ਖੰਨਾ ‘ਚ ਛੱਤ ‘ਤੇ ਚੜ੍ਹ ਕੇ ਐਨਕਾਊਂਟਰ ਦਾ ਡਰਾਮਾ ਕਰਨ ਵਾਲਾ ਨਿਕਲਿਆ ਬਦਮਾਸ਼, ਲੱਖਾਂ ਦੀ ਸੋਨਾ ਚੋਰੀ ਮਾਮਲੇ ‘ਚ ਸੀ ਲੋੜੀਂਦਾ

Updated On: 

08 Jul 2026 16:14 PM IST

ਖੰਨਾ ਦੇ ਬੁਲੇਪੁਰ ਵਿੱਚ ਛੱਤ 'ਤੇ ਚੜ੍ਹ ਕੇ ਐਨਕਾਊਂਟਰ ਦਾ ਹਾਈ-ਵੋਲਟੇਜ ਡਰਾਮਾ ਕਰਨ ਵਾਲਾ ਨੌਜਵਾਨ ਦੀਪੀ ਸੱਬਲ ਗੈਂਗ ਦਾ ਸ਼ਾਤਿਰ ਅਪਰਾਧੀ ਨਿਕਲਿਆ। ਉਹ ਲੱਖਾਂ ਰੁਪਏ ਦੀ ਸੋਨਾ ਚੋਰੀ ਦੇ ਮਾਮਲੇ ਵਿੱਚ ਲੋੜੀਂਦਾ ਸੀ। ਪੁਲਿਸ ਤੋਂ ਬਚਣ ਲਈ ਉਹ ਯੂਕੇ ਦੇ ਵਿਦੇਸ਼ੀ ਨੰਬਰ ਰਾਹੀਂ ਵਟਸਐਪ ਚਲਾ ਰਿਹਾ ਸੀ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਖੰਨਾ ਚ ਛੱਤ ਤੇ ਚੜ੍ਹ ਕੇ ਐਨਕਾਊਂਟਰ ਦਾ ਡਰਾਮਾ ਕਰਨ ਵਾਲਾ ਨਿਕਲਿਆ ਬਦਮਾਸ਼, ਲੱਖਾਂ ਦੀ ਸੋਨਾ ਚੋਰੀ ਮਾਮਲੇ ਚ ਸੀ ਲੋੜੀਂਦਾ

ਲੁਧਿਆਣਾ ਦੇ ਖੰਨਾ ਅਧੀਨ ਪੈਂਦੇ ਪਿੰਡ ਬੁਲੇਪੁਰ ਵਿੱਚ ਬੀਤੇ ਦਿਨੀਂ ਘਰ ਦੀ ਛੱਡ ‘ਤੇ ਚੜ੍ਹ ਕੇ ਆਪਣੇ ਐਨਕਾਊਂਟਰ ਹੋਣ ਦਾ ਖ਼ਦਸ਼ਾ ਪ੍ਰਗਟਾਉਣ ਵਾਲਾ ਨੌਜਵਾਨ ਇੱਕ ਸ਼ਾਤਿਰ ਅਤੇ ਪੁਲਿਸ ਨੂੰ ਲੋੜੀਂਦਾ ਅਪਰਾਧੀ ਨਿਕਲਿਆ ਹੈ। ਪੁਲਿਸ ਵੱਲੋਂ ਕੀਤੀ ਗਈ ਸਖ਼ਤੀ ਨਾਲ ਪੁੱਛਗਿੱਛ ਦੌਰਾਨ ਇਹ ਵੱਡਾ ਖੁਲਾਸਾ ਹੋਇਆ ਹੈ ਕਿ ਉਕਤ ਨੌਜਵਾਨ ਖੰਨਾ ਸਿਟੀ ਥਾਨਾ-2 ਵਿੱਚ ਦਰਜ ਲੱਖਾਂ ਰੁਪਏ ਦੇ ਸੋਨੇ ਦੀ ਚੋਰੀ ਦੇ ਇੱਕ ਹਾਈ-ਪ੍ਰੋਫਾਈਲ ਮਾਮਲੇ ਵਿੱਚ ਕਾਫੀ ਲੰਬੇ ਸਮੇਂ ਤੋਂ ਭਗੌੜਾ ਚੱਲ ਰਿਹਾ ਸੀ। ਪੁਲਿਸ ਨੇ ਹੁਣ ਉਸ ਨੂੰ ਰਸਮੀ ਤੌਰ ‘ਤੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਪੁਲਿਸ ਹਿਰਾਸਤ ਵਿੱਚ ਲਏ ਗਏ ਮੁਲਜ਼ਮ ਦੀ ਪਛਾਣ ਦਿਲਦੀਪ ਸਿੰਘ ਉਰਫ਼ ਦੀਪੀ ਵਜੋਂ ਹੋਈ ਹੈ, ਜੋ ਕਿ ਪਿੰਡ ਬੁਲੇਪੁਰ, ਖੰਨਾ ਦਾ ਹੀ ਰਹਿਣ ਵਾਲਾ ਹੈ। ਪੁਲਿਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੀਪੀ ਖੰਨਾ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਦਹਿਸ਼ਤ ਦਾ ਪ੍ਰਤੀਕ ਬਣੇ ‘ਸੱਬਲ ਗੈਂਗ’ ਦਾ ਇੱਕ ਬੇਹੱਦ ਸਰਗਰਮ ਮੈਂਬਰ ਹੈ। ਇਹ ਅਪਰਾਧਿਕ ਗੈਂਗ ਖੇਤਰ ਵਿੱਚ ਚੋਰੀ ਦੀਆਂ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ।

