ਜਲੰਧਰ ‘ਚ ਗੈਂਗਸਟਰ ਡੋਨੀ ਬਲ ਗੈਂਗ ਦਾ ਮੁੱਖ ਸਰਗਨਾ ਕਾਬੂ, ਨਾਜਾਇਜ਼ ਅਸਲਾ ਤੇ ਕਾਰ ਬਰਾਮਦ

Published: 

27 Jun 2026 18:17 PM IST

ਜਲੰਧਰ ਦੇਹਾਤ ਦੀ ਐਂਟੀ-ਗੈਂਗਸਟਰ ਆਪ੍ਰੇਸ਼ਨਲ ਯੂਨਿਟ ਸੀ.ਆਈ.ਏ. (CIA) ਸਟਾਫ਼ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਵਿਦੇਸ਼ ਦੀ ਧਰਤੀ 'ਤੇ ਲੁਕੇ ਹੋਏ ਖ਼ਤਰਨਾਕ ਗੈਂਗਸਟਰ ਡੋਨੀ ਬਲ ਦੇ ਸਰਗਰਮ ਗੈਂਗ ਦੇ ਮੁੱਖ ਸਰਗਨਾ ਅਤੇ ਉਸ ਦੇ ਇੱਕ ਹੋਰ ਅਹਿਮ ਹਥਿਆਰ ਤਸਕਰ ਸਾਥੀ ਨੂੰ ਦਬੋਚਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

ਜਲੰਧਰ  ਚ ਗੈਂਗਸਟਰ ਡੋਨੀ ਬਲ ਗੈਂਗ ਦਾ ਮੁੱਖ ਸਰਗਨਾ ਕਾਬੂ, ਨਾਜਾਇਜ਼ ਅਸਲਾ ਤੇ ਕਾਰ ਬਰਾਮਦ

ਜਲੰਧਰ ਦੇਹਾਤ ਦੀ ਐਂਟੀ-ਗੈਂਗਸਟਰ ਆਪ੍ਰੇਸ਼ਨਲ ਯੂਨਿਟ ਸੀ.ਆਈ.ਏ. (CIA) ਸਟਾਫ਼ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਵਿਦੇਸ਼ ਦੀ ਧਰਤੀ ‘ਤੇ ਲੁਕੇ ਹੋਏ ਖ਼ਤਰਨਾਕ ਗੈਂਗਸਟਰ ਡੋਨੀ ਬਲ ਦੇ ਸਰਗਰਮ ਗੈਂਗ ਦੇ ਮੁੱਖ ਸਰਗਨਾ ਅਤੇ ਉਸ ਦੇ ਇੱਕ ਹੋਰ ਅਹਿਮ ਹਥਿਆਰ ਤਸਕਰ ਸਾਥੀ ਨੂੰ ਦਬੋਚਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਗਈ ਇਸ ਸਖ਼ਤ ਕਾਰਵਾਈ ਦੌਰਾਨ ਕਾਬੂ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਸਵਿਫਟ ਕਾਰ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਅਸਲਾ ਬਰਾਮਦ ਕੀਤਾ ਗਿਆ ਹੈ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ 30 ਬੋਰ ਦੀ ਇੱਕ ਆਧੁਨਿਕ ਪਿਸਤੌਲ (3 ਮੈਗਜ਼ੀਨ ਅਤੇ 9 ਜ਼ਿੰਦਾ ਕਾਰਤੂਸ), ਇੱਕ 12 ਬੋਰ ਦੀ ਪੰਪ ਐਕਸ਼ਨ ਗਨ ਅਤੇ ਇੱਕ ਹੋਰ 32 ਬੋਰ ਦੀ ਪਿਸਤੌਲ ਸ਼ਾਮਲ ਹਨ।

