ਜਥੇਦਾਰ ਗੜਗੱਜ ਨੇ ਅਰਸ਼ਦੀਪ ਸਿੰਘ ਨੂੰ ਦਿੱਤੀ ਵਧਾਈ, ਯੂਕੇ ਦੀ ਹਵਾਈ ਫ਼ੌਜ ‘ਚ ਬਣੇ ਫਲਾਈਟ ਲੈਫਟੀਨੈਂਟ
ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਸਿਧਾਂਤ 'ਤੇ ਚੱਲਦਿਆਂ ਅੱਜ ਦੁਨੀਆ 'ਚ ਉੱਚੇ ਮੁਕਾਮ ਹਾਸਲ ਕੀਤੇ ਹਨ ਤੇ ਅਰਸ਼ਦੀਪ ਸਿੰਘ ਦੀ ਪ੍ਰਾਪਤੀ ਨਾਲ ਸਮੁੱਚੀ ਸਿੱਖ ਕੌਮ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਯੂਕੇ ਦੀ ਹਵਾਈ ਫ਼ੌਜ ‘ਚ ਲੰਮੇ ਸਮੇਂ ਬਾਅਦ ਸਿੱਖ ਫਲਾਈਟ ਲੈਫਟੀਨੈਂਟ ਵਜੋਂ ਉੱਚ ਅਹੁਦਾ ਹਾਸਲ ਕਰਨ ਲਈ ਪੰਜਾਬੀ ਮੂਲ ਦੇ ਸਾਊਥਹਾਲ, ਯੂਕੇ ‘ਚ ਰਹਿਣ ਵਾਲੇ ਅਰਸ਼ਦੀਪ ਸਿੰਘ ਤੇ ਉਨ੍ਹਾਂ ਦੇ ਮਾਪਿਆਂ ਜਗਦੀਪ ਸਿੰਘ ਤੇ ਗਗਨਦੀਪ ਕੌਰ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੋਇਆ ਹੈ ਕਿ ਇੱਕ ਸਿੱਖ ਨੇ ਯੂਕੇ ਦੀ ਹਵਾਈ ਫ਼ੌਜ ‘ਚ ਉੱਚ ਅਹੁਦਾ ਹਾਸਲ ਕੀਤਾ ਹੈ।
“ਸਮੁੱਚੀ ਸਿੱਖ ਕੌਮ ਦਾ ਸਿਰ ਮਾਣ ਨਾਲ ਉੱਚਾ ਹੋਇਆ”
ਉਨ੍ਹਾਂ ਕਿਹਾ ਕਿ ਇਹ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਫਲਾਈਟ ਲੈਫਟੀਨੈਂਟ ਅਰਸ਼ਦੀਪ ਸਿੰਘ ਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਵਿਦੇਸ਼ ‘ਚ ਰਹਿੰਦਿਆਂ ਵੀ ਸਿੱਖੀ ਰਵਾਇਤਾਂ ਤੇ ਪੰਜਾਬੀ ਮਾਂ ਬੋਲੀ ਨਾਲ ਜੁੜਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਸਿੱਖਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਸਿਧਾਂਤ ‘ਤੇ ਚੱਲਦਿਆਂ ਅੱਜ ਦੁਨੀਆ ‘ਚ ਉੱਚੇ ਮੁਕਾਮ ਹਾਸਲ ਕੀਤੇ ਹਨ ਤੇ ਅਰਸ਼ਦੀਪ ਸਿੰਘ ਦੀ ਪ੍ਰਾਪਤੀ ਨਾਲ ਸਮੁੱਚੀ ਸਿੱਖ ਕੌਮ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ।
“ਜੀਵਨ ‘ਚ ਹਮੇਸ਼ਾ ਹੀ ਅਗਾਂਹ ਵਧਣ ਲਈ ਤਾਂਘ ਤੇ ਉੱਦਮ ਕਰਨੇ ਚਾਹੀਦੇ”
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅੱਜ ਲੋੜ ਹੈ ਕਿ ਸਿੱਖ ਨੌਜਵਾਨ ਅਰਸ਼ਦੀਪ ਸਿੰਘ ਤੋਂ ਸੇਧ ਲੈ ਕੇ ਚੰਗੀ ਵਿਦਿਆ ਤੇ ਮਿਹਨਤ ਰਾਹੀਂ ਉੱਚੇ ਮੁਕਾਮਾਂ ਉੱਤੇ ਪਹੁੰਚਣ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਵਿੱਚ ਸਿੱਖਿਆ ਦਿੱਤੀ ਹੈ ਕਿ ਸਾਨੂੰ ਆਪਣੇ ਜੀਵਨ ‘ਚ ਹਮੇਸ਼ਾ ਹੀ ਅਗਾਂਹ ਵਧਣ ਲਈ ਤਾਂਘ ਤੇ ਉੱਦਮ ਕਰਨੇ ਚਾਹੀਦੇ ਹਨ ਤੇ ਪਿਛਾਂਹ ਨੂੰ ਨਹੀਂ ਮੁੜਣਾ ਚਾਹੀਦਾ।