Jalandhar By Poll: ਬੇਸ਼ੱਕ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਪ ਅਤੇ ਬੀਜੇਪੀ ਨੇ ਆਪਣੇ ਵੱਲੋਂ ਮਜ਼ਬੂਤ ਉਮੀਦਵਾਰਾਂ ਨੂੰ ਟਿਕਟ ਦਿੱਤੀ ਹੈ ਪਰ ਇਸਦੇ ਬਾਵਜੂਦ ਉਨਾਂ ਨੂੰ ਕੁੱਝ ਮੁਸ਼ਕਿਲਾਂ ਦਾ ਵੀ ਸਾਮਹਣਾ ਕਰਨਾ ਪੈ ਸਕਦਾ ਹੈ। ਆਓ ਜਾਣਦੇ ਹਾਂ ਚਾਰਾਂ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਚੁਣੌਤੀਆਂ ਤੇ ਫੈਕਟਰਾਂ ਦਾ ਵਿਸ਼ਲੇਸ਼ਨ।
ਸੁਸ਼ੀਲ ਕੁਮਾਰ ਰਿੰਕੂ ਦੀਆਂ ਚੁਣੌਤੀਆਂ ਤੇ ਫੈਕਟਰ
ਫੈਕਟਰ-ਜਲੰਧਰ ਤੋਂ ਆਪ ਨੇ
ਸੁਸ਼ੀਲ ਕੁਮਾਰ ਰਿੰਕੂ (Sushil Rinku) ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਸੀਐੱਮ ਮਾਨ ਨੇ ਜਲੰਧਰ ਵਿੱਚ ਸੁਸ਼ੀਲ ਕੁਮਾਰ ਰਿੰਕੂ ਦੇ ਲ਼ਈ ਚੋਣ ਪ੍ਰਚਾਰ ਕੀਤਾ। ਮੰਤਰੀਆਂ ਨੇ ਵੀ ਰਿੰਕੂ ਲਈ ਪ੍ਰਚਾਰ ਕੀਤਾ। ਇਸ ਲਈ ਚੋਣ ਪ੍ਰਚਾਰ ਪੂਰੇ ਪ੍ਰਭਾਵਸ਼ਾਲੀ ਤਰੀਕੇ ਨਾਲ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਜਿਹੜੇ ਵਧੀਆ ਕੰਮ ਕੀਤੇ ਹਨ ਉਸਦਾ ਵੀ ਸੁਸ਼ੀਲ ਕੁਮਾਰ ਰਿੰਕੂ ਨੂੰ ਲਾਭ ਮਿਲ ਸਕਦਾ ਹੈ। ਜਿਸ ਵਿੱਚ 300 ਯੂਨਿਟ ਫ੍ਰੀ ਬਿਜਲੀ ਸ਼ਾਮਿਲ ਹੈ।
ਸੁਸ਼ੀਲ ਕੁਮਾਰ ਰਿੰਕੂ ਦਾ ਦਲਿਤ ਸਮਾਜ ਵਿੱਚ ਕਾਫੀ ਪ੍ਰਭਾਵ ਹੈ। 2022 ਵਿੱਚ ਜਦੋਂ ਉਹ ਕਾਂਗਰਸ ਵਿੱਚ ਸਨ ਤਾਂ ਉਨ੍ਹਾਂ ਨੇ ਆਪ ਉਮੀਦਵਾਰ ਨੂੰ ਹਰਾਇਆ ਸੀ। ਤੇ ਹੁਣ ਆਪ ਦੇ ਹੀ ਉਮੀਦਵਾਰ ਹਨ ਤੇ ਉਨ੍ਹਾਂ ਨੂੰ ਡਬਲ ਬੈਨੀਫਿਟ ਮਿਲ ਸਕਦਾ ਹੈ।
