Jalandhar By-Poll Election Result 2023: ਹਰ ਚੋਣ ਆਪਣੇ ਆਪ ਵਿੱਚ ਅਹਿਮ ਹੁੰਦੀ ਹੈ , ਕਿਸੇ ਵੀ ਚੋਣ ਵਿੱਚ ਜਿਸ ਪਾਰਟੀ ਦੀ ਜਿੱਤ ਹੁੰਦੀ ਹੈ ਉਸ ਨਾਲ ਸਿਆਸੀ ਪਾਰਟੀ ਕੱਦ ਵੱਧਦਾ ਹੈ ਪਰ ਏਸ ਵੇਲੇ ਜਲੰਧਰ ਲੋਕਸਭਾ ਉਪ ਚੋਣ ਸਿਆਸੀ ਪਾਰਟੀਆਂ ਲਈ ਖਾਸ ਬਣੀ ਹੋਈ ਹੈ। ਖਾਸ ਇਸ ਲਈ ਕਿਉਂਕਿ ਇਸਨੂੰ ਅਸਿੱਧੇ ਤੌਰ ਤੇ ਆਉਣ ਵਾਲੀਆਂ ਲੋਕ ਸਭਾ ਚੋਣਾ ਦਾ ਸੈਮੀਫਾਈਨਲ ਮਨ ਸਕਦੇ ਹਾਂ।
ਹਾਲਾਂਕਿ ਇਹ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਲਈ ਸਭ ਤੋਂ ਇੱਜਤ ਦਾ ਸਵਾਲ ਬਣਿਆ ਹੋਇਆ ਹੈ ਕਿਉਂਕਿ ਪਹਿਲਾਂ ਵੀ ਪਿਛਲੇ ਸਾਲ ਸੰਗਰੂਰ ਲੋਕ ਸਭਾ ਦੀ ਉਪ ਚੋਣ ਵਿੱਚ ਆਪ ਦੀ ਹਾਰ ਹੋ ਚੁੱਕੀ ਹੈ, ਜਿਸ ਕਾਰਨ ਉਸਨੇ ਜਲੰਧਰ ਵਿੱਚ ਜਿੱਤ ਲਈ ਪੂਰਾ ਜੋਰ ਲਗਾਇਆ ਹੈ।
ਕਾਂਗਰਸ ਪਾਰਟੀ ਲਈ ਵੀ ਇੱਥੇ ਆਪਣੇ ਸਾਖ ਬਚਾਉਣ ਦਾ ਸਵਾਲ ਬਣਿਆ ਹੋਇਆ ਹੈ। ਕਿਉਂਕਿ ਪਿਛਲੇ ਚਾਰ ਸਾਲਾਂ ਤੋਂ ਇੱਥੇ ਕਾਂਗਰਸ ਪਾਰਟੀ ਦਾ ਹੀ ਸਾਂਸਦ ਬਣ ਰਿਹਾ ਹੈ। ਇਸ ਤੋਂ ਇਲਾਵਾ ਜੇ ਅਕਾਲੀ ਦਲ ਇੱਥੋਂ ਜਿੱਤ ਜਾਂਦੀ ਹੈ ਉਸਨੂੰ ਪੰਜਾਬ ਵਿੱਚ ਮੁੜ ਖੜ੍ਹੇ ਹੋਣ ਲਈ ਬਲ ਮਿਲੇਗਾ। ਬੀਜੇਪੀ ਲਈ ਵੀ ਇਹ ਸੀਟ ਕਿਸੇ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਹੈ ਕਿਉਂਕਿ ਗਠਬੰਧਨ ਟੁੱਟਣ ਤੋਂ ਬਾਅਦ ਇਹ ਉਸਦਾ ਪਹਿਲਾ ਚੋਣ ਹੋਵੇਗਾ। ਜਲੰਧਰ ਜਿਮਨੀ ਚੋਣ ਵਿੱਚ ਕਿਸ ਪਾਰਟੀ ਦਾ ਪਲੜਾ ਭਾਰੀ ਰਹੇਗਾ TV9 ਦੀ ਖਾਸ ਰਿਪੋਰਟ
