ਮੁਲਜ਼ਮ SHO ਸਣੇ ਤਿੰਨ ਹੋਰਾਂ ‘ਤੇ ਪਰਚਾ ਦਰਜ, ਬਿਆਸ ਦਰਿਆ ‘ਚ ਛਾਲ ਮਾਰਨ ਵਾਲੇ 2 ਸੱਕੇ ਭਰਾਵਾਂ ਚੋਂ ਇੱਕ ਦੀ ਲਾਸ਼ ਮਿਲੀ
Double Suicide: ਕਰੀਬ 16 ਦਿਨ ਪਹਿਲਾਂ ਗੋਇੰਦਵਾਲ ਪੁਲ ਤੋਂ ਛਾਲ ਮਾਰਨ ਵਾਲੇ ਦੋ ਸਕੇ ਭਰਾਵਾਂ ਵਿੱਚੋਂ ਇੱਕ ਜਸ਼ਨਬੀਰ ਸਿੰਘ ਢਿੱਲੋਂ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੇ ਪਿਤਾ ਅਤੇ ਦੋਸਤ ਨੇ ਲਾਸ਼ ਦੀ ਪਛਾਣ ਕੀਤੀ ਹੈ। ਇਸ ਮਾਮਲੇ ਵਿੱਚ ਮੁਲਜ਼ਮ SHO ਸਣੇ ਤਿੰਨ ਹੋਰ ਪੁਲਿਸ ਮੁਲਾਜ਼ਮਾਂ 'ਤੇ ਪਰਚਾ ਦਰਜ ਕੀਤਾ ਗਿਆ ਹੈ।
ਜਲੰਧਰ ਨਿਊਜ਼। ਬਿਆਸ ਦਰਿਆ ਵਿੱਚ ਕਰੀਬ 16 ਦਿਨ ਪਹਿਲਾਂ ਗੋਇੰਦਵਾਲ ਪੁਲ ਤੋਂ ਛਾਲ ਮਾਰਨ ਵਾਲੇ ਦੋ ਸਕੇ ਭਰਾਵਾਂ ਵਿੱਚੋਂ ਇੱਕ ਜਸ਼ਨਬੀਰ ਸਿੰਘ ਢਿੱਲੋਂ ਦੀ ਲਾਸ਼ ਬਰਾਮਦ ਹੋਈ ਹੈ। ਜਸ਼ਨਬੀਰ ਸਿੰਘ ਢਿੱਲੋਂ ਦੇ ਪਿਤਾ ਅਤੇ ਦੋਸਤ ਨੇ ਉਸ ਦੇ ਬਰੇਸਲੇਟ ਅਤੇ ਜੁੱਤੀਆਂ ਤੋਂ ਲਾਸ਼ ਦੀ ਪਛਾਣ ਕੀਤੀ ਹੈ। ਜਸ਼ਨਬੀਰ ਸਿੰਘ ਢਿੱਲੋਂ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਉੱਥੇ ਹੀ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਨੇ ਮ੍ਰਿਤਕ ਦੇ ਪਿਤਾ ਅਤੇ ਦੋਸਤ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਸੁਲਤਾਨਪੁਰ ਲੋਧੀ ਨੇ ਪਰਿਵਾਰ ਨੂੰ ਇਨਸਾਫ਼ ਦਾ ਭਰੋਸਾ ਦਿੱਤਾ ਹੈ।
ਮੁਲਜ਼ਮ SHO ਸਣੇ ਤਿੰਨ ਹੋਰਾਂ ‘ਤੇ ਪਰਚਾ ਦਰਜ
