ਕਰਨਬੀਰ ਬੁਰਜ ਦਾ ਟਿਕਟ ਲਈ ਪੈਸੇ ਦੇਣ ਦੇ ਦੋਸ਼ਾਂ ਤੋਂ ਇਨਕਾਰ, ਬੋਲੇ- ਗੁਰਦੁਆਰੇ ਸਹੁੰ ਚੁੱਕਣ ਲਈ ਤਿਆਰ
ਕਰਨਬੀਰ ਸਿੰਘ ਬੁਰਜ ਨੇ ਨਵਜੋਤ ਕੌਰ ਸਿੱਧੂ ਦੇ ਪੈਸੇ ਦੇਣ ਦੇ ਇਲਜ਼ਾਮਾਂ ਨੂੰ ਸਪੱਸ਼ਟ ਤੌਰ 'ਤੇ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਬੇਬੁਨਿਆਦ ਹਨ ਤੇ ਉਹ ਨਵਜੋਤ ਕੌਰ ਨਾਲ ਗੁਰਦੁਆਰੇ ਜਾ ਕੇ ਸਹੁੰ ਚੁੱਕਣ ਲਈ ਵੀ ਤਿਆਰ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਜਾਂ ਪਾਰਟੀ ਨੂੰ ਕੋਈ ਪੈਸਾ ਨਹੀਂ ਦਿੱਤਾ ਤੇ ਨਾ ਹੀ ਕੋਈ ਫੰਡ ਦਿੱਤਾ ਹੈ।
ਪੰਜਾਬ ਕਾਂਗਰਸ ਯੂਨਿਟ ਨੇ ਨਵਜੋਤ ਕੌਰ ਸਿੱਧੂ ਦੀ ਪਾਰਟੀ ਵਿਰੋਧੀ ਬਿਆਨਾਂ ਕਾਰਨ ਉਨ੍ਹਾਂ ਦੀ ਮੁੱਢਲੀ ਮੈਂਬਰਸ਼ਿਪ ਮੁਅੱਤਲ ਕਰ ਦਿੱਤੀ ਹੈ ਤੇ ਇਸ ਦਾ ਇੱਕ ਵੱਡਾ ਕਾਰਨ ਕਰਨਬੀਰ ਸਿੰਘ ਬੁਰਜ ਬਾਰੇ ਉਨ੍ਹਾਂ ਦੀਆਂ ਟਿੱਪਣੀਆਂ ਹਨ। ਕਾਂਗਰਸ ਦੀ ਟਿਕਟ ‘ਤੇ ਤਰਨਤਾਰਨ ਵਿਧਾਨ ਸਭਾ ਉਪ ਚੋਣ ਲੜਨ ਵਾਲੇ ਕਰਨਬੀਰ ਸਿੰਘ ਬਾਰੇ, ਨਵਜੋਤ ਕੌਰ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਟਿਕਟ ਹਾਸਲ ਕਰਨ ਲਈ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 5 ਕਰੋੜ ਰੁਪਏ ਦਿੱਤੇ ਸਨ।
ਕਰਨਬੀਰ ਸਿੰਘ ਬੁਰਜ ਹੁਣ ਖੁਦ ਇਨ੍ਹਾਂ ਇਲਜ਼ਾਮਾਂ ਦਾ ਜਵਾਬ ਦੇਣ ਲਈ ਅੱਗੇ ਆਏ ਹਨ। ਉਨ੍ਹਾਂ ਨੇ ਨਵਜੋਤ ਕੌਰ ਦੇ ਦੋਸ਼ਾਂ ਨੂੰ ਸਪੱਸ਼ਟ ਤੌਰ ‘ਤੇ ਨਕਾਰ ਦਿੱਤਾ ਹੈ। ਕਰਨਬੀਰ ਨੇ ਕਿਹਾ ਕਿ ਉਨ੍ਹਾਂ ਨੇ ਤਰਨਤਾਰਨ ਵਿਧਾਨ ਸਭਾ ਉਪ ਚੋਣ ਲੜਨ ਲਈ ਅਮਰਿੰਦਰ ਸਿੰਘ ਰਾਜਾ ਵੜਿੰਗ ਜਾਂ ਪਾਰਟੀ ਨੂੰ ਕੋਈ ਪੈਸਾ ਨਹੀਂ ਦਿੱਤਾ, ਨਾ ਹੀ ਉਨ੍ਹਾਂ ਨੇ ਪਾਰਟੀ ਦੇ ਫੰਡਾਂ ‘ਚ ਕੋਈ ਪੈਸਾ ਜਾਂ ਦਾਨ ਦਿੱਤਾ।
ਕਰਨਬੀਰ ਸਿੰਘ ਦਾ ਦੋਸ਼ਾਂ ਤੋਂ ਇਨਕਾਰ
ਸੋਮਵਾਰ (8 ਦਸੰਬਰ) ਨੂੰ ਕਰਨਬੀਰ ਸਿੰਘ ਨੇ ਕਿਹਾ ਕਿ ਨਵਜੋਤ ਕੌਰ ਦੁਆਰਾ ਲਗਾਏ ਗਏ ਦੋਸ਼ ਪੂਰੀ ਤਰ੍ਹਾਂ ਝੂਠੇ ਤੇ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਉਹ ਨਵਜੋਤ ਕੌਰ ਸਿੱਧੂ ਨਾਲ ਗੁਰਦੁਆਰੇ ਜਾਣ ਤੇ ਸਹੁੰ ਚੁੱਕਣ ਲਈ ਵੀ ਤਿਆਰ ਹਨ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਧਾਰਮਿਕ ਸਥਾਨ ‘ਤੇ ਕੌਣ ਝੂਠ ਬੋਲ ਰਿਹਾ ਹੈ। ਬੁਰਜ ਨੇ ਇੱਕ ਵੀਡੀਓ ਸੰਦੇਸ਼ ‘ਚ ਕਿਹਾ ਕਿ ਮੈਂ ਇਸ ਸਬੰਧੀ ਕਿਸੇ ਵੀ ਗੁਰਦੁਆਰੇ ‘ਚ ਸਹੁੰ ਚੁੱਕਣ ਲਈ ਤਿਆਰ ਹਾਂ।”