ਜਲੰਧਰ ‘ਚ ਕਾਂਗਰਸ ਪਾਰਟੀ ਦੀ ਸਥਿਤੀ
ਪਿਛਲੀਆਂ ਚਾਰ ਲੋਕ ਸਭਾ ਚੋਣਾਂ ਤੋਂ ਜਲੰਧਰ ਸੀਟ ਜਿੱਤਣ ਵਾਲੀ ਕਾਂਗਰਸ ਲਈ ਵੀ ਚੋਣ ਨਤੀਜੇ ਬਹੁਤ ਅਹਿਮ ਹਨ। ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਸਭ ਤੋਂ ਵੱਧ ਨੁਕਸਾਨ ਝੱਲਣਾ ਪਿਆ ਅਤੇ 77 ਵਿਚੋਂ ਸਿਰਫ਼ 18 ਸੀਟਾਂ ‘ਤੇ ਹੀ ਸਿਮਟ ਗਈ। ਜ਼ਿਮਨੀ ਚੋਣ ‘ਚ ਜਿੱਤ ਨਾਲ ਲੋਕ ਸਭਾ ਦੇ ਸਮੀਕਰਨ ‘ਚ ਭਾਵੇਂ ਕੋਈ ਬਦਲਾਅ ਨਾ ਆਵੇ ਪਰ ਕਾਂਗਰਸ ਦਾ ਮੁੜ ਉਭਾਰ ਤੈਅ ਹੈ। ਕਾਰਨ ਇਹ ਹੈ ਕਿ ਸੱਤ ਸਾਲਾਂ ਬਾਅਦ ਪਹਿਲੀ ਵਾਰ ਕਾਂਗਰਸ ਇਕਜੁੱਟ ਹੁੰਦੀ ਨਜ਼ਰ ਆ ਰਹੀ ਹੈ, ਜਦੋਂ ਕਿ ਪਿਛਲੇ ਦੋ ਸਾਲਾਂ ਵਿਚ ਕਾਂਗਰਸ ਵਿਚ ਫੁੱਟ ਹੋਰ ਪਾਰਟੀਆਂ ਲਈ ਤਾਕਤ ਸਾਬਤ ਹੋਈ ਹੈ। ਇਸ ਤੋਂ ਇਲ਼ਾਵਾ ਕਾਂਗਰਸ ਪਾਰਟੀ ਦਾ ਜਲੰਧਰ ਦੇ ਦਲਿਤ ਸਮਾਜ ਵਿੱਚ ਕਾਫੀ ਡੁੰਘਾ ਪ੍ਰਭਾਵ ਹੈ।
ਹਮਦਰਦੀ ਵੋਟ ਕਰ ਸਕਦੀ ਹੈ ਮਜ਼ਬੂਤ
ਸੰਤੋਖ ਸਿੰਘ ਚੌਧਰੀ ਦੀ ਮੌਤ ਤੋਂ ਬਾਅਦ ਕਾਂਗਰਸ ਨੇ ਉਨ੍ਹਾਂ ਦੀ ਧਰਮ ਪਤਨੀ ਨੂੰ ਜਲੰਧਰ ਜਿਮਨੀ ਚੋਣ ਤੋਂ ਉਮੀਦਵਾਰ ਬਣਾਇਆ ਹੈ। ਜਲੰਧਰ ਜ਼ਿਮਨੀ ਚੋਣ ਵਿੱਚ ਕਾਂਗਰਸ ਦੀ ਖਾਨਾਜੰਗੀ ਵਿੱਚ ਬਿਲਕੁੱਲ ਨਜ਼ਰ ਨਹੀਂ, ਜਿਸ ਲਈ ਪਾਰਟੀ ਨੇ ਚੋਣ ਪ੍ਰਚਾਰ ਜੰਮਕੇ ਕੇ ਕੀਤਾ। ਇਸਦਾ ਵੀ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਨੂੰ ਲਾਭ ਮਿਲ ਸਕਦਾ ਹੈ। ਕਰਮਜੀਤ ਕੌਰਜਲੰਧਰ ਸੀਟ ਤੋਂ ਸਾਂਸਦ ਰਹੇ ਸਵ.