ਜਲੰਧਰ ‘ਚ 13 ਸਾਲਾ ਮਾਸੂਮ ਨਾਲ ਦਰਿੰਦਗੀ, 50 ਟਾਂਕੇ ਤੇ 4 ਸਰਜਰੀਆਂ ਮਗਰੋਂ ਵੀ ਇਨਸਾਫ਼ ਅਧੂਰਾ; ਹਾਈਕੋਰਟ ਪੁੱਜਾ ਪਰਿਵਾਰ
ਜਲੰਧਰ 'ਚ ਮਹਿਜ਼ 13 ਸਾਲ ਦੀ ਇੱਕ ਮਾਸੂਮ ਬੱਚੀ ਨਾਲ ਗੁਆਂਢੀ ਵੱਲੋਂ ਕੀਤੀ ਗਈ ਦਰਿੰਦਗੀ ਨੇ ਉਸ ਦੇ ਬਚਪਨ ਨੂੰ ਡੂੰਘੇ ਖ਼ੌਫ਼ ਅਤੇ ਅਸਹਿ ਦਰਦ ਦੇ ਹਨੇਰੇ ਵਿੱਚ ਧੱਕ ਦਿੱਤਾ ਹੈ। ਚਾਰ ਵੱਡੀਆਂ ਸਰਜਰੀਆਂ ਅਤੇ ਗੁਪਤ ਅੰਗਾਂ 'ਤੇ ਲੱਗੇ 50 ਟਾਂਕਿਆਂ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਸਰੀਰਕ ਤੌਰ 'ਤੇ ਤਾਂ ਬਚਾ ਲਿਆ, ਪਰ ਘਟਨਾ ਦੀ ਦਹਿਸ਼ਤ ਅੱਜ ਵੀ ਉਸ ਦੇ ਮਨ ਅੰਦਰ ਇਸ ਕਦਰ ਵੱਸੀ ਹੋਈ ਹੈ ਕਿ ਉਹ ਰਾਤਾਂ ਨੂੰ ਚੀਕਾਂ ਮਾਰ ਕੇ ਉੱਠ ਖੜ੍ਹਦੀ ਹੈ।
ਸੰਕੇਤਕ ਤਸਵੀਰ
ਜਲੰਧਰ ‘ਚ ਮਹਿਜ਼ 13 ਸਾਲ ਦੀ ਇੱਕ ਮਾਸੂਮ ਬੱਚੀ ਨਾਲ ਗੁਆਂਢੀ ਵੱਲੋਂ ਕੀਤੀ ਗਈ ਦਰਿੰਦਗੀ ਨੇ ਉਸ ਦੇ ਬਚਪਨ ਨੂੰ ਡੂੰਘੇ ਖ਼ੌਫ਼ ਅਤੇ ਅਸਹਿ ਦਰਦ ਦੇ ਹਨੇਰੇ ਵਿੱਚ ਧੱਕ ਦਿੱਤਾ ਹੈ। ਚਾਰ ਵੱਡੀਆਂ ਸਰਜਰੀਆਂ ਅਤੇ ਗੁਪਤ ਅੰਗਾਂ ‘ਤੇ ਲੱਗੇ 50 ਟਾਂਕਿਆਂ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਸਰੀਰਕ ਤੌਰ ‘ਤੇ ਤਾਂ ਬਚਾ ਲਿਆ, ਪਰ ਘਟਨਾ ਦੀ ਦਹਿਸ਼ਤ ਅੱਜ ਵੀ ਉਸ ਦੇ ਮਨ ਅੰਦਰ ਇਸ ਕਦਰ ਵੱਸੀ ਹੋਈ ਹੈ ਕਿ ਉਹ ਰਾਤਾਂ ਨੂੰ ਚੀਕਾਂ ਮਾਰ ਕੇ ਉੱਠ ਖੜ੍ਹਦੀ ਹੈ। ਹੇਠਲੀ ਅਦਾਲਤ ਤੋਂ ਪੂਰਾ ਮੁਆਵਜ਼ਾ ਨਾ ਮਿਲਣ ਅਤੇ ਮੁਲਜ਼ਮ ਦੇ ਲਗਾਤਾਰ ਪੁਲਿਸ ਗ੍ਰਿਫ਼ਤ ਤੋਂ ਬਾਹਰ ਰਹਿਣ ਕਾਰਨ ਹੁਣ ਪੀੜਤ ਪਰਿਵਾਰ ਇਨਸਾਫ਼ ਦੀ ਗੁਹਾਰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਪੁੱਜ ਗਿਆ ਹੈ।
ਬੋਰੀ ‘ਚ ਖ਼ੂਨ ਨਾਲ ਲੱਥਪੱਥ ਮਿਲੀ ਸੀ ਬੱਚੀ
