ਦਿੱਲੀ: ਫੈਜ਼-ਏ-ਇਲਾਹੀ ਮਸਜਿਦ ਨੇੜੇ ਬੁਲਡੋਜ਼ਰ ਦੀ ਕਾਰਵਾਈ; ਲੋਕਾਂ ਨੇ ਕੀਤੀ ਪੱਥਰਬਾਜ਼ੀ
ਦਿੱਲੀ ਦੇ ਤੁਰਕਮਾਨ ਗੇਟ 'ਤੇ ਅੱਧੀ ਰਾਤ ਨੂੰ ਫੈਜ਼-ਏ-ਇਲਾਹੀ ਮਸਜਿਦ ਦੇ ਬਾਹਰ ਨਾਜਾਇਜ਼ ਕਬਜ਼ੇ ਹਟਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਦੇਖ ਸਥਾਨਕ ਲੋਕ ਭੜਕ ਗਏ ਤੇ ਨਾਅਰੇਬਾਜ਼ੀ ਕਰਨ ਲੱਗੇ।
ਦਿੱਲੀ ਦੇ ਤੁਰਕਮਾਨ ਗੇਟ ‘ਤੇ ਫੈਜ਼-ਏ-ਇਲਾਹੀ ਮਸਜਿਦ ਦੇ ਬਾਹਰ ਅੱਧੀ ਰਾਤ ਨੂੰ ਨਾਜਾਇਜ਼ ਕਬਜ਼ੇ ਹਟਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਵੇਂ ਹੀ ਦਿੱਲੀ ਨਗਰ ਨਿਗਮ (MCD) ਦੇ ਬੁਲਡੋਜ਼ਰਾਂ ਨਾਲ ਤੋੜ-ਫੋੜ ਸ਼ੁਰੂ ਕੀਤੀ, ਭੀੜ ਗੁੱਸੇ ‘ਚ ਆ ਗਈ ਤੇ ਨਾਅਰੇਬਾਜ਼ੀ ਕਰਨ ਲੱਗੀ। ਪੁਲਿਸ ਨੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ।
ਲੋਕ ਤੁਰਕਮਾਨ ਗੇਟ ਨੇੜੇ ਬੈਰੀਕੇਡਿੰਗ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਸਨ। ਜਦੋਂ ਪੁਲਿਸ ਨੇ ਦਖਲ ਦਿੱਤਾ ਤਾਂ ਉਨ੍ਹਾਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਫਿਰ ਪੁਲਿਸ ਨੇ ਦੰਗਾਕਾਰੀਆਂ ਨੂੰ ਖਿੰਡਾਉਣ ਲਈ ਹਲਕੀ ਤਾਕਤ ਦੀ ਵਰਤੋਂ ਕੀਤੀ। ਦੱਸਿਆ ਜਾ ਰਿਹਾ ਹੈ ਕਿ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ, ਜਿਸ ਤੋਂ ਬਾਅਦ ਭੀੜ ਅੰਦਰਲੀਆਂ ਗਲੀਆਂ ਵੱਲ ਭੱਜ ਗਈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਐਮਸੀਡੀ ਨੂੰ ਆਪਣੀ ਕਾਰਵਾਈ ਮੁਅੱਤਲ ਕਰਨੀ ਪਈ। ਨਜਾਇਜ਼ ਕਬਾਜੇ ਦੀ ਤੋੜ-ਫੋੜ ਦੀ ਮੁਹਿੰਮ ਸਵੇਰੇ 8 ਵਜੇ ਦੇ ਕਰੀਬ ਮੁੜ ਸ਼ੁਰੂ ਹੋਵੇਗੀ ਤੇ ਇਸ ਲਈ ਇੱਕ ਟ੍ਰੈਫਿਕ ਐਡਵਾਈਜਰੀ ਜਾਰੀ ਕੀਤੀ ਗਈ ਹੈ।
ਜ਼ਿੰਮੇਵਾਰ ਕਾਰਵਾਈ ਕੀਤੀ ਜਾਵੇਗੀ
ਦਿੱਲੀ ਦੇ ਸੰਯੁਕਤ ਸੀਪੀ ਮਧੁਰ ਵਰਮਾ ਨੇ ਕਿਹਾ ਕਿ ਉਨ੍ਹਾਂ ਨੇ ਅਦਾਲਤ ਦੇ ਹੁਕਮਾਂ ‘ਤੇ ਕਾਰਵਾਈ ਕੀਤੀ ਹੈ। ਗੜਬੜ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਫੁਟੇਜ ਦੇ ਆਧਾਰ ‘ਤੇ ਉਨ੍ਹਾਂ ਦੀ ਪਛਾਣ ਕੀਤੀ ਜਾਵੇਗੀ। ਜ਼ਿਆਦਾਤਰ ਦੰਗਾਕਾਰੀ ਬਾਹਰੀ ਸਨ ਤੇ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਐਮਸੀਡੀ ਅਧਿਕਾਰੀਆਂ ਦੇ ਅਨੁਸਾਰ, ਇੱਕ ਸਰਵੇਖਣ ‘ਚ ਰਾਮਲੀਲਾ ਮੈਦਾਨ ਦੇ ਨੇੜੇ ਕਈ ਕਬਜ਼ੇ ਸਾਹਮਣੇ ਆਏ ਹਨ। ਉਸੇ ਸਰਵੇਖਣ ‘ਚ, ਮਸਜਿਦ ਦੇ ਨਾਲ ਲੱਗਦੇ ਇੱਕ ਡਿਸਪੈਂਸਰੀ ਤੇ ਇੱਕ ਕਮਿਊਨਿਟੀ ਹਾਲ ਨੂੰ ਗੈਰ-ਕਾਨੂੰਨੀ ਘੋਸ਼ਿਤ ਕੀਤਾ ਗਿਆ ਸੀ ਤੇ ਉਨ੍ਹਾਂ ਨੂੰ ਢਾਹੁਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਦੋਵੇਂ ਮਸਜਿਦ ਦੇ ਬਾਹਰ ਸਥਿਤ ਹਨ।
#WATCH | Delhi | Madhur Verma, Joint Commissioner of Police, Central Range, says, “Pursuant to the directions of the Delhi High Court, the MCD carried out a demolition drive at the encroached area in the vicinity of Faiz-e-Elahi Masjid, Turkman Gate, near Ramlila Maidan, Delhi, pic.twitter.com/jUAAFSR8AE
— ANI (@ANI) January 6, 2026
ਟ੍ਰੈਫ਼ਿਕ ਐਡਵਾਈਜਰੀ ਜਾਰੀ
ਦਿੱਲੀ ਟ੍ਰੈਫਿਕ ਪੁਲਿਸ ਨੇ ਕਬਜ਼ੇ ਨੂੰ ਢਾਹੁਣ ਦੀ ਮੁਹਿੰਮ ਦੇ ਮੱਦੇਨਜ਼ਰ ਇੱਕ ਐਡਵਾਈਜਰੀ ਜਾਰੀ ਕੀਤੀ ਹੈ। ਰਾਮਲੀਲਾ ਮੈਦਾਨ ਤੇ ਆਲੇ ਦੁਆਲੇ ਦੇ ਖੇਤਰਾਂ ‘ਚ ਭਾਰੀ ਟ੍ਰੈਫਿਕ ਜਾਮ ਹੋਣ ਦੀ ਉਮੀਦ ਹੈ। ਜੇਐਲਐਨ ਮਾਰਗ, ਅਜਮੇਰੀ ਗੇਟ ਤੇ ਮਿੰਟੋ ਰੋਡ ‘ਤੇ ਆਵਾਜਾਈ ਹੌਲੀ ਹੋ ਸਕਦੀ ਹੈ। ਦਿੱਲੀ ਗੇਟ, ਬੀਐਸਜ਼ੈਡ ਮਾਰਗ ਤੇ ਐਨਐਸ ਮਾਰਗ ‘ਤੇ ਵੀ ਆਵਾਜਾਈ ਜਾਮ ਹੋਣ ਦੀ ਉਮੀਦ ਹੈ। ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜਦੋਂ ਤੱਕ ਬਹੁਤ ਜ਼ਰੂਰੀ ਨਾ ਹੋਵੇ, ਇਨ੍ਹਾਂ ਰਸਤਿਆਂ ਤੋਂ ਬਚਣ ਤੇ ਵਿਕਲਪਿਕ ਰਸਤੇ ਲੈਣ।
ਇਹ ਵੀ ਪੜ੍ਹੋ
ਇਸ ਤੋਂ ਇਲਾਵਾ, ਕਮਲਾ ਮਾਰਕੀਟ ਚੌਕ ਤੋਂ ਆਸਫ ਅਲੀ ਰੋਡ ਤੱਕ ਸੜਕ ਪੂਰੀ ਤਰ੍ਹਾਂ ਬੰਦ ਰਹੇਗੀ। ਦਿੱਲੀ ਗੇਟ ਤੇ ਕਮਲਾ ਮਾਰਕੀਟ ਤੋਂ ਜੇਐਲਐਨ ਮਾਰਗ ਵੱਲ ਜਾਣ ਵਾਲੀਆਂ ਸੜਕਾਂ ‘ਤੇ ਵੀ ਆਵਾਜਾਈ ਨੂੰ ਸੀਮਤ ਕਰ ਦਿੱਤਾ ਗਿਆ ਹੈ। ਮੀਰਦਰਦ ਚੌਕ ਤੋਂ ਗੁਰੂ ਨਾਨਕ ਚੌਕ ਤੱਕ ਮਹਾਰਾਜਾ ਰਣਜੀਤ ਸਿੰਘ ਮਾਰਗ ਵੀ ਕੰਮ ਪੂਰਾ ਹੋਣ ਤੱਕ ਬੰਦ ਰਹੇਗਾ।