ਚੌਧਰੀ ਸੰਤੋਖ ਸਿੰਘ ਦੀ ਪਤਨੀ ਹਨ। ਜਿਸ ਕਾਰਨ ਉਨ੍ਹਾਂ ਨੂੰ ਹਮਦਰਦੀ ਵੋਟ ਮਿਲ ਸਕਦੀ ਹੈ ਤੇ ਜਿਸ ਕਾਰਨ ਹੋਰਨਾਂ ਨਾਲੋਂ ਉਨ੍ਹਾਂ ਦੀ ਸਥਿਤੀ ਮਜਬੂਤ ਹੋ ਸਕਦੀ ਹੈ। ਇਸ ਤੋਂ ਇਲਾਵਾ ਸਵ. ਸਾਂਸਦ ਚੌਧਰੀ ਸੰਤੋਖ ਸਿੰਘ ਨੇ ਆਪਣੇ ਹਲਕੇ ਦਾ ਬਹੁਤ ਵਿਕਾਸ ਕਰਵਾਇਆ ਤੇ ਉਹ ਲੋਕਾਂ ਨੂੰ ਦਿਲੋ ਜੁੜੇ ਹੋਏ ਸਨ।
ਵਰਕਰਾਂ ਨਾਲ ਦਿਲੋਂ ਜੁੜੇ ਸਨ ਸੰਤੋਖ ਚੌਧਰੀ
ਚੌਧਰੀ ਸੰਤੋਖ ਸਿੰਘ ਆਪਣੇ ਵਰਕਰਾਂ ਦੀਆਂ ਮੁਸ਼ਕਿਲਾਂ ਨੂੰ ਆਪਣੇ ਪਰਿਵਾਰ ਦੀਆਂ ਮੁਸ਼ਕਿਲਾਂ ਸਮਝਦੇ ਸਨ। ਇਹ ਵੀ ਇੱਕ ਕਾਰਨ ਹੈ ਕਿ ਲੋਕ ਚੌਧਰੀ ਪਰਿਵਾਰ ਨਾਲ ਭਾਵੁਕ ਤਰੀਕੇ ਨਾਲ ਜੁੜੇ ਹੋਏ ਹਨ। ਇਹ ਵੀ ਕਾਂਗਰਸ ਦੀ ਜਿੱਤ ਦਾ ਕਾਰਨ ਬਣ ਸਕਦੀ ਹੈ। ਇਸ ਤੋਂ ਇਲਾਵਾ ਸੰਤੋਖ ਸਿੰਘ ਦੇ ਬੇਟੇ ਫਿਲੌਰ ਤੋਂ ਵਿਧਾਇਕ ਹਨ ਉਸਦਾ ਵੀ ਉਨ੍ਹਾਂ ਨੂੰ ਲਾਭ ਮਿਲ ਸਕਦਾ ਹੈ। ਇਸ ਤੋਂ ਇਲਾਵਾ ਜਲੰਧਰ ਦੇ ਦਲਿਤ ਵੋਟ ਤੇ ਕਾਂਗਰਸ ਦਾ ਕਾਫੀ ਦਬਦਬਾ ਹੈ। ਕਾਂਗਰਸ ਇਸ ਸੀਟ ਤੋਂ ਲਗਾਤਾਰ ਜਿਤਦੀ ਰਹੀ ਹੈ। ਸੋ ਕਹਿ ਸਕਦੇ ਹਾਂ ਕਿ ਕਾਂਗਰਸ ਪਾਰਟੀ ਦੀ ਸਥਿਤੀ ਇੱਥੇ ਹੋਰ ਪਾਰਟੀਆਂ ਨਾਲੋਂ ਮਜ਼ਬੂਤ ਹੋ ਸਕਦੀ ਹੈ
‘ਆਪ’ ਲਈ ਬਹੁਤ ਅਹਿਮ ਹੈ ਜਲੰਧਰ ਸੀਟ