ਇਹ ਖ਼ੌਫ਼ਨਾਕ ਵਾਰਦਾਤ 16 ਫ਼ਰਵਰੀ 2022 ਦੀ ਦੁਪਹਿਰ ਨੂੰ ਵਾਪਰੀ ਸੀ। ਪੀੜਤਾ ਦੇ ਨਾਨਾ ਜਦੋਂ ਖੇਤਾਂ ਵਿੱਚ ਮੌਜੂਦ ਸਨ ਤਾਂ ਇੱਕ ਰਾਹਗੀਰ ਨੇ ਦੱਸਿਆ ਕਿ ਪਿੰਡ ਦੇ ਸ਼ਮਸ਼ਾਨਘਾਟ ਨੇੜੇ ਇੱਕ ਬੋਰੀ ਪਈ ਹੈ, ਜਿਸ ਵਿੱਚੋਂ ਖ਼ੂਨ ਵਹਿ ਰਿਹਾ ਹੈ ਅਤੇ ਅੰਦਰ ਇੱਕ ਬੱਚੀ ਬੇਸੁੱਧ ਹਾਲਤ ਵਿੱਚ ਹੈ। ਜਦੋਂ ਪਰਿਵਾਰ ਮੌਕੇ ‘ਤੇ ਪਹੁੰਚਿਆ ਤਾਂ ਬੱਚੀ ਗੰਭੀਰ ਜ਼ਖ਼ਮੀ ਅਤੇ ਸਹਿਮੀ ਹੋਈ ਮਿਲੀ। ਉਸ ਨੇ ਦੱਸਿਆ ਕਿ ਮੁਲਜ਼ਮ ਰਾਜੇਸ਼ ਉਸ ਨੂੰ ਪਪੀਤਾ ਖਵਾਉਣ ਦਾ ਲਾਲਚ ਦੇ ਕੇ ਆਪਣੇ ਮੋਟਰਸਾਈਕਲ ‘ਤੇ ਬਿਠਾ ਕੇ ਇੱਕ ਇਕਾਂਤ ਥਾਂ ‘ਤੇ ਲੈ ਗਿਆ, ਜਿੱਥੇ ਉਸ ਨੇ ਮਾਸੂਮ ਨਾਲ ਜਬਰ-ਜ਼ਨਾਹ ਕੀਤਾ। ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਮੁਲਜ਼ਮ ਨੇ ਉਸ ਨੂੰ ਬੋਰੀ ਵਿੱਚ ਬੰਨ੍ਹ ਕੇ ਸ਼ਮਸ਼ਾਨਘਾਟ ਨੇੜੇ ਸੁੱਟ ਦਿੱਤਾ ਅਤੇ ਫ਼ਰਾਰ ਹੋ ਗਿਆ। ਘਟਨਾ ਦੇ ਡਰ ਕਾਰਨ ਬੱਚੀ ਅੱਜ ਵੀ ਪਪੀਤੇ ਦਾ ਨਾਮ ਸੁਣਦਿਆਂ ਹੀ ਕੰਬਣ ਲੱਗ ਪੈਂਦੀ ਹੈ।
ਨਾਜ਼ੁਕ ਹਾਲਤ ‘ਚ ਕਰਵਾਈਆਂ ਗਈਆਂ 4 ਸਰਜਰੀਆਂ
ਘਟਨਾ ਤੋਂ ਤੁਰੰਤ ਬਾਅਦ ਬੱਚੀ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਪਹਿਲਾਂ ਕਰਤਾਰਪੁਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਨਾਜ਼ੁਕ ਸਥਿਤੀ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਜਲੰਧਰ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ। ਮੈਡੀਕਲ ਜਾਂਚ ਦੌਰਾਨ ਬੱਚੀ ਦੇ ਸਰੀਰ ਤੋਂ ਭਾਰੀ ਮਾਤਰਾ ਵਿੱਚ ਖ਼ੂਨ ਵਹਿਣ ਦੀ ਪੁਸ਼ਟੀ ਹੋਈ। ਉਸ ਦੇ ਗੁਪਤ ਅੰਗਾਂ ‘ਤੇ 50 ਟਾਂਕੇ ਲਗਾਉਣੇ ਪਏ ਅਤੇ ਚਾਰ ਵਾਰ ਉਸ ਦੇ ਵੱਖ-ਵੱਖ ਅਪ੍ਰੇਸ਼ਨ ਕੀਤੇ ਗਏ। ਲੰਬੇ ਇਲਾਜ ਤੋਂ ਬਾਅਦ ਬੱਚੀ ਹੁਣ ਸੱਤਵੀਂ ਜਮਾਤ ਦੀ ਪੜ੍ਹਾਈ ਕਰ ਰਹੀ ਹੈ। ਪਰਿਵਾਰ ਵੱਲੋਂ ਕੇਸ ਦੀ ਪੈਰਵੀ ਕਰ ਰਹੀ ਐਡਵੋਕੇਟ ਸਿਮਰਨ ਕੌਰ ਅਨੁਸਾਰ ਬੱਚੀ ਨੂੰ ਮੁਕੰਮਲ ਇਨਸਾਫ਼ ਦਿਵਾਉਣ ਲਈ ਕਾਨੂੰਨੀ ਲੜਾਈ ਜਾਰੀ ਰੱਖੀ ਜਾਵੇਗੀ।