“ਮੈਂ ਆਪਣੀ ਮਰਜ਼ੀ ਨਾਲ ਚੋਣ ਲੜੀ”
ਕਰਨਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਤਰਨਤਾਰਨ ਵਿਧਾਨ ਸਭਾ ਉਪ ਚੋਣ ਲਈ ਉਨ੍ਹਾਂ ਦੀ ਮਰਜ਼ੀ ਨਾਲ ਟਿਕਟ ਦਿੱਤੀ ਗਈ ਸੀ, ਕਿਉਂਕਿ ਸ਼ੁਰੂ ‘ਚ ਕਈ ਸੀਨੀਅਰ ਕਾਂਗਰਸੀ ਆਗੂਆਂ ਨੂੰ ਸੀਟ ਤੋਂ ਚੋਣ ਲੜਨ ਲਈ ਵਿਚਾਰਿਆ ਗਿਆ ਸੀ। ਹਾਲਾਂਕਿ, ਜਦੋਂ ਜ਼ਿਆਦਾਤਰ ਆਗੂਆਂ ਨੇ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੂੰ ਪਾਰਟੀ ਵੱਲੋਂ ਜ਼ਿੰਮੇਵਾਰੀ ਦਿੱਤੀ ਗਈ ਤੇ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਚੋਣ ਲੜੀ।
ਰਾਜਾ ਵੜਿੰਗ ਨੇ ਕੀਤੀ ਹਾਈ ਕਮਾਂਡ ਨੂੰ ਸ਼ਿਕਾਇਤ
ਇਸ ਤੋਂ ਪਹਿਲਾਂ, ਰਾਜਾ ਵੜਿੰਗ ਨੇ ਇਸ ਮਾਮਲੇ ਬਾਰੇ ਹਾਈ ਕਮਾਂਡ ਨੂੰ ਸ਼ਿਕਾਇਤ ਕੀਤੀ ਸੀ। ਉਨ੍ਹਾਂ ਨੇ ਨਵਜੋਤ ਕੌਰ ਸਿੱਧੂ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਝੂਠਾ ਦੱਸਦਿਆਂ ਕਿਹਾ ਕਿ ਕਿਸੇ ਨੇ ਵੀ 500 ਕਰੋੜ ਰੁਪਏ ਨਹੀਂ ਦਿੱਤੇ ਸਨ, ਨਾ ਹੀ ਕਾਂਗਰਸ ਪਾਰਟੀ ਪਾਰਟੀ ‘ਚ ਅਜਿਹੀ ਕੋਈ ਗੱਲ ਸੀ। ਪਾਰਟੀ ਦੇ ਕਈ ਸੀਨੀਅਰ ਆਗੂ ਨਵਜੋਤ ਕੌਰ ਦੇ ਬਿਆਨ ਤੋਂ ਨਾਰਾਜ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਦੇ ਅੰਦਰ ਅੰਦਰੂਨੀ ਕਲੇਸ਼ ਕਾਰਨ ਪਿਛਲੀਆਂ ਚੋਣਾਂ ‘ਚ ਪਾਰਟੀ ਨੂੰ ਕਾਫ਼ੀ ਨੁਕਸਾਨ ਹੋਇਆ ਸੀ।
ਇਹ ਵੀ ਪੜ੍ਹੋ
ਨਵਜੋਤ ਕੌਰ ਸਿੱਧੂ ਨੇ ਕੀ ਕਿਹਾ?
ਇਸ ਦੌਰਾਨ, ਨਵਜੋਤ ਕੌਰ ਸਿੱਧੂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਸੀ ਕਿ ਸਾਡੇ ਤੋਂ ਕਿਸੇ ਵੀ ਪਾਰਟੀ ਨੇ ਪੈਸੇ ਨਹੀਂ ਮੰਗੇ। ਪਰ ਸਿਰਫ਼ ਉਹੀ ਵਿਅਕਤੀ ਮੁੱਖ ਮੰਤਰੀ ਬਣਦਾ ਹੈ ਜੋ 500 ਕਰੋੜ ਰੁਪਏ ਦਾ ਅਟੈਚੀ ਦਿੰਦਾ ਹੈ। ਅਟੈਚੀ ਤੋਂ ਬਿਨਾਂ ਕੋਈ ਮੁੱਖ ਮੰਤਰੀ ਨਹੀਂ ਬਣ ਸਕਦਾ। ਦਰਅਸਲ, ਸਿੱਧੂ ਦੀ ਰਾਜਨੀਤਿਕ ਵਾਪਸੀ ਬਾਰੇ, ਉਨ੍ਹਾਂ ਦੀ ਪਤਨੀ ਤੇ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਨੇ ਹਾਲ ਹੀ ‘ਚ ਕਿਹਾ ਸੀ ਕਿ ਸਿੱਧੂ ਰਾਜਨੀਤੀ ‘ਚ ਉਦੋਂ ਹੀ ਵਾਪਸ ਆਉਣਗੇ. ਜਦੋਂ ਕਾਂਗਰਸ ਉਨ੍ਹਾਂ ਨੂੰ ਅਧਿਕਾਰਤ ਤੌਰ ‘ਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਕਰੇਗੀ।