ਸੰਗਰੂਰ ਜਿੱਥੇ ਭਗਵੰਤ ਮਾਨ ਦੋ ਵਾਰ ਐੱਮਪੀ ਰਹਿ ਚੁੱਕੇ ਹਨ ਪਰ ਮੁੱਖ ਮੰਤਰੀ ਬਣਦਿਆਂ ਹੀ ਸੰਗਰੂਰ ਲੋਕਸਭਾ ਦੀ ਸੀਟ ਖਾਲੀ ਹੋ ਗਈ। ਉਸ ਤੋਂ ਬਾਅਦ ਜਦੋਂ ਉੱਥੇ ਉਪ ਚੋਣ ਹੋਈ ਤਾਂ ਉਥੇ ਆਪ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਸ਼੍ਰੋਮਣੀ ਅਕਾਲੀ ਦਲ ਦੇ ਸਿਮਰਨਜੀਤ ਸਿੰਘ ਮਾਨ ਉੱਥੋਂ ਐਪਮੀ ਚੁਣੇ ਗਏ। ਆਪ ਦੀ ਸੰਗਰੂਰ ਵਿਖੇ ਤਾਂ ਹਾਰ ਹੋ ਗਈ ਪਰ ਜਲੰਧਰ ਜ਼ਿਮਨੀ ਚੋਣਾਂ ਵਿੱਚ ਜਿੱਤੇ ਲ਼ਈ ਆਪ ਨੇ ਪੂਰਾ ਜੋਰ ਲਗਾ ਦਿੱਤਾ।
ਸਰਕਾਰ ਨੇ ਲੋਕਾਂ ਨੂੰ ਆਪਣੇ ਵੱਲੋਂ ਕੀਤੇ ਕੰਮਾਂ ਬਾਰੇ ਵਿਸਥਾਰ ਨਾਲ ਦੱਸਿਆ ਜਿਸ ਵਿੱਚ 300 ਯੂਨਿਟ ਮੁਫਤ ਬਿਜਲੀ ਅਤੇ ਮਹੁੱਲ ਕੀਲਨਿਕਾਂ ਵਰਗੇ ਕੰਮਾਂ ਦਾ ਜਿਕਰ ਹੈ। ਆਪ ਦੇ ਇਸ ਉਪਰਾਲੇ ਨਾਲ ਵੀ ਉਸਦੇ ਕੈਂਡੀਡੇਟ ਦੀ ਸਥਿਤੀ ਮਜਬੂਤ ਹੋ ਸਕਦੀ ਹੈ।
ਸੁਸ਼ੀਲ ਕੁਮਾਰ ਰਿੰਕੂ ਕਾਰਨ ਨਾਰਾਜ਼ ਹਨ ਵਰਕਰ
ਪਰ ਦੂਜੇ ਪਾਸੇ ਜਾਣਕਾਰਾਂ ਦਾ ਇਹ ਵੀ ਮੰਨਣਾ ਹੈ ਕਿ ਪਾਰਟੀ ਨੇ ਬਾਹਰੀ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਟਿਕਟ ਦਿੱਤੀ ਜਿਸ ਕਾਰਨ ਉਸਦੀ ਸਥਿਤੀ ਕਮਜੋਰ ਰਹਿ ਸਕਦੀ ਹੈ। ਸੁਸ਼ੀਲ ਕੁਮਾਰ ਰਿੰਕੂ ਤੇ ਕਾਂਗਰਸ ਛੱਡਕੇ ਆਪ ਵਿੱਚ ਗਏ ਸਨ ਤੇ ਪਾਰਟੀ ਨੇ ਉਨ੍ਹਾਂ ਨੂੰ ਜ਼ਿਮਨੀ ਚੋਣ ਦਾ ਉਮੀਦਵਾਰ ਬਣਾ ਦਿੱਤਾ। ਇਸ ਕਾਰਨ ਪਾਰਟੀ ਵਰਕਰਾਂ ਵਿੱਚ ਨਾਰਾਜਗੀ ਹੋ ਸਕਦੀ ਹੈ। ਵਰਕਰਾਂ ਦੀ ਨਾਰਾਜ਼ਗੀ ਦਾ ਖਮਿਆਜਾ ਆਪ ਨੂੰ ਭੁਗਤਣਾ ਪੈ ਸਕਦਾ ਹੈ।
