ਜਲੰਧਰ ਦੇ ਅਲਾਸਕਾ ਚੌਂਕ ਨੇੜੇ ਭਿਆਨਕ ਹਾਦਸਾ, ਬੱਸ ਨੇ ਡਿਲੀਵਰੀ ਬੁਆਏ ਨੂੰ ਕੁਚਲਿਆ, ਮੌਕੇ ‘ਤੇ ਮੌਤ
ਜਲੰਧਰ ਦੇ ਅਲਾਸਕਾ ਚੌਂਕ ਦੇ ਨਜ਼ਦੀਕ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਤੇਜ਼ ਰਫ਼ਤਾਰ ਕਰਤਾਰ ਬੱਸ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਐਕਟਿਵਾ ਸਵਾਰ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਇੱਕ ਫੂਡ ਡਿਲੀਵਰੀ ਬੁਆਏ ਵਜੋਂ ਹੋਈ ਹੈ, ਕਿਉਂਕਿ ਉਸ ਦੀ ਸਕੂਟੀ 'ਤੇ ਰੱਖੇ ਬੈਗ ਉੱਤੇ ਮਸ਼ਹੂਰ ਫੂਡ ਡਿਲੀਵਰੀ ਕੰਪਨੀ 'ਜ਼ੋਮੈਟੋ' ਦਾ ਨਾਮ ਲਿਖਿਆ ਹੋਇਆ ਸੀ।
ਜਲੰਧਰ ਦੇ ਅਲਾਸਕਾ ਚੌਂਕ ਦੇ ਨਜ਼ਦੀਕ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਤੇਜ਼ ਰਫ਼ਤਾਰ ਕਰਤਾਰ ਬੱਸ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਐਕਟਿਵਾ ਸਵਾਰ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਇੱਕ ਫੂਡ ਡਿਲੀਵਰੀ ਬੁਆਏ ਵਜੋਂ ਹੋਈ ਹੈ, ਕਿਉਂਕਿ ਉਸ ਦੀ ਸਕੂਟੀ ‘ਤੇ ਰੱਖੇ ਬੈਗ ਉੱਤੇ ਮਸ਼ਹੂਰ ਫੂਡ ਡਿਲੀਵਰੀ ਕੰਪਨੀ ‘ਜ਼ੋਮੈਟੋ’ ਦਾ ਨਾਮ ਲਿਖਿਆ ਹੋਇਆ ਸੀ। ਹਾਲਾਂਕਿ, ਮ੍ਰਿਤਕ ਦੀ ਅਧਿਕਾਰਤ ਸ਼ਨਾਖ਼ਤ ਹੋਣੀ ਅਜੇ ਬਾਕੀ ਹੈ। ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਰਾਹਗੀਰਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਉਪਰੰਤ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।
ਕੰਡਕਟਰ ਹਿਰਾਸਤ ਵਿੱਚ, ਡਰਾਈਵਰ ਮੌਕੇ ਤੋਂ ਫ਼ਰਾਰ
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਐਕਟਿਵਾ ਸਵਾਰ ਦੀ ਘਟਨਾ ਵਾਲੀ ਥਾਂ ‘ਤੇ ਹੀ ਦਮ ਤੋੜ ਦਿੱਤਾ। ਜਾਣਕਾਰੀ ਅਨੁਸਾਰ ਵਿਅਕਤੀ ਆਪਣੀ ਸਲੇਟੀ (ਗ੍ਰੇ) ਰੰਗ ਦੀ ਸਕੂਟੀ ‘ਤੇ ਸਵਾਰ ਹੋ ਕੇ ਰੇਲਵੇ ਰੋਡ ਵੱਲ ਜਾ ਰਿਹਾ ਸੀ, ਜਦੋਂ ਉਹ ਬੱਸ ਦੀ ਲਪੇਟ ਵਿੱਚ ਆ ਗਿਆ।
