ਕਲਾਨੌਰ ‘ਚ 50 ਲੱਖ ਦੀ ਫਿਰੌਤੀ ਮੰਗਣ ਤੋਂ ਬਾਅਦ ਡਾਕਟਰ ਦੀ ਕਾਰ ‘ਤੇ ਗੋਲੀਬਾਰੀ, ਘਟਨਾ ਸੀਸੀਟੀਵੀ ‘ਚ ਕੈਦ
Kalanaur Firing: ਸ਼੍ਰੀ ਰਾਮ ਹਸਪਤਾਲ ਦੇ ਮਾਲਕ ਡਾ. ਰਾਮੇਸ਼ਵਰ ਸੈਣੀ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਗੈਂਗਸਟਰਾਂ ਨੇ ਉਨ੍ਹਾਂ ਦੇ ਹਸਪਤਾਲ 'ਤੇ ਚਾਰ ਗੋਲੀਆਂ ਚਲਾਈਆਂ ਸਨ ਤੇ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਉਨ੍ਹਾਂ ਨੇ ਇਸ ਘਟਨਾ ਸਬੰਧੀ ਕਲਾਨੌਰ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਸੀ। ਡਾਕਟਰ ਨੇ ਦੱਸਿਆ ਕਿ ਬਾਅਦ 'ਚ ਗੈਂਗਸਟਰਾਂ ਨੇ ਫਿਰੌਤੀ ਲਈ ਕਾਲਾਂ ਕੀਤੀਆਂ, ਪਰ ਉਨ੍ਹਾਂ ਨੇ ਗੈਂਗਸਟਰਾਂ ਦੇ ਨੰਬਰ ਬਲਾਕ ਕਰ ਦਿੱਤੇ।
ਗੁਰਦਾਸਪੁਰ ਦੇ ਇਤਿਹਾਸਕ ਕਸਬੇ ਕਲਾਨੌਰ ‘ਚ ਸ਼੍ਰੀ ਰਾਮ ਹਸਪਤਾਲ ਦੇ ਮਾਲਕ ਡਾ. ਰਾਮੇਸ਼ਵਰ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗਣ ਤੋਂ ਬਾਅਦ, ਹਸਪਤਾਲ ਦੇ ਬਾਹਰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਮੋਟਰਸਾਈਕਲ ‘ਤੇ ਸਵਾਰ ਦੋ ਨਕਾਬਪੋਸ਼ ਵਿਅਕਤੀਆਂ ਨੇ ਡਾਕਟਰ ਦੀ ਕਾਰ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਪੂਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ। ਡਾਕਟਰ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਿਹਾ ਹੈ।
ਪਹਿਲੇ ਵੀ ਕੀਤੀ ਸੀ ਗੋਲੀਬਾਰੀ, ਮੰਗੀ ਸੀ 50 ਲੱਖ ਦੀ ਫਿਰੌਤੀ
ਇਸ ਸਬੰਧ ‘ਚ ਜਾਣਕਾਰੀ ਦਿੰਦੇ ਹੋਏ ਸ਼੍ਰੀ ਰਾਮ ਹਸਪਤਾਲ ਦੇ ਮਾਲਕ ਡਾ. ਰਾਮੇਸ਼ਵਰ ਸੈਣੀ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਗੈਂਗਸਟਰਾਂ ਨੇ ਉਨ੍ਹਾਂ ਦੇ ਹਸਪਤਾਲ ‘ਤੇ ਚਾਰ ਗੋਲੀਆਂ ਚਲਾਈਆਂ ਸਨ ਤੇ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਉਨ੍ਹਾਂ ਨੇ ਇਸ ਘਟਨਾ ਸਬੰਧੀ ਕਲਾਨੌਰ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਸੀ। ਡਾਕਟਰ ਨੇ ਦੱਸਿਆ ਕਿ ਬਾਅਦ ‘ਚ ਗੈਂਗਸਟਰਾਂ ਨੇ ਫਿਰੌਤੀ ਲਈ ਕਾਲਾਂ ਕੀਤੀਆਂ, ਪਰ ਉਨ੍ਹਾਂ ਨੇ ਗੈਂਗਸਟਰਾਂ ਦੇ ਨੰਬਰ ਬਲਾਕ ਕਰ ਦਿੱਤੇ।
ਪੁਲਿਸ ਨੇ ਸੁਰੱਖਿਆ ਲਈ ਦੋ ਗੰਨਮੈਨ ਕੀਤੇ ਸਨ ਤੈਨਾਤ
ਡਾਕਟਰ ਦੇ ਅਨੁਸਾਰ, ਘਟਨਾ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਦੀ ਸੁਰੱਖਿਆ ਲਈ ਦੋ ਗੰਨਮੈਨ ਤਾਇਨਾਤ ਕੀਤੇ ਸਨ। ਉਨ੍ਹਾਂ ਨੇ ਦੱਸਿਆ ਕਿ ਕੱਲ੍ਹ ਰਾਤ, ਜਦੋਂ ਉਹ ਆਪਣੇ ਗੰਨਮੈਨ ਨਾਲ ਘਰ ਗਏ ਸਨ, ਤਾਂ ਮੋਟਰਸਾਈਕਲ ‘ਤੇ ਦੋ ਨਕਾਬਪੋਸ਼ ਵਿਅਕਤੀ ਹਸਪਤਾਲ ਪਹੁੰਚੇ ਤੇ ਉਨ੍ਹਾਂ ‘ਚੋਂ ਇੱਕ ਨੇ ਹਸਪਤਾਲ ਦੇ ਗੇਟ ‘ਤੇ ਖੜ੍ਹੀ ਉਨ੍ਹਾਂ ਦੀ ਗੱਡੀ ‘ਤੇ ਛੇ ਗੋਲੀਆਂ ਚਲਾਈਆਂ। ਪੁਲਿਸ ਨੂੰ ਮੌਕੇ ਤੋਂ ਇੱਕ ਜ਼ਿੰਦਾ ਕਾਰਤੂਸ ਵੀ ਮਿਲਿਆ।
ਡਾ. ਰਾਮੇਸ਼ਵਰ ਸੈਣੀ ਨੇ ਦੱਸਿਆ ਕਿ ਉਹ ਮਰੀਜ਼ਾਂ ਨੂੰ 10-10 ਰੁਪਏ ਦੀਆਂ ਦਵਾਈਆਂ ਦੇ ਕੇ ਇਲਾਜ ਕਰਦੇ ਹਨ ਤੇ ਉਹ ਇੰਨੀ ਵੱਡੀ ਫਿਰੌਤੀ ਕਿਵੇਂ ਦੇ ਸਕਦੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਤੇ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਨੂੰ ਮੰਗ ਕੀਤੀ ਹੈ ਕਿ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਤੇ ਨਾਲ ਉਨ੍ਹਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ, ਐਸਐਸਪੀ ਗੁਰਦਾਸਪੁਰ ਆਦਿਤਿਆ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਸੀਸੀਟੀਵੀ ਫੁਟੇਜ ਜਾਰੀ ਕੀਤੀ ਗਈ ਹੈ, ਅਤੇ ਦੋਸ਼ੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