ਹਾਲਾਂਕਿ ਰਾਹਤ ਦੀ ਖਬਰ ਇਹ ਹੈ ਕਿ ਸੁਸ਼ੀਲ ਕੁਮਾਰ ਰਿੰਕੂ ਦਾ ਦਲਿਤ ਸਮਾਜ ਵਿੱਚ ਕਾਫੀ ਪ੍ਰਭਾਵ ਹੈ ਜਿਸ ਨਾਲ ਆਪ ਨੂੰ ਰਾਹਤ ਮਿਲਣ ਦੀ ਵੀ ਪੂਰੀ ਉਮੀਦ ਹੈ। 2022 ਵਿੱਚ ਜਦੋਂ ਉਹ ਕਾਂਗਰਸ ਵਿੱਚ ਸਨ ਤਾਂ ਉਨ੍ਹਾਂ ਨੇ ਆਪ ਉਮੀਦਵਾਰ ਨੂੰ ਹਰਾਇਆ ਸੀ। ਤੇ ਹੁਣ ਆਪ ਦੇ ਹੀ ਉਮੀਦਵਾਰ ਹਨ ਤੇ ਉਨ੍ਹਾਂ ਨੂੰ ਡਬਲ ਬੈਨੀਫਿਟ ਮਿਲ ਸਕਦਾ ਹੈ।
ਸ੍ਰੋਮਣੀ ਅਕਾਲੀ ਦਲ ਨੇ ਵੀ ਲਾਇਆ ਪੂਰਾ ਜੋਰ
ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਨਾਲੋਂ ਨਾਤਾ ਤੋੜ ਕੇ ਆਪਣੀ ਤੀਜੀ ਚੋਣ ਲੜ ਰਿਹਾ ਹੈ। ਜਿਸਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਨੇ ਗਠਬੰਧਨ ਨੇ ਡਾ. ਸੁਖਵਿੰਦਰ ਸਿੰਘ ਸੁੱਖੀ ਨੂੰ ਉਮੀਦਵਾਰ ਬਣਾਇਆ ਹੈ। ਪਿਛਲੀਆਂ ਵਿਧਾਨ ਸਭਾ ਵਿੱਚ ਅਕਾਲੀ ਦਲ ਦੇ ਸਿਰਫ਼ ਤਿੰਨ ਉਮੀਦਵਾਰ ਹੀ ਜਿੱਤ ਸਕੇ, ਜੋ ਕਿ ਅਕਾਲੀ ਦਲ ਦੇ ਇਤਿਹਾਸ ਵਿੱਚ ਸਭ ਤੋਂ ਕਮਜ਼ੋਰ ਪ੍ਰਦਰਸ਼ਨ ਸੀ।
ਸੰਗਰੂਰ ਜ਼ਿਮਨੀ ਚੋਣ ‘ਚ ਅਕਾਲੀ ਦਲ ਚੌਥੇ ਨੰਬਰ ‘ਤੇ ਰਿਹਾ। ਸ਼੍ਰੋਮਣੀ ਅਕਾਲੀ ਦਲ ਜਲੰਧਰ ਲੋਕ ਸਭਾ ਸੀਟ ਤੋਂ ਹਮੇਸ਼ਾ ਹੀ ਚੋਣ ਲੜਦਾ ਰਿਹਾ ਹੈ ਪਰ ਸਿਰਫ ਦੋ ਵਾਰੀ ਹੀ ਉਸਨੂੰ ਇਹ ਸੀਟ ਮਿਲ ਸਕੀ ਹੈ। ਇਸ ਵਾਰ ਅਕਾਲੀ ਦਲ ਬਸਪਾ ਨਾਲ ਮਿਲ ਕੇ ਚੋਣ ਲੜ ਰਿਹਾ ਹੈ।
