LPU ‘ਚ ਮੁੜ ਭਾਰੀ ਹੰਗਾਮਾ, ਗੇਟ ਬੰਦ ਕਰਨ ‘ਤੇ ਭੜਕੇ ਵਿਦਿਆਰਥੀਆਂ; ਕੈਂਪਸ ‘ਚ ਭਾਰੀ ਪੁਲਿਸ ਤੈਨਾਤ
ਨੈਸ਼ਨਲ ਹਾਈਵੇਅ ਤੇ ਸਥਿਤ ਨਾਮਵਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਫਗਵਾੜਾ ਵਿਖੇ ਐਤਵਾਰ ਸ਼ਾਮ ਨੂੰ ਇੱਕ ਵਾਰ ਫਿਰ ਭਾਰੀ ਹੰਗਾਮੇ ਅਤੇ ਤਣਾਅਪੂਰਨ ਸਥਿਤੀ ਪੈਦਾ ਹੋ ਗਈ। ਹੋਸਟਲਾਂ ਵੱਲ ਜਾਣ ਵਾਲੇ ਰਸਤੇ ਉੱਤੇ ਯੂਨੀਵਰਸਿਟੀ ਦੀ ਚਾਰਦੀਵਾਰੀ ਅੰਦਰ ਲੱਗੇ ਕੈਂਪਸ ਦੇ ਗੇਟ ਅਚਾਨਕ ਬੰਦ ਕਰ ਦਿੱਤੇ ਜਾਣ ਤੋਂ ਬਾਅਦ ਵਿਦਿਆਰਥੀ ਭੜਕ ਉੱਠੇ।
ਨੈਸ਼ਨਲ ਹਾਈਵੇਅ ਤੇ ਸਥਿਤ ਨਾਮਵਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਫਗਵਾੜਾ ਵਿਖੇ ਐਤਵਾਰ ਸ਼ਾਮ ਨੂੰ ਇੱਕ ਵਾਰ ਫਿਰ ਭਾਰੀ ਹੰਗਾਮੇ ਅਤੇ ਤਣਾਅਪੂਰਨ ਸਥਿਤੀ ਪੈਦਾ ਹੋ ਗਈ। ਹੋਸਟਲਾਂ ਵੱਲ ਜਾਣ ਵਾਲੇ ਰਸਤੇ ਉੱਤੇ ਯੂਨੀਵਰਸਿਟੀ ਦੀ ਚਾਰਦੀਵਾਰੀ ਅੰਦਰ ਲੱਗੇ ਕੈਂਪਸ ਦੇ ਗੇਟ ਅਚਾਨਕ ਬੰਦ ਕਰ ਦਿੱਤੇ ਜਾਣ ਤੋਂ ਬਾਅਦ ਵਿਦਿਆਰਥੀ ਭੜਕ ਉੱਠੇ। ਰੋਹ ਵਿੱਚ ਆਏ ਵਿਦਿਆਰਥੀਆਂ ਨੇ ਗੇਟਾਂ ਤੇ ਜ਼ਬਰਦਸਤ ਧੱਕਾ-ਮੁੱਕੀ ਕਰਦਿਆਂ ਉਨ੍ਹਾਂ ਨੂੰ ਜ਼ਬਰਦਸਤੀ ਖੋਲ੍ਹ ਦਿੱਤਾ। ਇਸ ਖਿੱਚੋ-ਤਾਣ ਅਤੇ ਹੰਗਾਮੇ ਦੌਰਾਨ ਇੱਕ ਗੇਟ ਦੇ ਟੁੱਟ ਜਾਣ ਦੀ ਸੂਚਨਾ ਵੀ ਸਾਹਮਣੇ ਆਈ ਹੈ।
ਕੈਂਪਸ ਅੰਦਰ ਹੰਗਾਮੇ ਦੀ ਸੂਚਨਾ ਮਿਲਦਿਆਂ ਹੀ ਪੰਜਾਬ ਪੁਲਿਸ ਦੀ ਭਾਰੀ ਨਫ਼ਰੀ ਤੁਰੰਤ ਮੌਕੇ ਤੇ ਰਵਾਨਾ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਵਿਦਿਆਰਥੀਆਂ ਨੂੰ ਸਮਝਾਉਣ ਅਤੇ ਮਾਹੌਲ ਨੂੰ ਸ਼ਾਂਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਮੌਕੇ ਤੇ ਮੌਜੂਦ ਪੰਜਾਬ ਪੁਲਿਸ ਦੇ ਡੀ.ਐੱਸ.ਪੀ. (DSP) ਓਂਕਾਰ ਸਿੰਘ ਬਰਾੜ ਨੇ ਸਪੱਸ਼ਟ ਕੀਤਾ ਕਿ ਪੁਲਿਸ ਪ੍ਰਸ਼ਾਸਨ ਵਿਦਿਆਰਥੀਆਂ ਤੇ ਕਿਸੇ ਕਿਸਮ ਦਾ ਬਲ ਪ੍ਰਯੋਗ ਨਹੀਂ ਕਰਨਾ ਚਾਹੁੰਦਾ ਅਤੇ ਆਪਸੀ ਗੱਲਬਾਤ ਰਾਹੀਂ ਹੀ ਸਥਿਤੀ ਨੂੰ ਕੰਟਰੋਲ ਵਿੱਚ ਲਿਆਉਣ ਦਾ ਯਤਨ ਕੀਤਾ ਜਾ ਰਿਹਾ ਹੈ।
ਪੁਲਿਸ ਹਰ ਪਹਿਲੂ ਦੀ ਕਰ ਰਹੀ ਹੈ ਸੁਣਵਾਈ: DSP
ਡੀ.ਐੱਸ.ਪੀ. ਓਂਕਾਰ ਸਿੰਘ ਬਰਾੜ ਅਨੁਸਾਰ ਵਿਦਿਆਰਥੀਆਂ ਵੱਲੋਂ ਕਈ ਤਰ੍ਹਾਂ ਦੇ ਸਵਾਲ ਅਤੇ ਮੰਗਾਂ ਰੱਖੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਪੁਲਿਸ ਬੜੀ ਗੰਭੀਰਤਾ ਨਾਲ ਸੁਣ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਵਿਦਿਆਰਥੀ ਹਾਈਵੇਅ ਤੇ ਧਰਨਾ ਲਗਾ ਕੇ ਬੈਠੇ ਹੋਏ ਹਨ, ਉਨ੍ਹਾਂ ਨੂੰ ਵੀ ਗੱਲਬਾਤ ਰਾਹੀਂ ਸਮਝਾ-ਬੁਝਾ ਕੇ ਉੱਥੋਂ ਹਟਾਉਣ ਦੇ ਯਤਨ ਜਾਰੀ ਹਨ ਤਾਂ ਜੋ ਆਵਾਜਾਈ ਵਿੱਚ ਕੋਈ ਵਿਘਨ ਨਾ ਪਵੇ ਅਤੇ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਬਹਾਲ ਹੋ ਸਕੇ।
ਮਾਮਲੇ ਦੌਰਾਨ ਵਿਦਿਆਰਥੀਆਂ ਵੱਲੋਂ ਇੱਕ ਕਥਿਤ ਬਲਾਤਕਾਰ ਪੀੜਤਾ ਨਾਲ ਜੁੜੇ ਗੰਭੀਰ ਦੋਸ਼ ਵੀ ਲਾਏ ਜਾ ਰਹੇ ਹਨ। ਇਸ ਬਾਬਤ ਡੀ.ਐੱਸ.ਪੀ. ਬਰਾੜ ਨੇ ਸਪੱਸ਼ਟ ਕੀਤਾ ਕਿ ਫ਼ਿਲਹਾਲ ਵਿਦਿਆਰਥੀਆਂ ਵੱਲੋਂ ਲਾਏ ਗਏ ਇਨ੍ਹਾਂ ਦੋਸ਼ਾਂ ਦੇ ਆਧਾਰ ਤੇ ਐੱਫ.ਆਈ.ਆਰ. (FIR) ਦਰਜ ਕਰ ਲਈ ਗਈ ਹੈ। ਪੁਲਿਸ ਕਥਿਤ ਪੀੜਤਾ ਦਾ ਪਤਾ ਲਗਾਉਣ ਅਤੇ ਪੂਰੇ ਘਟਨਾਕ੍ਰਮ ਦੀ ਅਸਲ ਸੱਚਾਈ ਸਾਹਮਣੇ ਲਿਆਉਣ ਲਈ ਗਹਿਨ ਪੜਤਾਲ ਕਰ ਰਹੀ ਹੈ।
ਵਿਦਿਆਰਥੀਆਂ ਦੇ ਰੋਹ ਦਾ ਕਾਰਨ ਅਤੇ SIT ਦਾ ਗਠਨ
ਡੀ.ਐੱਸ.ਪੀ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੰਵੇਦਨਸ਼ੀਲ ਮਾਮਲੇ ਦੀ ਨਿਰਪੱਖ ਪੜਤਾਲ ਲਈ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਗਿਆ ਹੈ। ਜਾਂਚ ਪ੍ਰਕਿਰਿਆ ਪਾਰਦਰਸ਼ੀ ਰਹੇ ਅਤੇ ਵਿਦਿਆਰਥੀਆਂ ਨੂੰ ਪਲ-ਪਲ ਦੀ ਕਾਰਵਾਈ ਬਾਰੇ ਜਾਣਕਾਰੀ ਮਿਲਦੀ ਰਹੇ, ਇਸ ਲਈ ਐੱਸ.ਆਈ.ਟੀ. ਵਿੱਚ ਵਿਦਿਆਰਥੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਸੇ ਆਧਾਰ ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ
ਦੂਜੇ ਪਾਸੇ, ਸ਼ਾਮ ਵੇਲੇ ਯੂਨੀਵਰਸਿਟੀ ਕੈਂਪਸ ਵਿੱਚ ਹੋਏ ਹੰਗਾਮੇ ਦੌਰਾਨ ਵੱਡੀ ਗਿਣਤੀ ਚ ਵਿਦਿਆਰਥੀ ਗੇਟਾਂ ਕੋਲ ਇਕੱਠੇ ਰਹੇ। ਵਿਦਿਆਰਥੀ ਲਗਾਤਾਰ ਬੰਦ ਕੀਤੇ ਗਏ ਗੇਟਾਂ ਨੂੰ ਤੁਰੰਤ ਖੋਲ੍ਹਣ ਦੀ ਮੰਗ ਤੇ ਅੜੇ ਹੋਏ ਸਨ। ਇਸੇ ਖਿੱਚੋਤਾਣ ਦੌਰਾਨ ਵਿਦਿਆਰਥੀਆਂ ਅਤੇ ਸੁਰੱਖਿਆ ਕਰਮੀਆਂ ਵਿਚਾਲੇ ਧੱਕਾ-ਮੁੱਕੀ ਹੋਈ ਅਤੇ ਗੇਟ ਟੁੱਟ ਗਿਆ, ਜਿਸ ਤੋਂ ਬਾਅਦ ਇਹਤਿਆਤ ਵਜੋਂ ਕੈਂਪਸ ਦੇ ਅੰਦਰ ਅਤੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ।
ਪੁਲਿਸ ਨਾਲ ਧੱਕਾ-ਮੁੱਕੀ ਦੀਆਂ ਵੀਡੀਓਜ਼ ਸਾਹਮਣੇ ਆਈਆਂ
ਘਟਨਾ ਨਾਲ ਸਬੰਧਤ ਸਾਹਮਣੇ ਆਈਆਂ ਵੀਡੀਓਜ਼ ਵਿੱਚ ਵਿਦਿਆਰਥੀ ਗੇਟਾਂ ਤੇ ਜ਼ੋਰ-ਅਜ਼ਮਾਈ ਕਰਦੇ, ਧੱਕਾ-ਮੁੱਕੀ ਕਰਦੇ ਅਤੇ ਉਨ੍ਹਾਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦੇ ਸਾਫ਼ ਦਿਖਾਈ ਦੇ ਰਹੇ ਹਨ। ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਵਿਦਿਆਰਥੀਆਂ ਨੂੰ ਸ਼ਾਂਤ ਰੱਖਣ ਦੇ ਯਤਨ ਲਗਾਤਾਰ ਜਾਰੀ ਹਨ। ਫ਼ਿਲਹਾਲ ਪੁਲਿਸ ਪ੍ਰਸ਼ਾਸਨ ਪੂਰੇ ਘਟਨਾਕ੍ਰਮ ਤੇ ਬਾਰੀਕੀ ਨਾਲ ਨਜ਼ਰ ਰੱਖ ਰਿਹਾ ਹੈ। ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਹਿਲੀ ਤਰਜੀਹ ਇਲਾਕੇ ਵਿੱਚ ਅਮਨ-ਸ਼ਾਂਤੀ ਬਣਾਈ ਰੱਖਣਾ ਹੈ। ਵਿਦਿਆਰਥੀਆਂ ਦੇ ਦੋਸ਼ਾਂ ਅਤੇ ਕਥਿਤ ਪੀੜਤਾ ਨਾਲ ਜੁੜੇ ਪੂਰੇ ਮਾਮਲੇ ਦੀ ਜਾਂਚ ਤੇਜ਼ੀ ਨਾਲ ਚੱਲ ਰਹੀ ਹੈ ਅਤੇ ਜਾਂਚ ਮੁਕੰਮਲ ਹੋਣ ਉਪਰੰਤ ਹੀ ਸਾਰੀ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਹੋ ਸਕੇਗੀ।