ਸੁਸ਼ੀਲ ਕੁਮਾਰ ਰਿੰਕੂ ਦੀਆਂ ਚੁਣੌਤੀਆਂ- ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਛੱਡਕੇ ਆਪ ਵਿੱਚ ਆਏ ਤੇ ਆਪ ਨੇ ਉਨ੍ਹਾਂ ਨੂੰ ਜਿਮਨੀ ਚੋਣ ਦੀ ਟਿਕਟ ਵੀ ਦੇ ਦਿੱਤੀ। ਪਰ ਇਸ ਨਾਲ ਪਾਰਟੀ ਵਾਲੰਟੀਅਰ ਅਤੇ ਆਗੂ ਨਾਖੁਸ਼ ਹਨ। ਜੇਕਰ ਉਹ ਸਾਥ ਨਹੀਂ ਚੱਲੇ ਤਾਂ ਰਿੰਕੂ ਦਾ ਨੁਕਸਾਨ ਹੋ ਸਕਦਾ ਹੈ। ਸੁਸ਼ੀਲ ਕੁਮਾਰ ਰਿੰਕੂ ਜਿਸ ਸੀਟ ਤੋਂ ਵਿਧਾਨਸਭਾ ਦੀਆਂ ਚੋਣਾਂ ਹਾਰੇ ਸਨ ਉੱਥੇ ਆਪ ਦੇ ਵਿਧਾਇਕ ਸ਼ੀਤਲ ਅੰਗੁਰਾਲ ਨਾਲ ਉਨ੍ਹਾਂ ਦੇ ਚੰਗੇ ਸਬੰਧ ਨਹੀਂ ਹਨ। ਜਨਤਕ ਤੌਰ ਤਾਂ ਦੋਹੇਂ ਆਗੂ ਮਿਲ ਰਹੇ ਹਨ ਹਨ ਪਰ ਜੇ ਰਿੰਕੂ ਜਿੱਤਗਏ ਤਾਂ ਵਿਧਾਇਕ ਸ਼ੀਤਲ ਦੇ ਅੱਗੇ ਉਨ੍ਹਾਂ ਦਾ ਰੁਤਬਾ ਘੱਟ ਹੋ ਜਾਵੇਗਾ।
ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ
ਫੈਕਟਰ- ਕਰਮਜੀਤ ਕੌਰ (Karamjit Kaur) ਜਲੰਧਰ ਸੀਟ ਤੋਂ ਸਾਂਸਦ ਰਹੇ ਸਵ.ਚੌਧਰੀ ਸੰਤੋਖ ਸਿੰਘ ਦੀ ਪਤਨੀ ਹਨ । ਸੰਤੋਖ ਸਿੰਘ ਚੌਧਰੀ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਨੂੰ ਹਮਦਰਦੀ ਵੋਟ ਮਿਲ ਸਕਦੇ ਹਨ। ਕਰਮਜੀਤ ਕੌਰ ਦੇ ਬੇਟੇ ਫਿਲੌਰ ਤੋਂ ਵਿਧਾਇਕ ਹਨ ਉਸਦਾ ਵੀ ਉਨ੍ਹਾਂ ਨੂੰ ਲਾਭ ਮਿਲ ਸਕਦਾ ਹੈ। ਇਸ ਤੋਂ ਇਲਾਵਾ ਜਲੰਧਰ ਦੇ ਦਲਿਤ ਵੋਟ ਤੇ ਕਾਂਗਰਸ ਦਾ ਕਾਫੀ ਦਬਦਬਾ ਹੈ। ਕਾਂਗਰਸ ਇਸ ਸੀਟ ਤੋਂ ਲਗਾਤਾਰ ਜਿਤਦੀ ਰਹੀ ਹੈ।
ਕਰਮਜੀਤ ਕੌਰ ਦੀਆਂ ਚਣੌਤੀਆਂ