ਪੁਲਿਸ ਅਧਿਕਾਰੀਆਂ ਮੁਤਾਬਕ, ਜਨਵਰੀ 2026 ਵਿੱਚ ਵਾਪਰੇ ਲੱਖਾਂ ਰੁਪਏ ਦੇ ਸੋਨੇ ਦੀ ਚੋਰੀ ਦੇ ਸਬੰਧ ਵਿੱਚ ਇਸ ਗੈਂਗ ਦੇ ਅੱਠ ਮੈਂਬਰਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਕਾਰਵਾਈ ਦੌਰਾਨ ਬਾਕੀ ਮੁਲਜ਼ਮ ਤਾਂ ਫੜੇ ਗਏ ਸਨ, ਪਰ ਦੀਪੀ ਉਦੋਂ ਤੋਂ ਹੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਚੱਲ ਰਿਹਾ ਸੀ ਅਤੇ ਲਗਾਤਾਰ ਵੱਖ-ਵੱਖ ਥਾਵਾਂ ‘ਤੇ ਆਪਣੀ ਪਛਾਣ ਛੁਪਾ ਕੇ ਰਹਿ ਰਿਹਾ ਸੀ।

ਬਚਣ ਲਈ ਵਿਦੇਸ਼ੀ ਨੰਬਰ ਦਾ ਕਰਦਾ ਸੀ ਇਸਤੇਮਾਲ

ਪੁੱਛਗਿੱਛ ਦੌਰਾਨ ਪੁਲਿਸ ਦੇ ਹੱਥ ਇੱਕ ਹੋਰ ਅਹਿਮ ਸੁਰਾਗ ਲੱਗਿਆ ਹੈ ਕਿ ਮੁਲਜ਼ਮ ਪੁਲਿਸ ਦੀ ਰਾਡਾਰ ਤੋਂ ਬਚਣ ਲਈ ਕਿਸੇ ਭਾਰਤੀ ਮੋਬਾਈਲ ਨੰਬਰ ਦੀ ਬਜਾਏ ਵਿਦੇਸ਼ੀ, ਖਾਸ ਕਰਕੇ ਯੂਕੇ ਦੇ ਨੰਬਰ ਦੀ ਵਰਤੋਂ ਕਰ ਰਿਹਾ ਸੀ। ਉਹ ਇਸੇ ਵਿਦੇਸ਼ੀ ਨੰਬਰ ਰਾਹੀਂ ਵਟਸਐਪ ਚਲਾ ਕੇ ਆਪਣੇ ਹੋਰਨਾਂ ਸਾਥੀਆਂ ਅਤੇ ਸੰਪਰਕਾਂ ਨਾਲ ਜੁੜਿਆ ਹੋਇਆ ਸੀ। ਇੰਨਾ ਹੀ ਨਹੀਂ, ਉਹ ਆਮ ਲੋਕਾਂ ਅਤੇ ਜਾਣਕਾਰਾਂ ਨੂੰ ਇਹ ਵਿਸ਼ਵਾਸ ਦਿਵਾਉਂਦਾ ਸੀ ਕਿ ਉਹ ਭਾਰਤ ਛੱਡ ਕੇ ਵਿਦੇਸ਼ ਵਿੱਚ ਰਹਿ ਰਿਹਾ ਹੈ। ਪੁਲਿਸ ਦਾ ਮੰਨਣਾ ਹੈ ਕਿ ਉਸ ਨੇ ਆਪਣੀ ਅਸਲ ਲੋਕੇਸ਼ਨ ਨੂੰ ਗੁਪਤ ਰੱਖਣ ਅਤੇ ਪੁਲਿਸ ਦੀ ਸਾਈਬਰ ਨਿਗਰਾਨੀ ਨੂੰ ਗੁੰਮਰਾਹ ਕਰਨ ਲਈ ਹੀ ਇਸ ਵਿਦੇਸ਼ੀ ਨੰਬਰ ਦਾ ਸਹਾਰਾ ਲਿਆ ਸੀ।

