ਅੰਮ੍ਰਿਤਸਰ ‘ਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲਹਿਰਾਇਆ ਤਿਰੰਗਾ, ਪੁਲਿਸ ਤੇ NCC ਕੈਡਿਟਾਂ ਦਾ ਸ਼ਾਨਦਾਰ ਮਾਰਚ ਪਾਸਟ

Updated On: 

15 Aug 2026 13:28 PM IST

ਦੇਸ਼ ਦਾ 80ਵਾਂ ਆਜ਼ਾਦੀ ਦਿਵਸ ਅੱਜ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਇਤਿਹਾਸਕ ਗੁਰੂ ਨਾਨਕ ਸਟੇਡੀਅਮ ਵਿਖੇ ਬੜੇ ਉਤਸ਼ਾਹ, ਜਾਹੋ-ਜਲਾਲ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ। ਜ਼ਿਲ੍ਹਾ ਪੱਧਰੀ ਆਜ਼ਾਦੀ ਦਿਹਾੜੇ ਦੇ ਇਸ ਮੁੱਖ ਸਮਾਗਮ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕੌਮੀ ਝੰਡਾ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ।

ਅੰਮ੍ਰਿਤਸਰ ਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲਹਿਰਾਇਆ ਤਿਰੰਗਾ, ਪੁਲਿਸ ਤੇ NCC ਕੈਡਿਟਾਂ ਦਾ ਸ਼ਾਨਦਾਰ ਮਾਰਚ ਪਾਸਟ

ਦੇਸ਼ ਦਾ 80ਵਾਂ ਆਜ਼ਾਦੀ ਦਿਵਸ ਅੱਜ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਇਤਿਹਾਸਕ ਗੁਰੂ ਨਾਨਕ ਸਟੇਡੀਅਮ ਵਿਖੇ ਬੜੇ ਉਤਸ਼ਾਹ, ਜਾਹੋ-ਜਲਾਲ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ। ਜ਼ਿਲ੍ਹਾ ਪੱਧਰੀ ਆਜ਼ਾਦੀ ਦਿਹਾੜੇ ਦੇ ਇਸ ਮੁੱਖ ਸਮਾਗਮ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕੌਮੀ ਝੰਡਾ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ।

ਤਿਰੰਗਾ ਲਹਿਰਾਉਣ ਉਪਰੰਤ ਕੈਬਨਿਟ ਮੰਤਰੀ ਵੱਲੋਂ ਪਰੇਡ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਪੰਜਾਬ ਪੁਲਿਸ, ਪੰਜਾਬ ਮਹਿਲਾ ਪਲਟੂਨ, ਪੰਜਾਬ ਹੋਮ ਗਾਰਡ ਅਤੇ ਐੱਨ.ਸੀ.ਸੀ. (NCC) ਕੈਡਿਟਾਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ ਅਤੇ ਕੌਮੀ ਝੰਡੇ ਨੂੰ ਸਲਾਮੀ ਭੇਟ ਕੀਤੀ ਗਈ। ਸਮਾਗਮ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਪੇਸ਼ੇਵਰ ਬੈਂਡ ਟੀਮਾਂ ਵੱਲੋਂ ਵੀ ਆਪਣੀ ਸ਼ਾਨਦਾਰ ਪੇਸ਼ਕਾਰੀ ਦਿੱਤੀ ਗਈ।

ਗੁਰੂਆਂ ਦੀ ਪਵਿੱਤਰ ਧਰਤੀ ਨੂੰ ਸਿਜਦਾ ਕਰਨ ਦਾ ਮਿਲਿਆ ਸੁਭਾਗ: ਅਮਨ ਅਰੋੜਾ

ਸਮਾਗਮ ਵਿੱਚ ਹਾਜ਼ਰ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਲਈ ਇਹ ਬਹੁਤ ਮਾਣ ਅਤੇ ਸੁਭਾਗ ਦੀ ਗੱਲ ਹੈ ਕਿ ਉਨ੍ਹਾਂ ਨੂੰ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਨਗਰੀ ਅੰਮ੍ਰਿਤਸਰ ਵਿਖੇ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਾਸੀਆਂ ਅਤੇ ਇਤਿਹਾਸਕ ਸਾਕੇ ਦੇ ਗਵਾਹ ਜੱਲ੍ਹਿਆਂਵਾਲਾ ਬਾਗ ਦੀ ਸ਼ਹੀਦੀ ਧਰਤੀ ਨੂੰ ਨਤਮਸਤਕ ਹੋਣਾ ਆਪਣੇ ਆਪ ਵਿੱਚ ਇੱਕ ਵੱਡਾ ਮਾਣ ਹੈ।