ਸਿਆਸਤ ਵਿੱਚ ਨਵੀਂ ਹਨ ਕਰਮਜੀਤ ਕੌਰ। ਆਪਣੇ ਜੀਵਨ ਦਾ ਪਹਿਲਾ ਚੋਣ ਲੜ ਰਹੀ ਹਨ। ਐਕਟਿਵ ਪੋਲਟਿਕਸ ਦਾ ਕੋਈ ਤੁਜ਼ਰਬਾ ਨਹੀਂ ਹੈ ਰੁਝਾਨ ਵੋਟਰਾਂ ਤੇ ਨਿਰਭਰ ਕਰਦਾ ਹੈ। ਕਾਂਗਰਸ ਵਿੱਚ ਫੁੱਟ ਬਰਕਰਾਰ ਹੈ। ਨਵਜੋਤ ਸਿੰਘ ਸਿੱਧੂ, ਸਾਬਕਾ ਸੀਐੱਮ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਲੱਗ ਅਲੱਗ ਚੱਲ ਰਹੇ ਹਨ। ਜਲੰਧਰ ਵੇਸਟ ਵਿੱਚ ਕਾਂਗਰਸ ਦਾ ਗੜ੍ਹ ਰਿਹਾ ਹੈ। ਪਰ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਛੱਡਕੇ ਆਪ ਵਿੱਚ ਚਲੇ ਗਏ ਹਨ ਜਿਸ ਨਾਲ ਵੋਟ ਬੈਂਕ ਨੂੰ ਨੁਕਸਾਨ ਹੋਵੇਗਾ।
ਅਕਾਲੀ ਦਲ ਦੇ ਉਮੀਦਵਾਰ ਡਾ. ਸੁਖਵਿੰਦਰ ਸੁੱਖੀ
ਫੈਕਟਰ- ਅਕਾਲੀ ਦਲ ਜਲੰਧਰ ਜਿਮਨੀ ਚੋਣ ਬਸਪਾ ਨਾਲ ਮਿਲਕੇ ਲੜ ਰਿਹਾ ਹੈ। ਦਲਿਤ ਸਮਾਜ ਵਿੱਚ ਚੰਗੀ ਪਕੜ ਦੇ ਕਾਰਨ ਬਸਪਾ ਦਾ ਜਲੰਧਰ ਵਿੱਚ ਚੰਗਾ ਆਧਾਰ ਹੈ। 2019 ਵਿੱਚ ਬਸਪਾ ਦੇ ਉਮੀਦਵਾਰ ਨੂੰ 2 ਲੱਖ ਤੋਂ ਜ਼ਿਆਦਾ ਵੋਟ ਮਿਲੇ ਸਨ। ਇਸਦਾ ਵੀ ਫਾਇਦਾ
ਡਾ. ਸੁਖਵਿੰਦਰ ਸੁਖੀ (Sukwinder Singh Sukhi) ਨੂੰ ਮਿਲੇਗਾ। ਇਸ ਤੋਂ ਇਲਾਵਾ ਡਾ. ਸੁੱਖੀ ਸਿਟਿੰਗ ਵਿਧਾਇਕ ਹਨ। 2022 ਵਿੱਚ 117 ਵਿਧਾਨਸਭਾ ਵਿੱਚ ਆਪ ਦੀ ਹੰਨੇਰੀ ਚੱਲਣ ਦੇ ਬਾਵਜੂਦ ਵੀ ਉਹ ਬੰਗਾ ਤੋਂ ਅਕਾਲੀ ਬਸਪਾ ਵੱਲੋਂ ਵਿਧਾਇਕ ਚੁਣੇ ਗਏ। ਉਨ੍ਹਾਂ ਨਿੱਜੀ ਰਸੂਖ ਬਹੁਤ ਜ਼ਿਆਦਾ ਹੈ ਇਸਦਾ ਵੀ ਉਨ੍ਹਂ ਨੂੰ ਲਾਭ ਮਿਲ ਸਕਦਾ ਹੈ।