ਚੰਗਾ ਰਸੂਖ ਰੱਖਦੇ ਹਨ ਡਾ. ਸੁੱਖੀ
ਸ਼੍ਰੋਮਣੀ ਅਕਾਲੀ ਦਲ ਨੇ ਜਲਧਰ ਜਿਮਨੀ ਚੋਣ ਵਿੱਚ ਜੰਮਕੇ ਪ੍ਰਚਾਰ ਕਰਕੇ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦਾ ਯਤਨ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਦੇ ਕਾਰਨ ਹਮਦਰਦੀ ਵੋਟ ਵੀ ਮਿਲਕ ਸਕਦੀ ਹੈ। ਜਿਸ ਨਾਲ ਪਾਰਟੀ ਮਜਬੂਤ ਹੋ ਕੇ ਉਭਰ ਸਕਦੀ ਹੈ। ਅਕਾਲੀ ਦਲ ਜਲੰਧਰ ਜਿਮਨੀ ਚੋਣ ਬਸਪਾ ਨਾਲ ਮਿਲਕੇ ਲੜ ਰਿਹਾ ਹੈ। ਦਲਿਤ ਸਮਾਜ ਵਿੱਚ ਚੰਗੀ ਪਕੜ ਦੇ ਕਾਰਨ ਬਸਪਾ ਦਾ ਜਲੰਧਰ ਵਿੱਚ ਚੰਗਾ ਆਧਾਰ ਹੈ।
2019 ਵਿੱਚ ਬਸਪਾ ਦੇ ਉਮੀਦਵਾਰ ਨੂੰ 2 ਲੱਖ ਤੋਂ ਜ਼ਿਆਦਾ ਵੋਟ ਮਿਲੇ ਸਨ। ਇਸਦਾ ਵੀ ਫਾਇਦਾ ਡਾ. ਸੁਖਵਿੰਦਰ ਸੁਖੀ ਨੂੰ ਮਿਲੇਗਾ। ਇਸ ਤੋਂ ਇਲਾਵਾ ਡਾ. ਸੁੱਖੀ ਸਿਟਿੰਗ ਵਿਧਾਇਕ ਹਨ। 2022 ਵਿੱਚ 117 ਵਿਧਾਨਸਭਾ ਵਿੱਚ ਆਪ ਦੀ ਹੰਨੇਰੀ ਚੱਲਣ ਦੇ ਬਾਵਜੂਦ ਵੀ ਉਹ ਬੰਗਾ ਤੋਂ ਅਕਾਲੀ ਬਸਪਾ ਵੱਲੋਂ ਵਿਧਾਇਕ ਚੁਣੇ ਗਏ। ਉਨ੍ਹਾਂ ਨਿੱਜੀ ਰਸੂਖ ਬਹੁਤ ਜ਼ਿਆਦਾ ਹੈ ਇਸਦਾ ਵੀ ਉਨ੍ਹਾਂ ਨੂੰ ਲਾਭ ਮਿਲ ਸਕਦਾ ਹੈ।
ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਬੀਜੇਪੀ
