328 ਪਾਵਨ ਸਰੂਪ ਮਾਮਲਾ: SIT ਨੇ ਸ੍ਰੀ ਰਾਮਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦਾ ਕੀਤਾ ਦੌਰਾ, ਤਿੰਨ ਘੰਟੇ ਤੱਕ ਚੱਲੀ ਗਹਿਰਾਈ ਨਾਲ ਜਾਂਚ
ਲਗਭਗ ਤਿੰਨ ਘੰਟੇ ਤੱਕ ਚੱਲੀ ਇਸ ਜਾਂਚ ਦੌਰਾਨ ਐਸਆਈਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਦੀ ਪ੍ਰਕਿਰਿਆ, ਸੰਭਾਲ, ਭੇਟ ਪ੍ਰਾਪਤ ਕਰਨ ਦੇ ਤਰੀਕੇ ਤੇ ਸਰੂਪਾਂ ਦੀ ਵੰਡ ਨਾਲ ਜੁੜੇ ਹਰ ਪੱਖ ਦੀ ਵਿਸਥਾਰ ਨਾਲ ਜਾਂਚ ਕੀਤੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਅਹੁਦੇਦਾਰਾਂ ਅਤੇ ਸਬੰਧਤ ਕਰਮਚਾਰੀਆਂ ਨਾਲ ਰਸਮੀ ਤੇ ਗੈਰ-ਰਸਮੀ ਤੌਰ 'ਤੇ ਵੀ ਵਿਸਥਾਰਪੂਰਵਕ ਗੱਲਬਾਤ ਕੀਤੀ ਗਈ।
328 ਪਾਵਨ ਸਰੂਪਾਂ ਨਾਲ ਸਬੰਧਤ ਮਾਮਲੇ ਦੀ ਜਾਂਚ ਹੁਣ ਅਹਿਮ ਪੜਾਅ ‘ਚ ਦਾਖਲ ਹੋ ਚੁੱਕੀ ਹੈ। ਇਸ ਮਾਮਲੇ ਦੀ ਜਾਂਚ ਲਈ ਗਠਿਤ ਕੀਤੀ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸਆਈਟੀ) ਦੇ ਚੇਅਰਮੈਨ ਡੀਆਈਜੀ ਨਾਨਕ ਸਿੰਘ ਦੀ ਅਗਵਾਈ ਹੇਠ ਟੀਮ ਅੰਮ੍ਰਿਤਸਰ ਪਹੁੰਚੀ। ਐਸਆਈਟੀ ਵੱਲੋਂ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਦੇ ਨਾਲ ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦਾ ਦੌਰਾ ਕਰਕੇ ਪਾਵਨ ਸਰੂਪਾਂ ਦੀ ਛਪਾਈ, ਸੰਭਾਲ ਤੇ ਵੰਡ ਨਾਲ ਸਬੰਧਤ ਪੂਰੇ ਪ੍ਰਬੰਧ ਦਾ ਬਰੀਕੀ ਨਾਲ ਜਾਇਜ਼ਾ ਲਿਆ ਗਿਆ।
ਲਗਭਗ ਤਿੰਨ ਘੰਟੇ ਤੱਕ ਚੱਲੀ ਇਸ ਜਾਂਚ ਦੌਰਾਨ ਐਸਆਈਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਦੀ ਪ੍ਰਕਿਰਿਆ, ਸੰਭਾਲ, ਭੇਟ ਪ੍ਰਾਪਤ ਕਰਨ ਦੇ ਤਰੀਕੇ ਤੇ ਸਰੂਪਾਂ ਦੀ ਵੰਡ ਨਾਲ ਜੁੜੇ ਹਰ ਪੱਖ ਦੀ ਵਿਸਥਾਰ ਨਾਲ ਜਾਂਚ ਕੀਤੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਅਹੁਦੇਦਾਰਾਂ ਅਤੇ ਸਬੰਧਤ ਕਰਮਚਾਰੀਆਂ ਨਾਲ ਰਸਮੀ ਤੇ ਗੈਰ-ਰਸਮੀ ਤੌਰ ‘ਤੇ ਵੀ ਵਿਸਥਾਰਪੂਰਵਕ ਗੱਲਬਾਤ ਕੀਤੀ ਗਈ।