ਕਿਰਾਏ ਦੇ ਮਕਾਨ ਵਿੱਚ ਵੈਰੀਫਿਕੇਸ਼ਨ ਕਰਨ ਪਹੁੰਚੀ ਸੀ ਟੀਮ

ਜ਼ਿਕਰਯੋਗ ਹੈ ਕਿ ਲੰਘੇ ਮੰਗਲਵਾਰ ਨੂੰ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ ‘ਤੇ ਟੀਮ ਪਿੰਡ ਬੁਲੇਪੁਰ ਸਥਿਤ ਉਸ ਦੇ ਕਿਰਾਏ ਦੇ ਮਕਾਨ ਵਿੱਚ ਵੈਰੀਫਿਕੇਸ਼ਨ (ਜਾਂਚ) ਲਈ ਪਹੁੰਚੀ ਸੀ। ਪਰ ਪੁਲਿਸ ਫੋਰਸ ਨੂੰ ਦੇਖਦਿਆਂ ਹੀ ਮੁਲਜ਼ਮ ਘਬਰਾ ਗਿਆ ਅਤੇ ਉਸ ਨੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਇਸ ਤੋਂ ਬਾਅਦ ਉਹ ਤੁਰੰਤ ਮਕਾਨ ਦੀ ਛੱਤ ‘ਤੇ ਚੜ੍ਹ ਗਿਆ।

ਛੱਤ ‘ਤੇ ਚੜ੍ਹ ਕੇ ਉਸ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਲਾਈਵ ਕਰਕੇ ਵਾਇਰਲ ਕਰ ਦਿੱਤੀ, ਜਿਸ ਵਿੱਚ ਉਸ ਨੇ ਦਾਅਵਾ ਕੀਤਾ ਕਿ ਪੁਲਿਸ ਉਸ ਦਾ ਐਨਕਾਊਂਟਰ ਕਰਨ ਆਈ ਹੈ ਅਤੇ ਉਸ ਦੀ ਜਾਨ ਨੂੰ ਖ਼ਤਰਾ ਹੈ। ਕਰੀਬ ਦੋ ਘੰਟੇ ਤੱਕ ਚੱਲੇ ਇਸ ਹਾਈ-ਵੋਲਟੇਜ ਡਰਾਮੇ ਤੋਂ ਬਾਅਦ, ਕਾਊਂਟਰ ਇੰਟੈਲੀਜੈਂਸ ਅਤੇ ਸਥਾਨਕ ਪੁਲਿਸ ਨੇ ਬੜੀ ਮੁਸ਼ਕਲ ਅਤੇ ਸੂਝ-ਬੂਝ ਨਾਲ ਉਸ ਨੂੰ ਸੁਰੱਖਿਅਤ ਹੇਠਾਂ ਉਤਾਰਿਆ ਸੀ।