ਪੰਜਾਬ ਦੀ ਸਿਆਸਤ ਵਿਚ ਆਪਣੇ ਦਮ ‘ਤੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਭਾਜਪਾ ਨੇ ਵੀ ਉਪ ਚੋਣ ਨੂੰ ਅਹਿਮ ਸਵਾਲ ਬਣਾ ਦਿੱਤਾ ਹੈ। ਪਹਿਲੀ ਵਾਰ ਜਲੰਧਰ ਲੋਕ ਸਭਾ ਚੋਣਾਂ ਲੜਨ ਵਾਲੀ ਭਾਜਪਾ ਨੇ ਜ਼ਿਮਨੀ ਚੋਣਾਂ ਵਿਚ ਆਪਣੀ ਸਾਰੀ ਤਾਕਤ ਲਗਾ ਦਿੱਤੀ। ਭਾਜਪਾ ਨੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ ‘ਤੇ ਦਾਅ ਲਾਇਆ ਕਿਉਂਕਿ ਇੰਦਰ ਇਕਬਾਲ ਦੇ ਪਿਤਾ ਡਾ: ਚਰਨਜੀਤ ਸਿੰਘ ਅਟਵਾਲ ਅਕਾਲੀ ਦਲ ਦੀ ਟਿਕਟ ‘ਤੇ ਜਲੰਧਰ ਤੋਂ ਚੋਣ ਲੜ ਚੁੱਕੇ ਹਨ।
ਜਲੰਧਰ ਵਿੱਚ ਅਟਵਾਲ ਪਰਿਵਾਰ ਦਾ ਕਾਫੀ ਰਸੂਖ ਹੈ ਤੇ ਹੁਣ ਬੇਜੀਪੀ ਨੇ ਇੰਦਰਇਕਬਾਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਜਿਸ ਕਾਰਨ ਬੀਜੇਪੀ ਵੱਲੋਂ ਉਮੀਦਵਾਰ ਬਣਾਏ ਜਾਣ ਦੇ ਕਾਰਨ ਅਟਵਾਲ ਦੀ ਸਥਿਤੀ ਵੀ ਮਜ਼ਬੂਤ ਹੋ ਸਕਦੀ ਹੈ। ਪਰ ਜੇਕਰ ਬੀਜੇਪੀ ਦਾ ਪੂਰਾ ਵਿਸ਼ਲੇਸ਼ਨ ਕੀਤਾ ਜਾਵੇ ਤਾਂ ਉਸਦੀ ਸਥਿਤੀ ਸ਼ਹਿਰਾਂ ਵਿੱਚ ਮਜਬੂਤ ਤੇ ਪਿੰਡਾਂ ਵਿੱਚ ਕਮਜੋਰ ਹੈ। ਇਹ ਅਹਿਮ ਕਾਰਨ ਹੈ ਬੇਜੀਪੇ ਦੇ ਕਮਜੋਰ ਹੋਣ ਦਾ। ਚੋਣ ਨਤੀਜੇ ਭਾਵੇਂ ਭਾਜਪਾ ਦੀ ਸਿਹਤ ‘ਤੇ ਕੋਈ ਅਸਰ ਨਾ ਪਵੇ, ਪਰ ਇਹ ਦੂਜੇ ਜਾਂ ਤੀਜੇ ਨੰਬਰ ‘ਤੇ ਆ ਕੇ 2024 ਲਈ ਆਪਣੀ ਨੀਂਹ ਮਜ਼ਬੂਤ ਕਰ ਸਕਦਾ ਹੈ।
ਬੀਜੇਪੀ ਨੇ ਪਿੰਡਾਂ ਚ ਕੀਤਾ ਪ੍ਰਵੇਸ਼
