ਖਾਲਿਸਤਾਨੀ ਨਾਅਰੇ ਮਾਮਲੇ ਤੋਂ ਬਾਅਦ ਪੁਲਿਸ ਸਖ਼ਤ, ਥਾਂ-ਥਾਂ ਚੈਕਿੰਗ, CCTV ਦੇ ਕੀਤੇ ਜਾ ਰਹੇ ਪ੍ਰਬੰਧ
Khalistani Slogan Case: ਚੈਕਿੰਗ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਡੀਜੀਪੀ ਸਪੈਸ਼ਲ ਸ਼ਸ਼ੀ ਪ੍ਰਭਾ ਦਵੇਦੀ ਨੇ ਕਿਹਾ ਕਿ ਇਹ ਸਰਪ੍ਰਾਈਜ਼ ਰੇਡ ਕਈ ਹੋਰ ਸਥਾਨਾਂ 'ਤੇ ਵੀ ਕੀਤੀਆਂ ਜਾ ਰਹੀਆਂ ਹਨ, ਇੱਥੇ ਬੱਸ ਅੱਡਾ, ਜੇਲ੍ਹ, ਤੇ ਹੋਰ ਭੀੜਭਾੜ ਵਾਲੇ ਇਲਾਕੇ। ਉਨ੍ਹਾਂ ਕਿਹਾ ਕਿ ਉਦੇਸ਼ ਸਿੱਧਾ ਹੈ ਕਿ ਮਾੜੇ ਅਨਸਰਾਂ ਉੱਤੇ ਨਜ਼ਰ ਰੱਖੀ ਜਾਵੇ ਅਤੇ ਕਿਸੇ ਵੀ ਸ਼ਕਤੀਸ਼ਾਲੀ ਘਟਨਾ ਤੋਂ ਪਹਿਲਾਂ ਹੀ ਰੋਕਥਾਮ ਕੀਤੀ ਜਾਵੇ।
ਅੰਮ੍ਰਿਤਸਰ ਵਿੱਚ ਖਾਲਿਸਤਾਨ ਹਮਾਇਤ ਵਿੱਚ ਲਿਖਤਾਂ ਦੇ ਮਾਮਲਿਆਂ ਨੇ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ ਹੈ। 15 ਅਗਸਤ ਦੇ ਮੱਦੇਨਜ਼ਰ ਅੰਮ੍ਰਿਤਸਰ ਪੁਲਿਸ ਤੇ ਸਪੈਸ਼ਲ ਟੀਮਾਂ ਵੱਲੋਂ ਵੱਖ ਵੱਖ ਸਥਾਨਾਂ ‘ਤੇ ਸਰਪ੍ਰਾਈਜ਼ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸੰਦਰਭ ਵਿੱਚ ਡੀਜੀਪੀ ਸਪੈਸ਼ਲ ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ।
ਚੈਕਿੰਗ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਡੀਜੀਪੀ ਸਪੈਸ਼ਲ ਸ਼ਸ਼ੀ ਪ੍ਰਭਾ ਦਵੇਦੀ ਨੇ ਕਿਹਾ ਕਿ ਇਹ ਸਰਪ੍ਰਾਈਜ਼ ਰੇਡ ਕਈ ਹੋਰ ਸਥਾਨਾਂ ‘ਤੇ ਵੀ ਕੀਤੀਆਂ ਜਾ ਰਹੀਆਂ ਹਨ, ਇੱਥੇ ਬੱਸ ਅੱਡਾ, ਜੇਲ੍ਹ, ਤੇ ਹੋਰ ਭੀੜਭਾੜ ਵਾਲੇ ਇਲਾਕੇ ਹਨ। ਉਨ੍ਹਾਂ ਕਿਹਾ ਕਿ ਉਦੇਸ਼ ਸਿੱਧਾ ਹੈ ਕਿ ਮਾੜੇ ਅਨਸਰਾਂ ਉੱਤੇ ਨਜ਼ਰ ਰੱਖੀ ਜਾਵੇ ਅਤੇ ਕਿਸੇ ਵੀ ਸ਼ਕਤੀਸ਼ਾਲੀ ਘਟਨਾ ਤੋਂ ਪਹਿਲਾਂ ਹੀ ਰੋਕਥਾਮ ਕੀਤੀ ਜਾਵੇ।
ਹੇਲਪਲਾਈਨ ਨੰਬਰ ਵੀ ਕੀਤਾ ਜਾਰੀ
ਡੀਜੀਪੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਖਾਲਿਸਤਾਨ ਹਮਾਇਤ ਵਿੱਚ ਜਿਹੜੀਆਂ ਲਿਖਤਾਂ ਕੀਤੀਆਂ ਜਾਂਦੀਆਂ ਹਨ, ਉਨ੍ਹਾਂ ਦੀ ਜਾਂਚ ਕਰਨਾ ਔਖਾ ਹੁੰਦਾ ਹੈ ਕਿਉਂਕਿ ਕਈ ਵਾਰੀ ਲੋਕ ਵੀਡੀਓ ਵਾਇਰਲ ਕਰ ਦਿੰਦੇ ਹਨ, ਪਰ ਮੌਕੇ ‘ਤੇ ਅਜਿਹਾ ਕੁਝ ਨਹੀਂ ਹੁੰਦਾ। ਇਸ ਕਰਕੇ ਪੁਲਿਸ ਪੂਰੀ ਇਨਵੈਸਟੀਗੇਸ਼ਨ ਕਰਕੇ ਹੀ ਦੋਸ਼ੀਆਂ ਦੀ ਗ੍ਰਿਫਤਾਰੀ ਕਰਦੀ ਹੈ। ਅਜੇਹੀਆਂ ਕਾਰਵਾਈਆਂ ਵਿੱਚ ਰਾਜਨੀਤਿਕ ਪੱਖ ਦੀ ਸ਼ਮੂਲੀਅਤ ਹੋਣ ਦੇ ਅਸਾਰ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਰੇਲਵੇ ਸਟੇਸ਼ਨ ‘ਤੇ ਲਾਵਾਰਿਸ ਚੀਜ਼ਾਂ ਦੀ ਪਛਾਣ ਲਈ ਇੱਕ ਹੇਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ, ਜਿਸ ‘ਤੇ ਆਮ ਲੋਕ ਕਿਸੇ ਵੀ ਸ਼ੱਕੀ ਚੀਜ਼ ਦੀ ਸੂਚਨਾ ਦੇ ਸਕਦੇ ਹਨ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਕਿਸੇ ਵੀ ਗੈਰਕਾਨੂੰਨੀ ਗਤੀਵਿਧੀ ਨੂੰ ਵੇਖਦੇ ਹਨ ਤਾਂ ਤੁਰੰਤ ਪੁਲਿਸ ਨੂੰ ਜਾਣਕਾਰੀ ਦੇਣ। ਸੁਰੱਖਿਆ ਪ੍ਰਬੰਧਾਂ ਦੇ ਤਹਿਤ ਰਾਤ ਨੂੰ ਵੀ ਨਾਕਾਬੰਦੀ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਰਾਰਤੀ ਅਨਸਰ ਕਈ ਵਾਰੀ ਸਿਰਫ ਕੁਝ ਸਕਿੰਟਾਂ ਲਈ ਆਉਂਦੇ ਹਨ ਅਤੇ ਲਿਖਤ ਕਰਕੇ ਚਲੇ ਜਾਂਦੇ ਹਨ। ਇਹਨਾਂ ਦੀ ਪਛਾਣ ਲਈ ਨਵੇਂ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ, ਖਾਸ ਕਰਕੇ ਉਹਨਾਂ ਥਾਵਾਂ ‘ਤੇ ਜਿਥੇ ਪਹਿਲਾਂ ਘਟਨਾਵਾਂ ਹੋ ਚੁੱਕੀਆਂ ਹਨ।
ਸ਼ਿਵਾਲਾ ਮੰਦਰ ‘ਤੇ ਵੀ ਲਿਖੇ ਸਨ ਨਾਅਰੇ
ਸ਼ਿਵਾਲਾ ਮੰਦਰ ਅਤੇ ਸ਼ਵਾਲਾ ਪੁਲਿਸ ਚੌਂਕੀ ਦੇ ਨੇੜੇ ਹੋਈ ਘਟਨਾ ਉਪਰ ਵੀ ਪੁਲਿਸ ਦੀ ਨਜ਼ਰ ਹੈ, ਅਤੇ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਇਨ੍ਹਾਂ ਲੋਕਾਂ ਨੂੰ ਕਾਨੂੰਨੀ ਸਜ਼ਾ ਦਿੱਤੀ ਜਾਵੇਗੀ। ਅੰਤ ਵਿੱਚ ਪੁਲਿਸ ਵੱਲੋਂ ਇਹ ਵੀ ਸੂਚਨਾ ਦਿੱਤੀ ਗਈ ਕਿ ਸਾਰੇ ਅੰਮ੍ਰਿਤਸਰ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਸਖ਼ਤ ਕਦਮ ਚੁੱਕੇ ਜਾਣਗੇ।