ਡਾ. ਸੁੱਖੀ ਦੀਆਂ ਚੁਣੌਤੀਆਂ-ਅਕਾਲੀ ਦਲ ਨੇ ਪਿਛਲੀਆਂ ਚੋਣਾਂ ਬੀਜੇਪੀ ਨਾਲ ਮਿਲਕੇ ਲੜੀਆਂ ਸਨ ਤੇ ਉਨਾਂ ਦੇ ਉਮੀਦਵਾਰ ਅਟਵਾਲ ਦੂਜੇ ਨੰਬਰ ਤੇ ਆਏ ਸਨ। ਇਸ ਵਾਰ ਬੀਜੇਪੀ ਦਾ ਸਾਥ ਅਕਾਲੀ ਦਲ ਨੂੰ ਨਹੀਂ ਮਿਲਿਆ, ਜਿਸ ਕਾਰਨ ਸ਼ਹਿਰੀ ਇਲਾਕਿਆਂ ਵਿੱਚ ਵੋਟਾਂ ਦੀ ਸਿਰਦਰਦੀ ਰਹੇਗੀ। ਪੇਂਡੂ ਖੇਤਰਾਂ ਵਿੱਚ ਅਕਾਲੀ ਸਰਕਾਰ ਵੇਲੇ ਜਿਹੜੀਆਂ ਬੇਅਦਬੀਆਂ ਹੋਈਆਂ ਸਨ ਉਸਨੂੰ ਲੈ ਕੇ ਲੋਕਾਂ ਵਿੱਚ ਰੋਸ ਹੈ। ਇਸ ਕਾਰਨ ਅਕਾਲੀ ਬਸਪਾ ਦੇ ਉਮੀਦਵਾਰ ਨੂੰ ਪੇਂਡੂ ਵੋਟ ਘੱਟ ਪੈਣ ਦੀ ਉਮੀਦ ਹੈ।
ਬੀਜੇਪੀ ਉਮੀਦਵਾਰ ਇੰਦਰ ਇਕਬਾਲ ਅਟਵਾਲ
ਫੈਕਟਰ- ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਹੈ। ਜੇ ਅਟਵਾਲ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਪਹੁੰਚ ਸਿੱਧੇ ਕੇਂਦਰ ਸਰਕਾਰ ਤੱਕ ਹੋਵੇਗੀ। ਜਲੰਧਰ ਸੀਟ ਦਾ 48 ਪ੍ਰਤੀਸ਼ਤ ਏਰੀਆਂ ਸ਼ਹਿਰੀ ਹੈ ਜਿਸ ਕਾਰਨ ਅਟਵਾਲ ਨੂੰ ਬੀਜੇਪੀ ਦੇ ਉਮੀਦਵਾਰ ਹੋਣ ਦੇ ਨਾਤੇ ਫਾਇਦਾ ਮਿਲ ਸਕਦਾ ਹੈ।
ਚੁਣੌਤੀਆਂ- ਬੀਜੇਪੀ ਸ਼ਹਿਰੀ ਇਲਾਕਿਆਂ ਦੀ ਪਾਰਟੀ ਮੰਨੀ ਜਾਂਦੀ ਹੈ ਪੇਂਡੂ ਖੇਤਰਾਂ ਵਿੱਚ ਬੀਜੇਪੀ ਦਾ ਆਧਾਰ ਨਹੀਂ ਹੈ। ਗ੍ਰਾਮੀਣ ਖੇਤਰਾਂ ਵਿੱਚ ਬੀਜੇਪੀ ਦਾ ਕੋਈ ਸੰਗਠਨ ਵੀ ਨਹੀਂ ਹੈ ਜਿਸ ਕਾਰਨ ਵੱਡੀ ਚੁਣੌਤੀ ਹੈ। ਕਿਸਾਨ ਅੰਦੋਲਨ ਦੌਰਾ ਬੀਜੇਪੀ ਨੂੰ ਲੈ ਕੇ ਕਿਸਾਨਾਂ ਵਿੱਚ ਬਹੁਤ ਨਾਰਾਜ਼ਗੀ ਸੀ, ਜਿਸ ਕਾਰਨ ਕਿਸਾਨਾਂ ਤੋਂ ਸਮਰਥਨ ਮਿਲਣਾ ਮੁਸ਼ਕਿਲ ਹੈ। ਇਸ ਤੋ ਇਲ਼ਾਵਾ ਪਿਛਲੀ ਵਾਰ ਅਕਾਲੀ ਦਲ ਦਾ ਸਾਥ ਮਿਲਿਆ ਸੀ ਪਰ ਇਸ ਵਾਰੀ ਬੀਜੇਪੀ ਇੱਕਲੇ ਹੀ ਜਲੰਧਰ ਦੀ ਜਿਮਨੀ ਚੋਣ ਲੜ ਰਹੀ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