ਦੋ ਸਕੇ ਭਰਾਵਾਂ ਦੇ ਇਸ ਮਾਮਲੇ ਵਿੱਚ ਇੱਕ ਭਰਾ ਦੀ ਲਾਸ਼ ਦੀ ਸ਼ਨਾਖਤ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦੇ ਬਿਆਨ ਦਰਜ ਕੀਤੇ ਗਏ। ਇਨ੍ਹਾਂ ਬਿਆਨਾ ਦੇ ਅਧਾਰ ‘ਤੇ ਜਲੰਧਰ ਦੇ ਥਾਣਾ ਮੁਖੀ ਨਵਦੀਪ ਸਿੰਘ, ਲੇਡੀ ਕਾਂਸਟੇਬਲ ਜਗਜੀਤ ਕੌਰ ਅਤੇ ਮੁਨਸ਼ੀ ਬਲਵਿੰਦਰ ਸਿੰਘ ਖ਼ਿਲਾਫ਼ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਲਈ ਤਲਵੰਡੀ ਚੋਧਰੀਆ ਥਾਣੇ ਵਿੱਚ ਆਈਪੀਸੀ ਦੀਆਂ ਧਾਰਾਵਾਂ 306, 506 ਅਤੇ 34 ਹੋਰ ਕਾਨੂੰਨੀ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ, ਜਿਸ ਦੀ ਪੁਸ਼ਟੀ ਥਾਣਾ ਮੁਖੀ ਜਸਪਾਲ ਸਿੰਘ ਨੇ ਕੀਤੀ ਹੈ।
ਸ਼ਨੀਵਾਰ ਦੇਰ ਸ਼ਾਮ ਤਲਵੰਡੀ ਚੌਧਰੀਆਂ ਦੇ ਮੰਡ ਖੇਤਰ ਦੇ ਨਜ਼ਦੀਕ ਬਿਆਸ ਦਰਿਆ ਦੇ ਕੰਢੇ ਇੱਕ ਕਿਸਾਨ ਨੂੰ ਮੋਟਰ ਦੇ ਹੇਠਾਂ ਫਸੀ ਨੌਜਵਾਨ ਦੀ ਲਾਸ਼ ਮਿਲੀ। ਜਿਸ ਕਾਰਨ ਇਹ ਕਿਆਸ ਲਗਾਇਆ ਜਾ ਰਿਹਾ ਸੀ ਕਿ ਇਹ ਲਾਸ਼ ਉਨ੍ਹਾਂ ਦੋ ਭਰਾਵਾਂ ਮਾਨਵਜੀਤ ਅਤੇ ਜਸ਼ਨਬੀਰ ਸਿੰਘ ਵਿੱਚੋਂ ਇੱਕ ਦੀ ਹੈ ਜਿਨ੍ਹਾਂ ਨੇ ਕਰੀਬ ਦੋ ਹਫ਼ਤੇ ਪਹਿਲਾਂ ਗੋਇੰਦਵਾਲ ਸਾਹਿਬ ਪੁਲ ਤੋਂ ਦਰਿਆ ਵਿੱਚ ਛਾਲ ਮਾਰ ਦਿੱਤੀ ਸੀ। ਪੁਲਿਸ ਅਤੇ ਇਲਾਕੇ ਦੇ ਲੋਕਾਂ ਨੇ ਬੜੀ ਮਿਹਨਤ ਨਾਲ ਲਾਸ਼ ਨੂੰ ਕਿਸ਼ਤੀ ਰਾਹੀਂ ਬਾਹਰ ਕੱਢਿਆ।
ਜਿਸ ਤੋਂ ਬਾਅਦ ਢਿੱਲੋਂ ਭਰਾ ਦੇ ਪਿਤਾ ਜਤਿੰਦਰਪਾਲ ਸਿੰਘ ਅਤੇ ਦੋਸਤ ਮਾਨਵਦੀਪ ਸਿੰਘ ਅਤੇ ਕਈ ਹੋਰ ਸੱਕੇ ਉੱਥੇ ਪਹੁੰਚੇ ਅਤੇ ਜਸ਼ਨਬੀਰ ਸਿੰਘ ਦੀ ਲਾਸ਼ ਨੂੰ ਬਰੇਸਲੇਟ ਅਤੇ ਜੁੱਤੀਆਂ ਨਾਲ ਪਛਾਣਿਆ। ਦੇਰ ਰਾਤ ਰਿਸ਼ਤੇਦਾਰ ਲਾਸ਼ ਲੈ ਕੇ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਪਹੁੰਚੇ। ਜਿੱਥੇ ਲਾਸ਼ ਨੂੰ ਮੋਰਚਰੀ ‘ਚ ਰਖਵਾਇਆ ਗਿਆ ਹੈ। ਲਾਸ਼ ਦਾ ਪੋਸਟਮਾਰਟਮ ਐਤਵਾਰ ਨੂੰ ਹੋਵੇਗਾ।
