ਤਾਰ ਪਾਰ ਖੇਤ ਗਿਆ ਨੌਜਵਾਨ ਹੋਇਆ ਲਾਪਤਾ, ਪਾਕਿਸਤਾਨ ਰੇਂਜਰਸ ਦਾ ਹਿਰਾਸਤ ਤੋਂ ਇਨਕਾਰ, ਪਰਿਵਾਰ ਲਗਾ ਵਾਪਸੀ ਦੀ ਰਿਹਾ ਗੁਹਾਰ
Fazilka News: ਅਚਾਨਕ ਲਾਪਤਾ ਹੋਏ ਨੌਜਵਾਨ ਦਾ ਪਰਿਵਾਰ ਮੀਡੀਆ ਰਾਹੀਂ ਭਾਰਤ ਸਰਕਾਰ ਨੂੰ ਅਪੀਲ ਕਰ ਰਿਹਾ ਹੈ ਕਿ ਉਹ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਉਨ੍ਹਾਂ ਦੇ ਪੁੱਤ ਨੂੰ ਪਾਕਿਸਤਾਨ ਤੋਂ ਵਾਪਸ ਲਿਆਉਣ ਲਈ ਛੇਤੀ ਤੋਂ ਛੇਤੀ ਐਕਸ਼ਨ ਲਵੇ। ਜ਼ਿਕਰਯੋਗ ਹੈ ਕਿ 23 ਸਾਲਾ ਇਹ ਨੌਜਵਾਨ ਕੰਡਿਆਲੀ ਤਾਰ ਪਾਰ ਆਪਣੇ ਖੇਤ ਵਿੱਚ ਗਿਆ ਸੀ।

ਜਲਾਲਾਬਾਦ ਹਲਕੇ ਦੇ ਸਰਹੱਦੀ ਪਿੰਡ ਖੈਰੇਕੀ ਦਾ 23 ਸਾਲਾ ਨੌਜਵਾਨ ਤਾਰ ਤੋਂ ਪਾਰ ਆਪਣੇ ਖੇਤ ਗਿਆ ਸੀ ਪਰ ਪਰਤਿਆ ਨਹੀਂ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਉਹਨਾਂ ਦਾ ਲੜਕਾ ਤਾਰ ਤੋਂ ਪਾਰ ਆਪਣੇ ਖੇਤਾਂ ਦੇ ਵਿੱਚ ਕੰਮ ਕਰਨ ਗਿਆ ਸੀ, ਜਿਸ ਤੋਂ ਬਾਅਦ ਉਹ ਗਲਤੀ ਨਾਲ ਪਾਕਿਸਤਾਨ ਪਹੁੰਚ ਗਿਆ। ਹਾਲਾਂਕਿ ਪਰਿਵਾਰ ਦਾ ਕਹਿਣਾ ਕਿ ਬੀਐਸਐਫ ਅਧਿਕਾਰੀਆਂ ਨੇ ਪਾਕਿਸਤਾਨ ਦੇ ਨਾਲ ਗੱਲਬਾਤ ਕੀਤੀ ਹੈ, ਪਰ ਪਾਕਿਸਤਾਨੀ ਰੇਂਜਰ ਕਿਸੇ ਵੀ ਨੌਜਵਾਨ ਨੂੰ ਆਪਣੇ ਹਿਰਾਸਤ ਵਿੱਚ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ।
ਪਰਿਵਾਰ ਦੇ ਵੱਲੋਂ ਮੀਡੀਆ ਰਾਹੀਂ ਭਾਰਤ ਸਰਕਾਰ ਨੂੰ ਕੀਤੀ ਜਾ ਰਹੀ ਅਪੀਲ ਕਿ ਉਹਨਾਂ ਦੇ ਪੁੱਤ ਨੂੰ ਪਾਕਿਸਤਾਨ ਤੋਂ ਵਾਪਸ ਲਿਆਂਦਾ ਜਾਵੇ। ਜ਼ਿਕਰਯੋਗ ਹੈ ਕਿ 23 ਸਾਲਾਂ ਨੌਜਵਾਨ ਜੋ ਗਲਤੀ ਨਾਲ ਪਾਕਿਸਤਾਨ ਚਲਾ ਗਿਆ ਸੀ, ਉਹ ਸ਼ਾਦੀਸ਼ੁਦਾ ਤੇ ਉਸਦੇ ਘਰ 5 ਮਹੀਨਿਆਂ ਦਾ ਬੱਚਾ ਵੀ ਹੈ।
