘ ਆਪਣੇ ਪਰਿਵਾਰ ਅਤੇ ਢਾਈ ਸਾਲ ਦੀ ਮਾਸੂਮ ਧੀ ਦਿਲਰੋਜ਼ ਕੌਰ ਨਾਲ ਰਹਿੰਦੇ ਸਨ। ਉਨ੍ਹਾਂ ਦੇ ਬਿਲਕੁਲ ਗੁਆਂਢ ਵਿੱਚ ਨੀਲਮ (38) ਨਾਮਕ ਇੱਕ ਤਲਾਕਸ਼ੁਦਾ ਔਰਤ ਆਪਣੇ ਦੋ ਪੁੱਤਰਾਂ ਨਾਲ ਰਹਿ ਰਹੀ ਸੀ।
ਇਹ ਵੀ ਪੜ੍ਹੋ
ਦੋਵਾਂ ਪਰਿਵਾਰਾਂ ਵਿਚਾਲੇ ਅਕਸਰ ਨਿੱਕੀਆਂ-ਮੋਟੀਆਂ ਗੱਲਾਂ ਅਤੇ ਬੱਚਿਆਂ ਨੂੰ ਲੈ ਕੇ ਮਾਮੂਲੀ ਤਕਰਾਰ ਹੁੰਦੀ ਰਹਿੰਦੀ ਸੀ। ਹਰਪ੍ਰੀਤ ਸਿੰਘ ਆਪਣੇ ਬੱਚਿਆਂ ਲਈ ਅਕਸਰ ਨਵੇਂ ਖਿਡੌਣੇ, ਸੁੰਦਰ ਕੱਪੜੇ ਅਤੇ ਤੋਹਫ਼ੇ ਲੈ ਕੇ ਆਉਂਦੇ ਸਨ। ਨੀਲਮ ਦੇ ਬੱਚੇ ਵੀ ਉਹਨਾਂ ਚੀਜ਼ਾਂ ਨੂੰ ਵੇਖ ਕੇ ਆਪਣੀ ਮਾਂ ਕੋਲੋਂ ਉਸੇ ਤਰ੍ਹਾਂ ਦੇ ਸਾਮਾਨ ਦੀ ਜ਼ਿੱਦ ਕਰਦੇ ਸਨ, ਜਿਨ੍ਹਾਂ ਨੂੰ ਪੂਰਾ ਕਰਨ ਵਿੱਚ ਨੀਲਮ ਅਸਮਰੱਥ ਸੀ।
ਇਸ ਗੱਲ ਨੂੰ ਲੈ ਕੇ ਨੀਲਮ ਦੇ ਮਨ ਵਿੱਚ ਹਰਪ੍ਰੀਤ ਸਿੰਘ ਦੇ ਪਰਿਵਾਰ ਪ੍ਰਤੀ ਹੀਣ ਭਾਵਨਾ ਅਤੇ ਭਾਰੀ ਜਲਣ ਪੈਦਾ ਹੋ ਗਈ। ਉਸ ਨੇ ਇਸ ਈਰਖਾ ਦਾ ਬਦਲਾ ਲੈਣ ਲਈ ਇੱਕ ਅਜਿਹੀ ਖ਼ੌਫ਼ਨਾਕ ਸਾਜ਼ਿਸ਼ ਰਚੀ, ਜਿਸ ਬਾਰੇ ਕੋਈ ਸੁਫ਼ਨੇ ਵਿੱਚ ਵੀ ਨਹੀਂ ਸੀ ਸੋਚ ਸਕਦਾ ਕਿ ਇੱਕ ਔਰਤ ਅਜਿਹਾ ਘਿਨਾਉਣਾ ਕਦਮ ਚੁੱਕ ਸਕਦੀ ਹੈ।
ਪਹਿਲਾਂ ਹੀ ਪੁੱਟ ਰੱਖਿਆ ਸੀ ਟੋਆ
28 ਨਵੰਬਰ 2021 ਵਾਲੇ ਦਿਨ ਮਾਸੂਮ ਦਿਲਰੋਜ਼ ਆਪਣੇ ਘਰ ਦੇ ਬਾਹਰ ਗਲੀ ਵਿੱਚ ਖੇਡ ਰਹੀ ਸੀ। ਨੀਲਮ ਨੇ ਪਹਿਲਾਂ ਹੀ ਯੋਜਨਾ ਤਹਿਤ ਐਲਡੀਕੋ ਨੇੜੇ ਇੱਕ ਸੁੰਨਸਾਨ ਖ਼ਾਲੀ ਪਲਾਟ ਵਿੱਚ ਡੂੰਘਾ ਟੋਆ ਪੁੱਟ ਕੇ ਰੱਖਿਆ ਹੋਇਆ ਸੀ। ਫਿਰ ਮੌਕਾ ਤਾੜ ਕੇ ਨੀਲਮ ਨੇ ਦਿਲਰੋਜ਼ ਨੂੰ ਭਰਮਾ ਲਿਆ ਅਤੇ ਉਸ ਨੂੰ ਆਪਣੀ ਐਕਟਿਵਾ ਸਕੂਟੀ ਤੇ ਅੱਗੇ ਬਿਠਾ ਕੇ ਲੈ ਗਈ।
