ਕਬੱਡੀ ਖਿਡਾਰੀ ਤੇਜਪਾਲ ਸਿੰਘ ਦਾ ਅੰਤਿਮ ਸਸਕਾਰ, ਗਿੱਦੜਵਿੰਡੀ ਦੇ ਖੇਡ ਦੇ ਮੈਦਾਨ ਵਿੱਚ ਦਿੱਤੀ ਗਈ ਵਿਦਾਈ, ਤੀਜਾ ਆਰੋਪੀ ਵੀ ਕਾਬੂ

Published: 

05 Nov 2025 18:16 PM IST

Kabaddi Player Cremation: ਬੀਤੇ ਸ਼ੁੱਕਰਵਾਰ ਦੁਪਹਿਰ ਨੂੰ, ਮੁਲਜਮ ਹਨੀ ਨੇ ਆਪਣੇ ਭਰਾ ਕਾਲਾ ਅਤੇ ਅੱਠ-ਨੌਂ ਸਾਥੀਆਂ ਨਾਲ ਮਿਲ ਕੇ ਤੇਜਪਾਲ ਦੀ ਛਾਤੀ ਵਿੱਚ ਪਿਸਤੌਲ ਨਾਲ ਗੋਲੀ ਮਾਰ ਦਿੱਤੀ ਸੀ, ਜਿਸ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਜਿਸਤੋਂ ਬਾਅਦ ਪਰਿਵਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਤੇ ਅੜਿਆ ਹੋਇਆ ਸੀ। ਹੁਣ ਜਦੋਂ ਸਾਰੇ ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਵਿੱਚ ਆ ਗਏ ਹਨ ਤਾਂ ਬੁੱਧਵਾਰ ਨੂੰ ਤੇਜਪਾਲ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਕਬੱਡੀ ਖਿਡਾਰੀ ਤੇਜਪਾਲ ਸਿੰਘ ਦਾ ਅੰਤਿਮ ਸਸਕਾਰ, ਗਿੱਦੜਵਿੰਡੀ ਦੇ ਖੇਡ ਦੇ ਮੈਦਾਨ ਵਿੱਚ ਦਿੱਤੀ ਗਈ ਵਿਦਾਈ, ਤੀਜਾ ਆਰੋਪੀ ਵੀ ਕਾਬੂ

ਕਬੱਡੀ ਖਿਡਾਰੀ ਤੇਜਪਾਲ ਸਿੰਘ ਦਾ ਅੰਤਿਮ ਸਸਕਾਰ

Follow Us On

ਪੰਜਾਬ ਦੇ ਜਗਰਾਉਂ ਵਿੱਚ ਸ਼ੁੱਕਰਵਾਰ ਨੂੰ ਮਾਰੇ ਗਏ ਕਬੱਡੀ ਖਿਡਾਰੀ ਤੇਜਪਾਲ ਸਿੰਘ ਦਾ ਅੱਜ ਗਿੱਦੜਵਿੰਡੀ ਦੇ ਖੇਡ ਮੈਦਾਨ ਵਿੱਚ ਸਸਕਾਰ ਕਰ ਦਿੱਤਾ ਗਿਆ। ਤੇਜਪਾਲ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ, ਪੁਲਿਸ ਨੇ ਮਾਮਲੇ ਵਿੱਚ ਦੋ ਹੋਰ ਮੁਲਜ਼ਮਾਂ ਨੂੰ ਨਾਮਜ਼ਦ ਕਰ ਲਿਆ। ਮੁਲਜ਼ਮਾਂ ਦੀ ਪਛਾਣ ਹਰਪਿੰਦਰ ਸਿੰਘ ਦੇ ਪੁੱਤਰ ਹੇਮਨ ਸਿੰਘ ਅਤੇ ਜਸਵਿੰਦਰ ਸਿੰਘ ਦੇ ਪੁੱਤਰ ਸੰਨੀ ਵਜੋਂ ਹੋਈ ਹੈ, ਜੋ ਕਿ ਇੰਦਰਾ ਕਲੋਨੀ, ਸੋਹੀਆ ਰੋਡ, ਸੰਗਰੂਰ ਦੇ ਵਸਨੀਕ ਹਨ। ਪੁਲਿਸ ਨੇ ਮੁਲਜ਼ਮਾਂ ‘ਤੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 103, 190, 191 (3), ਅਸਲਾ ਐਕਟ ਦੀਆਂ 25-54-59, ਨਾਲ ਹੀ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 249 (ਏ), 249 (ਬੀ), 253 ਅਤੇ 64 (2) (ਏ) ਤਹਿਤ ਆਰੋਪ ਲਗਾਏ ਹਨ। ਮੁਲਜ਼ਮ ਨੇ ਕਤਲ ਕਰਨ ਤੋਂ ਬਾਅਦ ਫਰਾਰ ਹੋਏ ਮੁਲਜ਼ਮਾਂ ਨੂੰ ਰਿਹਾਇਸ਼ ਪ੍ਰਦਾਨ ਕੀਤੀ ਸੀ।