ਪੁਲਿਸ ਅਧਿਕਾਰੀਆਂ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੁਖਜਿੰਦਰ ਸਿੰਘ ਉਰਫ਼ ਬਿੱਟੂ ਵਾਸੀ ਅੰਮ੍ਰਿਤਸਰ ਅਤੇ ਮਨੀਸ਼ ਉਰਫ਼ ਜੰਸਾ ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ। ਇਨ੍ਹਾਂ ਦੋਵਾਂ ਨਾਮੀ ਅਪਰਾਧੀਆਂ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਜ਼ਿਲ੍ਹਿਆਂ ਦੇ ਥਾਣਿਆਂ ਵਿੱਚ ਕਤਲ, ਕਤਲ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਦੇ ਦਰਜਨਾਂ ਸੰਗੀਨ ਮੁਕੱਦਮੇ ਦਰਜ ਹਨ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਸ ਗੈਂਗ ਦੇ ਹਥਿਆਰਬੰਦ ਬਦਮਾਸ਼ ਇਲਾਕੇ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਘੁੰਮ ਰਹੇ ਹਨ, ਜਿਸ ਤੋਂ ਬਾਅਦ ਤੁਰੰਤ ਮੁਸਤੈਦੀ ਵਰਤਦਿਆਂ ਖ਼ਾਸ ਨਾਕੇਬੰਦੀ ਕਰਕੇ ਇਨ੍ਹਾਂ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ ਗਿਆ।

2017 ਵਿੱਚ ਅੰਮ੍ਰਿਤਸਰ ਜੇਲ੍ਹ ਅੰਦਰ ਬਣਿਆ ਸੀ ਗੈਂਗਸਟਰ ਨਾਲ ਸੰਪਰਕ

ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਪੁੱਛਗਿੱਛ ਅਤੇ ਜਾਂਚ ਦੌਰਾਨ ਇਹ ਵੱਡਾ ਖ਼ੁਲਾਸਾ ਹੋਇਆ ਹੈ ਕਿ ਮਾਮਲੇ ਦਾ ਮੁੱਖ ਮੁਲਜ਼ਮ ਸੁਖਜਿੰਦਰ ਸਿੰਘ ਉਰਫ਼ ਬਿੱਟੂ ਸਾਲ 2017 ਵਿੱਚ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਬੰਦ ਰਹਿਣ ਦੌਰਾਨ ਵਿਦੇਸ਼ੀ ਗੈਂਗਸਟਰ ਡੋਨੀ ਬਲ ਦੇ ਸਿੱਧੇ ਸੰਪਰਕ ਵਿੱਚ ਆਇਆ ਸੀ। ਜੇਲ੍ਹ ਦੀਆਂ ਸਲਾਖਾਂ ਪਿੱਛੇ ਹੀ ਦੋਵਾਂ ਨੇ ਮਿਲ ਕੇ ਆਪਣਾ ਇੱਕ ਵੱਖਰਾ ਅਪਰਾਧਿਕ ਗੈਂਗ ਤਿਆਰ ਕਰ ਲਿਆ ਸੀ। ਇਸ ਗੈਂਗ ਦਾ ਪਿਛੋਕੜ ਅਤੇ ਸਬੰਧ ਜੱਗੂ ਭਗਵਾਨਪੁਰਿਆ ਗੈਂਗ ਨਾਲ ਚੱਲ ਰਹੀ ਪੁਰਾਣੀ ਖ਼ੂਨੀ ਦੁਸ਼ਮਣੀ ਨਾਲ ਵੀ ਜੁੜਿਆ ਹੋਇਆ ਹੈ।

ਭਗਵਾਨਪੁਰਿਆ ਗੈਂਗ ਤੋਂ ਜਾਨ ਦਾ ਖ਼ਤਰਾ ਹੋਣ ਕਾਰਨ ਸੁਖਜਿੰਦਰ ਸਿੰਘ ਜਲੰਧਰ ਦੇਹਾਤ ਦੇ ਅਧੀਨ ਆਉਂਦੇ ਬਿਲਗਾ ਅਤੇ ਮਹਿਤਪੁਰ ਦੇ ਇਲਾਕਿਆਂ ਵਿੱਚ ਆਪਣੀ ਪਛਾਣ ਲੁਕਾ ਕੇ ਰਹਿ ਰਿਹਾ ਸੀ। ਉਸ ਨੇ ਆਪਣੀ ਨਿੱਜੀ ਸੁਰੱਖਿਆ ਅਤੇ ਵਿਰੋਧੀਆਂ ‘ਤੇ ਹਮਲੇ ਕਰਨ ਦੇ ਮਕਸਦ ਨਾਲ ਇਹ ਭਾਰੀ ਮਾਤਰਾ ਵਿੱਚ ਗ਼ੈਰ-ਕਾਨੂੰਨੀ ਹਥਿਆਰ ਇਕੱਠੇ ਕੀਤੇ ਹੋਏ ਸਨ।