ਮੁਲਜ਼ਮ ਝਾਰਖੰਡ ਫ਼ਰਾਰ, ਅਦਾਲਤ ਨੇ ਸੁਣਾਇਆ ਭਗੌੜਾ ਕਰਾਰ ਦੇਣ ਦਾ ਹੁਕਮ
ਵਾਰਦਾਤ ਤੋਂ ਫ਼ੌਰਨ ਬਾਅਦ ਮੁਲਜ਼ਮ ਆਪਣਾ ਮੋਬਾਈਲ ਬੰਦ ਕਰਕੇ ਝਾਰਖੰਡ ਭੱਜ ਗਿਆ ਸੀ। ਪੁਲਿਸ ਨੇ ਉਸ ਦੇ ਰਿਸ਼ਤੇਦਾਰ ਦੇ ਫ਼ੋਨ ਦੀ ਲੋਕੇਸ਼ਨ ਟਰੇਸ ਕਰਕੇ ਛਾਪੇਮਾਰੀ ਵੀ ਕੀਤੀ, ਪਰ ਉਹ ਕਾਬੂ ਨਹੀਂ ਆ ਸਕਿਆ। ਪੁਲਿਸ ਨੇ 56 ਦਿਨਾਂ ਦੇ ਅੰਦਰ ਚਲਾਨ ਪੇਸ਼ ਕਰ ਦਿੱਤਾ ਅਤੇ ਲਗਾਤਾਰ ਗ਼ੈਰ-ਹਾਜ਼ਰ ਰਹਿਣ ਕਾਰਨ 23 ਸਤੰਬਰ 2022 ਨੂੰ ਅਦਾਲਤ ਨੇ ਉਸ ਨੂੰ ਭਗੌੜਾ ਅਪਰਾਧੀ ਐਲਾਨ ਦਿੱਤਾ। ਪੋਕਸੋ (POCSO) ਅਦਾਲਤ ਨੇ ਸ਼ੁਰੂਆਤ ਵਿੱਚ ਬੱਚੀ ਦੇ ਇਲਾਜ ਲਈ ₹1.75 ਲੱਖ ਰੁਪਏ ਦਾ ਅੰਤਰਿਮ ਮੁਆਵਜ਼ਾ ਮਨਜ਼ੂਰ ਕੀਤਾ ਸੀ, ਪਰ ਮੁਲਜ਼ਮ ਦੇ ਨਾ ਫੜੇ ਜਾਣ ਕਾਰਨ ਨਵੰਬਰ 2023 ਵਿੱਚ ਅਦਾਲਤੀ ਕਾਰਵਾਈ ਨੂੰ ਰੋਕ ਦਿੱਤਾ ਗਿਆ ਸੀ।
ਅੰਤਿਮ ਮੁਆਵਜ਼ਾ ਨਾ ਮਿਲਣ ਕਾਰਨ ਹਾਈਕੋਰਟ ‘ਚ ਪਹੁੰਚੀ ਪਟੀਸ਼ਨ
ਵਧੀਕ ਸੈਸ਼ਨ ਜੱਜ ਜਲੰਧਰ ਦੀ ਅਦਾਲਤ ਨੇ 19 ਜਨਵਰੀ 2024 ਨੂੰ ਬੱਚੀ ਦੇ ਅੰਤਿਮ ਮੁਆਵਜ਼ੇ ਦੀ ਮੰਗ ਵਾਲੀ ਅਰਜ਼ੀ ਇਹ ਕਹਿ ਕੇ ਖ਼ਾਰਜ ਕਰ ਦਿੱਤੀ ਸੀ ਕਿ ਅੰਤਿਮ ਮੁਆਵਜ਼ਾ ਕੇਸ ਦੇ ਮੁਕੰਮਲ ਨਿਪਟਾਰੇ ਅਤੇ ਫ਼ੈਸਲੇ ਤੋਂ ਬਾਅਦ ਹੀ ਤੈਅ ਹੁੰਦਾ ਹੈ। ਹੇਠਲੀ ਅਦਾਲਤ ਦੇ ਇਸ ਫ਼ੈਸਲੇ ਅਤੇ ਪ੍ਰਸ਼ਾਸਨਿਕ ਰੁਕਾਵਟਾਂ ਖ਼ਿਲਾਫ਼ ਪੀੜਤ ਧਿਰ ਨੇ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਰਿੱਟ ਦਾਇਰ ਕੀਤੀ ਹੈ ਤਾਂ ਜੋ ਬੱਚੀ ਦੇ ਇਲਾਜ, ਸਿੱਖਿਆ ਅਤੇ ਪੁਨਰਵਾਸ ਲਈ ਬਣਦੀ ਆਰਥਿਕ ਸਹਾਇਤਾ ਅਤੇ ਮੁਕੰਮਲ ਇਨਸਾਫ਼ ਯਕੀਨੀ ਬਣਾਇਆ ਜਾ ਸਕੇ।