ਤੇਜਪਾਲ ਸਿੰਘ ਦਾ ਅੱਜ 3 ਦਿਨਾਂ ਬਾਅਦ ਪੋਸਟਮਾਰਟਮ ਹੋਇਆ ਸੀ। ਪਰਿਵਾਰ ਨੇ ਮੁਲਜ਼ਮਾਂ ਖਿਲਾਫ਼ ਕਾਰਵਾਈ ਨਾ ਹੋਣ ਤੱਕ ਨਾ ਤਾਂ ਪੋਸਟਮਾਰਟਮ ਤੇ ਨਾ ਹੀ ਅੰਤਿਸ ਸਸਕਾਰ ਕਰਨ ਦੀ ਗੱਲ ਕਹੀ ਸੀ। ਐਤਵਾਰ ਦੀ ਦੁਪਹਿਰ ਜਦੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਸ ਤੋਂ ਬਾਅਦ ਪਰਿਵਾਰ ਦਾ ਰੋਸ਼ ਥੋੜ੍ਹਾ ਘੱਟ ਹੋਇਆ ਹੈ। ਪੁਲਿਸ ਅਧਿਕਾਰੀਆਂ ਦੇ ਸਮਝਾਉਣ ਤੋਂ ਬਾਅਦ ਤੇ ਬਾਕੀ ਮੁਲਜ਼ਮਾਂ ਦੀ ਜਲਦੀ ਗ੍ਰਿਫ਼ਤਾਰੀ ਦੇ ਭਰੋਸੇ ਤੋਂ ਬਾਅਦ ਹੀ ਪਰਿਵਾਰ ਪੋਸਟਮਾਰਟਮ ਲਈ ਮੰਨਿਆ ਸੀ ।

ਤੇਜਪਾਲ ਦੇ ਪਿਤਾ ਨੇ ਦੱਸੀ ਸੀ ਪੂਰੀ ਵਾਰਦਾਤ

ਤੇਜਪਾਲ ਸਿੰਘ ਦੇ ਪਿਤਾ ਮੁਤਾਬਕ ਸ਼ੁੱਕਰਵਾਰ ਨੂੰ ਉਹ ਆਪਣੇ ਪੁੱਤਰ ਦੇ ਨਾਲ ਉਸ ਦੇ ਦੋਸਤ ਪ੍ਰਲਾਭ ਸਿੰਘ ਦੇ ਕਾਰ ‘ਚ ਪਸ਼ੂਆਂ ਦੀ ਫੀਡ ਲੈਣ ਆਏ ਸਨ। ਜਦੋਂ ਉਹ ਫੀਡ ਦੀ ਬੋਰੀ ਕਾਰ ‘ਚ ਰੱਖਣ ਲਗੇ ਤਾਂ ਮੁਲਜ਼ਮ ਹਨੀ ਨੇ ਉਸ ਦੇ ਪੁੱਤਰ ਦੇ ਦੋਸਤ ਪ੍ਰਲਾਭ ਸਿੰਘ ਨਾਲ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਮੁਲਜ਼ਮ ਹਨੀ ਆਪਣੇ ਭਰਾ ਕਾਲੇ ਨਾਲ 8-9 ਲੋਕਾਂ ਨੂੰ ਲੈ ਕੇ ਆਇਆ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਪਿਸਤੌਲ ਕੱਢਿਆ ਤੇ ਤੇਜਪਾਲ ਦੇ ਗੋਲੀ ਮਾਰ ਦਿੱਤੀ। ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ।

ਤੇਜਪਾਲ ਨੂੰ ਸਿਵਲ ਹਸਪਤਾਲ ਜਗਰਾਂਉ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਤੇਜਪਾਲ ਸਿੰਘ ਦੇ ਪਿਤਾ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਦੇ ਪੁੱਤਰ ਪ੍ਰਲਾਭ ਸਿੰਘ ਆਪਣੀ ਪਤਨੀ ਤੇ ਭੈਣ ਨਾਲ ਸ਼ਾਪਿੰਗ ਕਰਨ ਗਿਆ ਸੀ। ਮੁਲਜ਼ਮ ਹਨੀ ਨੇ ਆਪਣੇ ਦੋਸਤਾਂ ਨਾਲ ਉਨ੍ਹਾਂ ਨੂੰ ਘੂਰ ਕੇ ਦੇਖਿਆ ਸੀ। ਇਸ ਤੋਂ ਬਾਅਦ ਪ੍ਰਲਾਭ ਸਿੰਘ ਦੀ ਬਹਿਸ ਹੋ ਗਈ। ਇਸੇ ਰੰਜਿਸ਼ ਤੋਂ ਬਾਅਦ ਮੁਲਜ਼ਮਾਂ ਨੇ ਤੇਜਪਾਲ ਸਿੰਘ ਦਾ ਕਤਲ ਕਰ ਦਿੱਤਾ।

ਜੱਸੂ ਕੂਮ ਨਾਮ ਦੇ ਨੌਜਵਾਨ ਨੇ ਲਈ ਕਤਲ ਦੀ ਜ਼ਿੰਮੇਵਾਰੀ

ਜੱਸੂ ਕੂਮ ਨਾਮ ਦੇ ਇੱਕ ਨੌਜਵਾਨ ਨੇ ਇੱਕ ਫੇਸਬੁੱਕ ਪੋਸਟ’ਚ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਜੱਸੂ ਕੂਮ ਨੇ ਲਿਖਿਆ, ਸਤਿ ਸ੍ਰੀ ਅਕਾਲ, ਸਾਰੇ ਭਰਾਵੋ ਤੇ ਭੈਣੋ। ਕਬੱਡੀ ਖਿਡਾਰੀ ਤੇਜਪਾਲ ਨੂੰ ਜਗਰਾਉਂ ‘ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੈਂ, ਜੱਸੂ ਕੂਮ ਤੇ ਮੇਰਾ ਭਰਾ ਬਰਾੜ ਇਸ ਦੀ ਜ਼ਿੰਮੇਵਾਰੀ ਲੈ ਰਹੇ ਹਾਂ। ਅਸੀਂ ਇਹ ਕਤਲ ਨਿੱਜੀ ਰੰਜਿਸ਼ ਕਾਰਨ ਕੀਤਾ ਹੈ।