ਮਾਸੂਮ ਬੱਚੀ ਨੂੰ ਇਸ ਗੱਲ ਦਾ ਭੋਰਾ ਵੀ ਅੰਦਾਜ਼ਾ ਨਹੀਂ ਸੀ ਕਿ ਉਸ ਦੀ ਗੁਆਂਢਣ ਆਂਟੀ ਉਸ ਨੂੰ ਸਿੱਧਾ ਮੌਤ ਦੇ ਮੂੰਹ ਵਿੱਚ ਧੱਕਣ ਲਿਜਾ ਰਹੀ ਹੈ। ਨੀਲਮ ਉਸ ਨੂੰ ਉਸੇ ਸੁੰਨਸਾਨ ਪਲਾਟ ਵਿੱਚ ਲੈ ਗਈ, ਜਿੱਥੇ ਉਸ ਨੇ ਬੱਚੀ ਤੇ ਹਮਲਾ ਕੀਤਾ ਅਤੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਮਾਸੂਮ ਦੇ ਮੂੰਹ ਵਿੱਚ ਜ਼ਬਰਦਸਤੀ ਮਿੱਟੀ ਤੁੰਨ ਦਿੱਤੀ। ਇਸ ਉਪਰੰਤ ਉਸ ਨੇ ਬੱਚੀ ਨੂੰ ਉਸੇ ਟੋਏ ਵਿੱਚ ਸੁੱਟ ਕੇ ਜ਼ਿੰਦਾ ਹੀ ਦਫ਼ਨਾ ਦਿੱਤਾ। ਮੂੰਹ ਵਿੱਚ ਮਿੱਟੀ ਭਰ ਜਾਣ ਅਤੇ ਜ਼ਿੰਦਾ ਦਫ਼ਨ ਹੋਣ ਕਾਰਨ ਦਮ ਘੁੱਟਣ ਨਾਲ ਮਾਸੂਮ ਬੱਚੀ ਤੜਫ਼-ਤੜਫ਼ ਕੇ ਦਮ ਤੋੜ ਗਈ।
ਭੇਤ ਨਾ ਖੁੱਲ੍ਹੇ, ਇਸ ਲਈ ਲੱਭਣ ਦਾ ਕਰਦੀ ਰਹੀ ਢੋਂਗ
ਬੱਚੀ ਨੂੰ ਦਫ਼ਨਾਉਣ ਤੋਂ ਬਾਅਦ ਸ਼ਾਤਿਰ ਨੀਲਮ ਬੜੀ ਚਲਾਕੀ ਨਾਲ ਵਾਪਸ ਸ਼ਿਮਲਾਪੁਰੀ ਆ ਗਈ। ਜਦੋਂ ਦਿਲਰੋਜ਼ ਦੇ ਮਾਪੇ ਆਪਣੀ ਧੀ ਨੂੰ ਲੱਭਣ ਲੱਗੇ ਤਾਂ ਨੀਲਮ ਪੂਰੀ ਤਰ੍ਹਾਂ ਅਣਜਾਣ ਬਣ ਕੇ ਪਰਿਵਾਰ ਦੇ ਨਾਲ ਹੀ ਬੱਚੀ ਨੂੰ ਲੱਭਣ ਦਾ ਡਰਾਮਾ ਕਰਨ ਲੱਗ ਪਈ ਤਾਂ ਜੋ ਕਿਸੇ ਨੂੰ ਵੀ ਉਸ ਤੇ ਸ਼ੱਕ ਨਾ ਹੋਵੇ।