ਮੀਡੀਆ ਨਾਲ ਗੱਲਬਾਤ ਕਰਦਿਆਂ ਡੀਆਈਜੀ ਨਾਨਕ ਸਿੰਘ ਨੇ ਦੱਸਿਆ ਕਿ ਐਸਆਈਟੀ ਦੀ ਜਾਂਚ ਹੁਣ ਕਾਫ਼ੀ ਅਡਵਾਂਸ ਪੜਾਅ ‘ਤੇ ਪਹੁੰਚ ਚੁੱਕੀ ਹੈ। ਉਨ੍ਹਾਂ ਕਿਹਾ ਕਿ ਟੀਮ ਵੱਲੋਂ ਹਰ ਤੱਥ ਨੂੰ ਗੰਭੀਰਤਾ ਨਾਲ ਪਰਖਿਆ ਜਾ ਰਿਹਾ ਹੈ ਤੇ ਜਾਂਚ ਨੂੰ ਜਲਦ ਹੀ ਉਸ ਦੇ ਤਰਕਸੰਗਤ ਨਤੀਜੇ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਐਸਆਈਟੀ ਨੇ ਖ਼ੁਦ ਛਪਾਈ ਕੇਂਦਰ ਦਾ ਦੌਰਾ ਕਰਕੇ ਪੂਰੀ ਪ੍ਰਕਿਰਿਆ ਨੂੰ ਸਮਝਿਆ ਹੈ ਕਿ ਪਾਵਨ ਸਰੂਪ ਕਿਸ ਤਰ੍ਹਾਂ ਛਾਪੇ ਜਾਂਦੇ ਹਨ, ਕਿਵੇਂ ਸੰਭਾਲੇ ਜਾਂਦੇ ਹਨ ਤੇ ਸੰਗਤ ਨੂੰ ਕਿਸ ਪ੍ਰਕਿਰਿਆ ਤਹਿਤ ਭੇਟ ਕੀਤੇ ਜਾਂਦੇ ਹਨ।
ਡੀਆਈਜੀ ਨਾਨਕ ਸਿੰਘ ਨੇ ਕਿਹਾ ਕਿ ਜਾਂਚ ਲਈ ਲੋੜੀਂਦਾ ਰਿਕਾਰਡ ਸ਼੍ਰੋਮਣੀ ਕਮੇਟੀ ਵੱਲੋਂ ਲਗਾਤਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪਹਿਲਾਂ ਵੀ ਕਾਫ਼ੀ ਦਸਤਾਵੇਜ਼ ਐਸਆਈਟੀ ਨੂੰ ਸੌਂਪੇ ਜਾ ਚੁੱਕੇ ਹਨ ਤੇ ਹੁਣ ਵੀ ਜਿਹੜਾ ਵੀ ਰਿਕਾਰਡ ਮੰਗਿਆ ਜਾਂਦਾ ਹੈ, ਉਹ ਬਿਨਾਂ ਕਿਸੇ ਦੇਰੀ ਦੇ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਰਿਕਾਰਡ ਤੇ ਇਕੱਠੇ ਕੀਤੇ ਗਏ ਹੋਰ ਸਬੂਤਾਂ ਦੇ ਆਧਾਰ ‘ਤੇ ਹੀ ਜਾਂਚ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।
ਐਸਆਈਟੀ ਦੀ ਇਸ ਕਾਰਵਾਈ ਨੂੰ ਮਾਮਲੇ ਦੀ ਜਾਂਚ ‘ਚ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਹੁਣ ਸਭ ਦੀਆਂ ਨਜ਼ਰਾਂ ਐਸਆਈਟੀ ਦੀ ਅੰਤਿਮ ਰਿਪੋਰਟ ‘ਤੇ ਟਿਕੀਆਂ ਹੋਈਆਂ ਹਨ, ਜਿਸ ਤੋਂ ਇਹ ਸਪੱਸ਼ਟ ਹੋਵੇਗਾ ਕਿ 328 ਪਾਵਨ ਸਰੂਪਾਂ ਦੇ ਮਾਮਲੇ ‘ਚ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ ਤੇ ਅੱਗੇ ਕੀ ਕਾਰਵਾਈ ਕੀਤੀ ਜਾਵੇਗੀ।