ਪਰਿਵਾਰ ਨੇ ਦੱਸਿਆ ਕਿ ਅੰਮ੍ਰਿਤਪਾਲ ਬੀਤੀ 21 ਤਰੀਕ ਨੂੰ ਖੇਤਾਂ ਦੇ ਵਿੱਚ ਤਾਰੋ ਪਾਰ ਕੰਮ ਕਰਨ ਦੇ ਲਈ ਗਿਆ ਸੀ, ਪਰ ਵਾਪਸ ਨਹੀਂ ਪਰਤਿਆ। ਇਸ ਤੋਂ ਬਾਅਦ ਪਾਕਿਸਤਾਨੀ ਰੇਂਜਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ। ਉਹਨਾਂ ਨੇ ਕਿਸੇ ਵੀ ਨੌਜਵਾਨ ਨੂੰ ਆਪਣੀ ਗ੍ਰਿਫਤ ਵਿੱਚ ਹੋਣ ਤੋਂ ਕੋਰੀ ਨਾ ਕਰ ਦਿੱਤੀ ਹੈ। ਇਸ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਦੇ ਵੱਲੋਂ ਭਾਰਤ ਸਰਕਾਰ ਤੇ ਗ੍ਰਿਹ ਮੰਤਰਾਲੇ ਤੋਂ ਇਸ ਮਾਮਲੇ ਦੇ ਵਿੱਚ ਦਖਲ ਦੇਣ ਅਤੇ ਅੰਮ੍ਰਿਤਪਾਲ ਦੀ ਘਰ ਵਾਪਸੀ ਦੀ ਗੁਹਾਰ ਲਗਾਈ ਜਾ ਰਹੀ ਹੈ।
ਗਲਤੀ ਨਾਲ ਸਰਹੱਦ ਪਾਰ ਕਰ ਗਿਆ ਸੀ ਬੀਐਸਐਫ ਦਾ ਜਵਾਨ
ਦੱਸ ਦੇਈਏ ਕਿ ਇਸਤੋਂ ਪਹਿਲਾਂ ਭਾਰਤ-ਪਾਕਿਸਤਾਨ ਤਣਾਅ ਦੌਰਾਨ ਫਿਰੋਜ਼ਪੁਰ ਵਿੱਚ ਵੀ ਪਹਿਰਾ ਦੇ ਰਿਹਾ ਬੀਐਸਐਫ ਦਾ ਜਵਾਨ ਗਲਤੀ ਨਾਲ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ ਸੀ। ਜਿਸਤੋਂ ਬਾਅਦ ਉਸਨੂੰ ਪਾਕਿਸਤਾਨੀ ਰੇਂਜਰਾਂ ਨੂੰ ਫੜ ਲਿਆ ਸੀ। ਇਹ ਜਵਾਨ ਪੱਛਮੀ ਬੰਗਾਲ ਦਾ ਰਹਿਣ ਵਾਲਾ ਸੀ। ਅਚਾਨਕ ਉਸਦੀ ਗੁਮਸ਼ੁਦਗੀ ਤੋਂ ਬਾਅਦ ਪਰਿਵਾਰ ਵੱਡੇ ਸਦਮੇ ਵਿੱਚ ਸੀ। ਆਖਿਰਕਾਰ ਸਰਕਾਰ ਦੇ ਦਖ਼ਲ ਦੇਣ ਤੇ ਕਈ ਦਿਨਾਂ ਬਾਅਦ ਪਾਕਿਸਤਾਨ ਨੇ ਉਸ ਜਵਾਨ ਨੂੰ ਬੀਐਸਐਫ ਦੇ ਹਵਾਲੇ ਕੀਤਾ ਸੀ।
ਇਹ ਵੀ ਪੜ੍ਹੋ
ਹੁਣ ਇਸ ਮਾਮਲੇ ਵਿੱਚ ਵੇਖਣਾ ਹੋਵੇਗਾ ਕਿ ਇਹ ਨੌਜਵਾਨ ਕਦੋਂ ਵਾਪਸ ਆ ਪਾਉਂਦਾ ਹੈ। ਕਿਉਂਕਿ ਹੁਣ ਤੱਕ ਗਲਤੀ ਨਾਲ ਪਾਕਿਸਤਾਨ ਦੀ ਸਰਹੱਦ ਪਾਰ ਕਰਕੇ ਗਏ ਲੋਕ ਲੰਮੇ ਸਮੇਂ ਤੋਂ ਬਾਅਦ ਪਰਿਵਾਰ ਕੋਲ ਵਾਪਸ ਆ ਸਕੇ ਹਨ। ਕੁਝ ਮਾਮਲਿਆਂ ਵਿੱਚ ਤਾਂ ਉਨ੍ਹਾਂ ਦਾ ਪਤਾ ਹੀ ਨਹੀਂ ਲੱਗ ਸਕਿਆ ਹੈ।