ਉਨ੍ਹਾਂ ਸਮੂਹ ਦੇਸ਼ ਵਾਸੀਆਂ ਅਤੇ ਪੰਜਾਬੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਦਿੰਦਿਆਂ ਸੱਦਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਸੂਬੇ ਨੂੰ ਮੁੜ ਖ਼ੁਸ਼ਹਾਲ ਅਤੇ ‘ਰੰਗਲਾ ਪੰਜਾਬ’ ਬਣਾਉਣ ਲਈ ਸਾਰੇ ਨਾਗਰਿਕ ਇਕਜੁੱਟ ਹੋ ਕੇ ਅੱਗੇ ਆਉਣ। ਉਨ੍ਹਾਂ ਅਰਦਾਸ ਕੀਤੀ ਕਿ ਗੁਰੂ ਸਾਹਿਬ ਦੀ ਰਹਿਮਤ ਨਾਲ ਅੰਮ੍ਰਿਤਸਰ ਦੀ ਧਰਤੀ ਹਮੇਸ਼ਾ ਇਸੇ ਤਰ੍ਹਾਂ ਹੱਸਦੀ-ਵੱਸਦੀ ਅਤੇ ਮੁਸਕੁਰਾਉਂਦੀ ਰਹੇ।

ਸਾਫ਼ ਨੀਅਤ ਅਤੇ ਨੀਤੀ ਨਾਲ ਹੋ ਰਹੇ ਨੇ ਵਿਕਾਸ ਕਾਰਜ

ਸਮਾਰੋਹ ਦੌਰਾਨ ਪੰਜਾਬ ਸਰਕਾਰ ਦੇ ਮੌਜੂਦਾ ਕਾਰਜਕਾਲ ਅਤੇ ਵਿਕਾਸ ਦੇ ਟੀਚਿਆਂ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ 2022 ਵਿੱਚ ਪੰਜਾਬ ਦੇ ਲੋਕਾਂ ਨੇ ਸਰਕਾਰ ਨੂੰ ਸੂਬੇ ਦੇ ਸਰਬਪੱਖੀ ਵਿਕਾਸ, ਹਰ ਵਰਗ ਦੀ ਭਲਾਈ ਅਤੇ ਜਨਤਕ ਹਿੱਤਾਂ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਸਰਕਾਰ ਇਸੇ ਟੀਚੇ ਨੂੰ ਸਮਰਪਿਤ ਹੋ ਕੇ ਨਿਰੰਤਰ ਕੰਮ ਕਰ ਰਹੀ ਹੈ। ਅਮਨ ਅਰੋੜਾ ਨੇ ਕਿਹਾ ਕਿ ਜਦੋਂ ਲੋਕਾਂ ਦੀ ਭਲਾਈ ਲਈ ਪੂਰੀ ਇਮਾਨਦਾਰੀ, ਸਾਫ਼ ਨੀਅਤ ਅਤੇ ਦਰੁਸਤ ਨੀਤੀ ਨਾਲ ਕੰਮ ਕੀਤਾ ਜਾਂਦਾ ਹੈ ਤਾਂ ਜਨਤਾ ਆਪਣਾ ਪਿਆਰ, ਮਾਣ-ਸਨਮਾਨ ਅਤੇ ਅਸੀਸਾਂ ਖ਼ੁਦ-ਬ-ਖ਼ੁਦ ਦਿੰਦੀ ਹੈ।

ਪ੍ਰਾਪਤੀਆਂ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ

ਇਸ ਸ਼ੁਭ ਅਵਸਰ ‘ਤੇ ਵੱਖ-ਵੱਖ ਖੇਤਰਾਂ ਵਿੱਚ ਵਿਲੱਖਣ ਪ੍ਰਾਪਤੀਆਂ ਹਾਸਲ ਕਰਕੇ ਸਮਾਜ ਵਿੱਚ ਨਾਮਣਾ ਖੱਟਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਮੰਤਰੀ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਸਕੂਲੀ ਬੱਚਿਆਂ ਨੇ ਦੇਸ਼ ਭਗਤੀ ਅਤੇ ਸੱਭਿਆਚਾਰ ਨਾਲ ਭਰਪੂਰ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਸਮਾਗਮ ਦੀ ਰੌਣਕ ਨੂੰ ਚਾਰ ਚੰਨ ਲਗਾ ਦਿੱਤੇ। ਅੰਮ੍ਰਿਤਸਰ ਵਿਖੇ ਆਯੋਜਿਤ ਇਸ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਗੁਰੂ ਨਾਨਕ ਸਟੇਡੀਅਮ ਪੂਰੀ ਤਰ੍ਹਾਂ ਤਿਰੰਗੇ ਦੇ ਰੰਗਾਂ ਵਿੱਚ ਰੰਗਿਆ ਹੋਇਆ ਨਜ਼ਰ ਆਇਆ ਅਤੇ ਹਰ ਪਾਸੇ ਦੇਸ਼ ਭਗਤੀ ਦਾ ਅਦੁੱਤੀ ਮਾਹੌਲ ਦੇਖਣ ਨੂੰ ਮਿਲਿਆ।

Loading...
Unable to load recommendations.
Follow Us