ਇਸ ਦੇ ਨਾਲ ਹੀ ਇਸ ਚੋਣ ਰਾਹੀਂ ਭਾਜਪਾ ਨੇ ਜਲੰਧਰ ਦੇ ਹਰ ਪਿੰਡ ਵਿੱਚ ਪ੍ਰਵੇਸ਼ ਕਰ ਲਿਆ ਹੈ, ਜਦੋਂ ਕਿ ਅਕਾਲੀ ਦਲ ਨਾਲ ਗਠਜੋੜ ਕਰਦਿਆਂ ਉਹ ਸ਼ਹਿਰੀ ਖੇਤਰਾਂ ਤੱਕ ਹੀ ਸੀਮਤ ਰਹੀ। ਭਾਜਪਾ ਜਾਣਦੀ ਹੈ ਕਿ ਜੇਕਰ ਉਸ ਨੇ ਪੰਜਾਬ ਵਿਚ ਆਪਣੇ ਦਮ ‘ਤੇ ਰਾਜਨੀਤੀ ਕਰਨੀ ਹੈ ਤਾਂ ਉਸ ਨੂੰ ਪਿੰਡਾਂ ਤੱਕ ਪਹੁੰਚ ਕਰਨੀ ਪਵੇਗੀ। ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਹੈ। ਜੇ ਅਟਵਾਲ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਪਹੁੰਚ ਸਿੱਧੇ ਕੇਂਦਰ ਸਰਕਾਰ ਤੱਕ ਹੋਵੇਗੀ। ਜਲੰਧਰ ਸੀਟ ਦਾ 48 ਪ੍ਰਤੀਸ਼ਤ ਏਰੀਆਂ ਸ਼ਹਿਰੀ ਹੈ ਜਿਸ ਕਾਰਨ ਅਟਵਾਲ ਨੂੰ ਬੀਜੇਪੀ ਦੇ ਉਮੀਦਵਾਰ ਹੋਣ ਦੇ ਨਾਤੇ ਫਾਇਦਾ ਮਿਲ ਸਕਦਾ ਹੈ।
ਬੀਜੇਪੀ ਸ਼ਹਿਰੀ ਇਲਾਕਿਆਂ ਦੀ ਪਾਰਟੀ ਮੰਨੀ ਜਾਂਦੀ ਹੈ ਪੇਂਡੂ ਖੇਤਰਾਂ ਵਿੱਚ ਬੀਜੇਪੀ ਦਾ ਆਧਾਰ ਨਹੀਂ ਹੈ। ਗ੍ਰਾਮੀਣ ਖੇਤਰਾਂ ਵਿੱਚ ਬੀਜੇਪੀ ਦਾ ਕੋਈ ਸੰਗਠਨ ਵੀ ਨਹੀਂ ਹੈ ਜਿਸ ਕਾਰਨ ਵੱਡੀ ਚੁਣੌਤੀ ਹੈ। ਕਿਸਾਨ ਅੰਦੋਲਨ ਦੌਰਾ ਬੀਜੇਪੀ ਨੂੰ ਲੈ ਕੇ ਕਿਸਾਨਾਂ ਵਿੱਚ ਬਹੁਤ ਨਾਰਾਜ਼ਗੀ ਸੀ, ਜਿਸ ਕਾਰਨ ਕਿਸਾਨਾਂ ਤੋਂ ਸਮਰਥਨ ਮਿਲਣਾ ਮੁਸ਼ਕਿਲ ਹੈ। ਇਸ ਤੋ ਇਲ਼ਾਵਾ ਪਿਛਲੀ ਵਾਰ ਅਕਾਲੀ ਦਲ ਦਾ ਸਾਥ ਮਿਲਿਆ ਸੀ ਪਰ ਇਸ ਵਾਰੀ ਬੀਜੇਪੀ ਇੱਕਲੇ ਹੀ ਜਲੰਧਰ ਦੀ ਜਿਮਨੀ ਚੋਣ ਲੜ ਰਹੀ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