ਪਹਿਲਾਂ ਵੀ ਦਰਜ ਹੈ ਕਈ ਸੰਗੀਨ ਮੁਕੱਦਮੇ

ਪੁਲਿਸ ਰਿਕਾਰਡ ਦੀ ਜਾਂਚ ਕਰਨ ‘ਤੇ ਪਤਾ ਲੱਗਿਆ ਹੈ ਕਿ ਮੁਲਜ਼ਮ ਦਿਲਦੀਪ ਸਿੰਘ ਉਰਫ਼ ਦੀਪੀ ਦਾ ਪੁਰਾਣਾ ਅਪਰਾਧਿਕ ਪਿਛੋਕੜ ਹੈ। ਉਸ ਦੇ ਖ਼ਿਲਾਫ਼ ਪਹਿਲਾਂ ਵੀ ਜਾਨਲੇਵਾ ਹਮਲਾ ਕਰਨ, ਨਾਜਾਇਜ਼ ਹਥਿਆਰ ਰੱਖਣ (ਆਰਮਜ਼ ਐਕਟ) ਸਮੇਤ ਹੋਰ ਕਈ ਸੰਗੀਨ ਅਪਰਾਧਿਕ ਮਾਮਲੇ ਦਰਜ ਹਨ। ਹੁਣ ਪੁਲਿਸ ਉਸ ਦੇ ਪੂਰੇ ਨੈੱਟਵਰਕ, ਗੈਂਗ ਦੇ ਬਾਕੀ ਮੈਂਬਰਾਂ ਅਤੇ ਵਿਦੇਸ਼ੀ ਨੰਬਰ ਰਾਹੀਂ ਕੀਤੇ ਗਏ ਸੰਪਰਕਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਸਿਟੀ ਥਾਣਾ-2 ਦੇ ਐੱਸਐੱਚਓ ਤਰਵਿੰਦਰ ਕੁਮਾਰ ਬੇਦੀ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁਲਜ਼ਮ ਸੋਨਾ ਚੋਰੀ ਦੇ ਮਾਮਲੇ ਵਿੱਚ ਲੰਬੇ ਸਮੇਂ ਤੋਂ ਲੋੜੀਂਦਾ ਸੀ, ਜਿਸ ਨੂੰ ਹੁਣ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਦਾਲਤ ਤੋਂ ਰਿਮਾਂਡ ਹਾਸਲ ਕਰਨ ਤੋਂ ਬਾਅਦ, ਪੁੱਛਗਿੱਛ ਦੌਰਾਨ ਕਈ ਹੋਰ ਵਾਰਦਾਤਾਂ ਅਤੇ ਉਸ ਦੇ ਸਾਥੀਆਂ ਬਾਰੇ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

Follow Us
Related Stories
ਮੰਡੀ ਗੋਬਿੰਦਗੜ੍ਹ ਨਗਰ ਕੌਂਸਲ ‘ਚ ਹਰਪ੍ਰੀਤ ਪ੍ਰਿੰਸ ਨੇ ਸੰਭਾਲੀ ਪ੍ਰਧਾਨਗੀ ਦੀ ਕੁਰਸੀ, ਸਮਾਗਮ ‘ਚ ਪਹੁੰਚੇ ਵਿਧਾਇਕ ਗੈਰੀ ਬੜਿੰਗ
ਪੰਜਾਬ ਦੀਆਂ ਔਰਤਾਂ ਲਈ CM ਮਾਨ ਦਾ ਐਲਾਨ, ਜੇ ਨਾ ਕੀਤਾ ਇਹ ਕੰਮ ਤਾਂ ਬੰਦ ਹੋ ਸਕਦੀ ਹੈ ‘ਮਾਵਾ ਧੀਆ ਯੋਜਨਾ’ ਦੀ ਰਾਸ਼ੀ
ਮਾਨਸੂਨ ਦੀ ਸ਼ੁਰੂਆਤ ਦੇ ਨਾਲ ਘੱਗਰ ਦਰਿਆ ਦੇ ਕੰਢੇ ਚੌਕਸੀ, ਪ੍ਰਸ਼ਾਸਨ ਕਮਜ਼ੋਰ ਬੰਨ੍ਹਾਂ ਨੂੰ ਮਜ਼ਬੂਤ ​​ਕਰਨ ‘ਚ ਰੁੱਝਿਆ
FBI ਦੀ ਕ੍ਰਿਮਿਨਲ ਲਿਸਟ ‘ਚ ਆਉਣ ਤੋਂ ਬਾਅਦ SHO ਟਾਂਡਾ ਗੁਰਿੰਦਰਜੀਤ ਲਾਈਨ ਹਾਜ਼ਰ, ਐਸਪੀ ਦਿਹਾਤੀ ਜਲੰਧਰ ਕਰਨਗੇ ਜਾਂਚ
ਅੰਮ੍ਰਿਤਸਰ ‘ਚ ਕਾਊਂਟਰ-ਇੰਟੈਲੀਜੈਂਸ ਨੂੰ ਵੱਡੀ ਸਫਲਤਾ, 6 ਹੈਂਡ ਗ੍ਰਨੇਡ ਤੇ 12 ਪਿਸਤੌਲ ਬਰਾਮਦ; 3 ਮੁਲਜ਼ਮ ਗ੍ਰਿਫ਼ਤਾਰ
328 ਪਾਵਨ ਸਰੂਪ ਮਾਮਲਾ: SIT ਨੇ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦਾ ਕੀਤਾ ਦੌਰਾ, ਤਿੰਨ ਘੰਟੇ ਤੱਕ ਚੱਲੀ ਗਹਿਰਾਈ ਨਾਲ ਜਾਂਚ