Vigilance Peshi: ਆਮਦਨ ਤੋਂ ਜਾਇਦਾਦ ਦੇ ਮਾਮਲੇ ‘ਚ ਕੱਲ੍ਹ ਵਿਜੀਲੈਂਸ ਸਾਹਮਣੇ ਪੇਸ਼ ਹੋਣਗੇ ਚੰਨੀ
Channi on Vigilance: ਬੀਤੀ 14 ਅਪ੍ਰੈਲ ਨੂੰ ਵਿਸਾਖੀ ਦੀ ਛੁੱਟੀ ਵਾਲੇ ਦਿਨ ਜਦੋਂ ਚੰਨੀ ਨੂੰ ਵਿਜੀਲੈਂਸ ਵਿਭਾਗ ਨੇ ਸੰਮਨ ਕੀਤਾ ਸੀ ਤਾਂ ਉਨ੍ਹਾਂ ਨੇ ਉਸ ਦਿਨ ਆਪਣੀ ਜਾਨ ਨੂੰ ਖਤਰਾ ਦੱਸਿਆ ਸੀ ਅਤੇ ਨਾਲ ਹੀ ਜੇਲ੍ਹ ਭੇਜਣ ਦਾ ਵੀ ਖਦਸ਼ਾ ਜਤਾਇਆ ਸੀ।
ਪੰਜਾਬ ਨਿਊਜ: ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਕੱਲ ਫੇਰ ਵਿਜੀਲੈਂਸ ਬਿਊਰੋ (Vigilance Bureau) ਦੇ ਸਾਹਮਣੇ ਪੇਸ਼ ਹੋਣਾ ਹੈ। ਇਸ ਸਬੰਧੀ ਚਰਨਜੀਤ ਸਿੰਘ ਚੰਨੀ ਨੇ ਇੱਕ ਵਾਰ ਮੁੜ ਤੋਂ ਸੂਬਾ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਉਹ ਮੇਰੇ ‘ਤੇ ਦਬਾਅ ਬਣਾਉਣਾ ਚਾਹੁੰਦੇ ਹਨ। ਮੈਨੂੰ ਖ਼ਰਾਬ ਕਰਨਾ ਚਾਹੁੰਦੇ ਹਨ ਅਤੇ ਜੇਲ੍ਹ ਵਿੱਚ ਵੀ ਡੱਕਣਾ ਚਾਹੁੰਦੇ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾ 14 ਅਪ੍ਰੈਲ ਨੂੰ ਛੁੱਟੀ ਵਾਲੇ ਦਿਨ ਅਚਾਨਕ ਚੰਨੀ ਨੂੰ ਵਿਜਿਲੈਂਸ ਵਿਭਾਗ ਨੇ ਤਲਬ ਕਰ ਲਿਆ ਸੀ। ਉਦੋਂ ਚੰਨੀ ਨੇ ਸੰਮਨ ਦੀ ਟਾਈਮਿੰਗ ‘ਤੇ ਸਵਾਲ ਚੁੱਕਦਿਆਂ ਕਿਹਾ ਸੀ ਕਿ ਜਦੋਂ ਵਿਸਾਖੀ ਦੀ ਛੁੱਟੀ ‘ਤੇ ਸਾਰੇ ਦਫ਼ਤਰ ਬੰਦ ਹਨ ਤਾਂ ਉਹ ਇਕੱਲੇ ਹੀ ਵਿਜੀਲੈਂਸ ਦੇ ਦਫ਼ਤਰ ਜਾਵਾਂਗਾ।
ਇਹ ਵੀ ਦੱਸ ਦੇਈਏ ਕਿ ਬੀਤੀ 7 ਮਾਰਚ ਨੂੰ ਵਿਜੀਲੈਂਸ ਬਿਊਰੋ ਨੇ ਚਰਨਜੀਤ ਸਿੰਘ ਚੰਨੀ ਖਿਲਾਫ ਲੁੱਕਆਊਟ ਸਰਕੂਲਰ ਨੋਟਿਸ ਜਾਰੀ ਕਰਦਿਆਂ ਉਨ੍ਹਾਂ ਦੇ ਦੇਸ਼ ਤੋਂ ਬਾਹਰ ਜਾਣ ਤੇ ਰੋਕ ਲਗਾ ਦਿੱਤੀ ਸੀ। ਇਸ ਨੋਟਿਸ ਤੋਂ ਬਾਅਦ ਚੰਨੀ ਨੇ ਆਪਣਾ ਅਮਰੀਕਾ ਦੌਰਾ ਰੱਦ ਕਰ ਦਿੱਤਾ ਸੀ।