ਸੂਚਨਾ ਮਿਲਦੇ ਹੀ ਡੀਐਸਪੀ ਬਬਨਦੀਪ ਸਿੰਘ ਅਤੇ ਥਾਣਾ ਤਲਵੰਡੀ ਚੌਧਰੀਆਂ ਦੇ ਐਸਐਚਓ ਜਸਪਾਲ ਸਿੰਘ ਪੁਲਿਸ ਫੋਰਸ ਨਾਲ ਪੁੱਜੇ। ਥਾਣਾ ਤਲਵੰਡੀ ਚੌਧਰੀਆਂ ਦੇ ਐਸਐਚਓ ਜਸਪਾਲ ਸਿੰਘ ਨੇ ਮ੍ਰਿਤਕ ਜਸ਼ਨਬੀਰ ਸਿੰਘ ਦੇ ਪਿਤਾ ਜਤਿੰਦਰਪਾਲ ਸਿੰਘ ਅਤੇ ਮਾਨਵਦੀਪ ਸਿੰਘ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ
ਪੀੜਤ ਪਰਿਵਾਰ ਨੂੰ ਦਿੱਤਾ ਇਨਸਾਫ਼ ਦਾ ਭਰੋਸਾ
ਡੀਐਸਪੀ ਨੇ ਪੀੜਤ ਪਰਿਵਾਰ ਨੂੰ ਇਨਸਾਫ਼ ਦਾ ਭਰੋਸਾ ਦਿੱਤਾ ਹੈ। ਪੀੜਤ ਪਰਿਵਾਰ ਨੇ ਇਲਜ਼ਾਮ ਲਾਇਆ ਹੈ ਕਿ ਪੰਜਾਬ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਉਨ੍ਹਾਂ ਦੇ ਘਰ ਦੇ ਦੀਵੇ ਬੁਝ ਗਏ ਹਨ। ਕਾਂਗਰਸ ਤੇ ਅਕਾਲੀ ਦਲ ਸਮੇਤ ਕਈ ਸਿਆਸੀ ਪਾਰਟੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਪਰ ਆਮ ਆਦਮੀ ਪਾਰਟੀ ਦੇ ਇਕ ਵੀ ਨੁਮਾਇੰਦੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਸਾਰਾ ਮਾਮਲਾ ਮੁੱਖ ਮੰਤਰੀ ਅਤੇ ਡੀਜੀਪੀ ਦੇ ਧਿਆਨ ਵਿੱਚ ਹੋਣ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ। ਜਦੋਂ ਤੱਕ ਐਸ.ਐਚ.ਓ ਨਵਦੀਪ ਸਿੰਘ ਨੂੰ ਬਰਖ਼ਾਸਤ ਨਹੀਂ ਕੀਤਾ ਗਿਆ ਅਤੇ ਹੋਰ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਦੋਂ ਤੱਕ ਉਹ ਚੁੱਪ ਨਹੀਂ ਬੈਠੇਗਾ।
ਜ਼ਿਕਰਯੋਗ ਹੈ ਕਿ ਜਲੰਧਰ ਡਿਵੀਜ਼ਨ ਨੰਬਰ 1 ਦੇ ਐਸਐਚਓ ਇੰਸਪੈਕਟਰ ਨਵਦੀਪ ਸਿੰਘ ਵੱਲੋਂ ਥਾਣੇ ਵਿੱਚ ਕੀਤੀ ਗਈ ਬੇਇੱਜ਼ਤੀ ਤੋਂ ਦੁਖੀ ਹੋ ਕੇ ਦੋ ਭਰਾਵਾਂ ਮਾਨਵਜੀਤ ਸਿੰਘ ਢਿੱਲੋਂ ਅਤੇ ਜਸ਼ਨਬੀਰ ਸਿੰਘ ਢਿੱਲੋਂ ਨੇ ਦੋ ਹਫ਼ਤੇ ਪਹਿਲਾਂ ਗੋਇੰਦਵਾਲ ਸਾਹਿਬ ਪੁਲ ਤੋਂ ਬਿਆਸ ਦਰਿਆ ਵਿੱਚ ਛਾਲ ਮਾਰ ਦਿੱਤੀ ਸੀ।