ਹਾਦਸੇ ਉਪਰੰਤ ਬੱਸ ਦਾ ਚਾਲਕ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਰਿਹਾ, ਜਦਕਿ ਪੁਲਿਸ ਨੇ ਬੱਸ ਦੇ ਕੰਡਕਟਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਮੁਤਾਬਕ ਫ਼ਰਾਰ ਡਰਾਈਵਰ ਦੀ ਪਛਾਣ ਪ੍ਰਕਾਸ਼ ਸਿੰਘ ਵਜੋਂ ਹੋਈ ਹੈ, ਜਦਕਿ ਹਿਰਾਸਤ ਵਿੱਚ ਲਏ ਗਏ ਕੰਡਕਟਰ ਦੀ ਪਛਾਣ ਦਲਬੀਰ ਸਿੰਘ ਵਜੋਂ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੰਡਕਟਰ ਨੂੰ ਥਾਣੇ ਲਿਜਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਬਣਦੀਆਂ ਕਾਨੂੰਨੀ ਧਾਰਾਵਾਂ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਪੁਲਿਸ ਹਿਰਾਸਤ ਵਿੱਚ ਕੰਡਕਟਰ ਦਲਬੀਰ ਸਿੰਘ ਨੇ ਦੱਸਿਆ ਕਿ ਐਕਟਿਵਾ ਸਵਾਰ ਅਚਾਨਕ ਬੱਸ ਦੇ ਪਿਛਲੇ ਟਾਇਰ ਹੇਠਾਂ ਆ ਗਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉੱਧਰ, ਵੂਮੈਨ ਥਾਣੇ ਤੋਂ ਪਹੁੰਚੇ ਜਾਂਚ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਹਾਦਸੇ ਦੀ ਸੂਚਨਾ ਮਿਲਦੇ ਸਾਰ ਪੁਲਿਸ ਟੀਮ ਮੌਕੇ ‘ਤੇ ਪਹੁੰਚੀ, ਜਿੱਥੋਂ ਕੰਡਕਟਰ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਫ਼ਰਾਰ ਡਰਾਈਵਰ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਸੜਕ ਦੇ ਟੋਏ ਕਾਰਨ ਡਿੱਗਿਆ ਸੀ ਸਕੂਟੀ ਸਵਾਰ
ਘਟਨਾ ਦੇ ਚਸ਼ਮਦੀਦ ਰਾਕੇਸ਼ ਨੇ ਦੱਸਿਆ ਕਿ ਸੜਕ ਵਿੱਚ ਪਏ ਇੱਕ ਡੂੰਘੇ ਟੋਏ ਕਾਰਨ ਐਕਟਿਵਾ ਸਵਾਰ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਹੇਠਾਂ ਡਿੱਗ ਪਿਆ। ਇਸ ਦੌਰਾਨ ਆਸ-ਪਾਸ ਖੜ੍ਹੇ ਲੋਕਾਂ ਨੇ ਬੱਸ ਚਾਲਕ ਨੂੰ ਰੁਕਣ ਲਈ ਉੱਚੀ-ਉੱਚੀ ਆਵਾਜ਼ਾਂ ਵੀ ਦਿੱਤੀਆਂ, ਪਰ ਬੱਸ ਚਾਲਕ ਨੇ ਲਾਪਰਵਾਹੀ ਵਰਤਦਿਆਂ ਬੱਸ ਨਹੀਂ ਰੋਕੀ ਅਤੇ ਐਕਟਿਵਾ ਸਵਾਰ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਚਸ਼ਮਦੀਦਾਂ ਮੁਤਾਬਕ ਮ੍ਰਿਤਕ ਵਿਅਕਤੀ ਪ੍ਰਵਾਸੀ ਜਾਪਦਾ ਹੈ। ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਬੱਸ ਚਾਲਕ ਨੇ ਲਾਪਰਵਾਹੀ ਨਾਲ ਗੱਡੀ ਚਲਾਈ ਅਤੇ ਸੜਕ ‘ਤੇ ਡਿੱਗੇ ਵਿਅਕਤੀ ਵੱਲ ਧਿਆਨ ਨਾ ਦੇਣ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ ਹੈ।