ਪਰਿਵਾਰ ਨੇ ਤੁਰੰਤ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ। ਪੁਲਿਸ ਟੀਮ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕੀਤੀ ਤਾਂ ਨੀਲਮ ਖ਼ੁਦ ਦਿਲਰੋਜ਼ ਨੂੰ ਸਕੂਟੀ ਤੇ ਬਿਠਾ ਕੇ ਲਿਜਾਂਦੀ ਸਾਫ਼ ਨਜ਼ਰ ਆ ਗਈ। ਜਦੋਂ ਪੁਲਿਸ ਨੇ ਨੀਲਮ ਨੂੰ ਹਿਰਾਸਤ ਵਿੱਚ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਹ ਟੁੱਟ ਗਈ ਅਤੇ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ।
ਉਸ ਦੀ ਹੀ ਨਿਸ਼ਾਨਦੇਹੀ ਤੇ ਪੁਲਿਸ ਨੇ ਟੋਏ ਵਿੱਚੋਂ ਬੱਚੀ ਨੂੰ ਬਾਹਰ ਕੱਢਿਆ, ਪਰ ਜਦੋਂ ਉਸ ਨੂੰ ਡੀਐੱਮਸੀ (DMC) ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਨੀਲਮ ਵਿਰੁੱਧ ਆਈਪੀਸੀ ਦੀ ਧਾਰਾ 364 (ਕਤਲ ਦੇ ਇਰਾਦੇ ਨਾਲ ਅਗਵਾ ਕਰਨਾ), 302 (ਕਤਲ) ਅਤੇ 201 (ਸਬੂਤ ਨਸ਼ਟ ਕਰਨਾ) ਦੇ ਤਹਿਤ ਸੰਗੀਨ ਮਾਮਲਾ ਦਰਜ ਕੀਤਾ ਸੀ।
ਹੁਣ ਹਾਈਕੋਰਟ ਨੇ ਫਾਂਸੀ ਨੂੰ ਉਮਰਕੈਦ ਵਿੱਚ ਬਦਲਿਆ
ਸੈਸ਼ਨ ਕੋਰਟ ਵੱਲੋਂ ਸੁਣਾਈ ਗਈ ਫਾਂਸੀ ਦੀ ਸਜ਼ਾ ਦੇ ਖ਼ਿਲਾਫ਼ ਨੀਲਮ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ। ਇਸ ਪਟੀਸ਼ਨ ਤੇ ਸੁਣਵਾਈ ਕਰਦਿਆਂ 23 ਸਤੰਬਰ ਨੂੰ ਹਾਈਕੋਰਟ ਨੇ ਉਸ ਦੀ ਫਾਂਸੀ ਦੀ ਸਜ਼ਾ ਨੂੰ ਉਮਰਕੈਦ ਵਿੱਚ ਤਬਦੀਲ ਕਰ ਦਿੱਤਾ ਹੈ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਨੀਲਮ ਨੂੰ 30 ਸਾਲ ਤੱਕ ਸਲਾਖ਼ਾਂ ਪਿੱਛੇ ਹੀ ਰਹਿਣਾ ਪਵੇਗਾ ਅਤੇ ਇਸ ਦੌਰਾਨ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਛੁੱਟੀ ਜਾਂ ਪੈਰੋਲ ਨਹੀਂ ਮਿਲੇਗੀ।