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮਾਰਚ 2026 ਦੌਰਾਨ ਮਹਿਤਪੁਰ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਇੱਕ ਬੇਹੱਦ ਆਧੁਨਿਕ ਵਿਦੇਸ਼ੀ ਗਲਾਕ ਪਿਸਤੌਲ ਵੀ ਵਿਦੇਸ਼ ਵਿੱਚ ਬੈਠੇ ਡੋਨੀ ਬਲ ਨੇ ਹੀ ਸੁਖਜਿੰਦਰ ਬਿੱਟੂ ਦੇ ਨੈੱਟਵਰਕ ਰਾਹੀਂ ਪੰਜਾਬ ਭੇਜੀ ਸੀ। ਇਸ ਤੋਂ ਇਲਾਵਾ, ਪੁਲਿਸ ਨੇ ਕਾਰਵਾਈ ਨੂੰ ਅੱਗੇ ਵਧਾਉਂਦੇ ਹੋਏ ਇਸ ਦੇ ਦੂਜੇ ਸਾਥੀ ਮਨੀਸ਼ ਉਰਫ਼ ਜੰਸਾ ਨੂੰ ਨਹਿਰ ਦੀ ਪੁਲੀ ਦੇ ਨਜ਼ਦੀਕ ਤੋਂ ਗ੍ਰਿਫ਼ਤਾਰ ਕੀਤਾ ਹੈ, ਜਿਸ ਕੋਲੋਂ ਤਲਾਸ਼ੀ ਦੌਰਾਨ 32 ਬੋਰ ਦੀ ਪਿਸਤੌਲ ਅਤੇ ਕਾਰਤੂਸ ਬਰਾਮਦ ਹੋਏ ਹਨ।

ਫੜੇ ਗਏ ਮੁਲਜ਼ਮਾਂ ਦਾ ਖ਼ੌਫਨਾਕ ਅਪਰਾਧਿਕ ਰਿਕਾਰਡ

ਪੁਲਿਸ ਰਿਕਾਰਡ ਮੁਤਾਬਕ ਫੜੇ ਗਏ ਦੋਵਾਂ ਮੁਲਜ਼ਮਾਂ ਦਾ ਪੁਰਾਣਾ ਅਪਰਾਧਿਕ ਇਤਿਹਾਸ ਬੇਹੱਦ ਖ਼ੌਫਨਾਕ ਰਿਹਾ ਹੈ। ਮੁੱਖ ਮੁਲਜ਼ਮ ਸੁਖਜਿੰਦਰ ਸਿੰਘ ਉਰਫ਼ ਬਿੱਟੂ ਦੇ ਖ਼ਿਲਾਫ਼ ਅੰਮ੍ਰਿਤਸਰ, ਤਰਨਤਾਰਨ ਅਤੇ ਜਲੰਧਰ ਦੇ ਵੱਖ-ਵੱਖ ਥਾਣਿਆਂ ਵਿੱਚ ਕਤਲ (ਧਾਰਾ 302), ਇਰਾਦਾ-ਏ-ਕਤਲ (ਧਾਰਾ 307) ਅਤੇ ਆਰਮਜ਼ ਐਕਟ ਦੀਆਂ ਸੰਗੀਨ ਧਾਰਾਵਾਂ ਤਹਿਤ ਕਰੀਬ 12 ਗੰਭੀਰ ਮੁਕੱਦਮੇ ਦਰਜ ਹਨ। ਇਸੇ ਤਰ੍ਹਾਂ ਦੂਜੇ ਮੁਲਜ਼ਮ ਮਨੀਸ਼ ਉਰਫ਼ ਜੰਸਾ ਖ਼ਿਲਾਫ਼ ਵੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵੱਖ-ਵੱਖ ਪੁਲਿਸ ਸਟੇਸ਼ਨਾਂ ਵਿੱਚ ਆਰਮਜ਼ ਐਕਟ ਅਤੇ ਐਨ.ਡੀ.ਪੀ.ਐਸ. ਐਕਟ ਦੇ ਕਈ ਗੰਭੀਰ ਮਾਮਲੇ ਪਹਿਲਾਂ ਤੋਂ ਹੀ ਦਰਜ ਚੱਲ ਰਹੇ ਹਨ। ਪੁਲਿਸ ਹੁਣ ਦੋਵਾਂ ਦਾ ਰਿਮਾਂਡ ਹਾਸਲ ਕਰਕੇ ਅੱਗੇ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਹੋਰ ਵੱਡੇ ਖ਼ੁਲਾਸੇ ਹੋ ਸਕਣ।

Follow Us