ਸ੍ਰੀ ਫਤਿਹਗੜ੍ਹ ਸਾਹਿਬ ‘ਚ 40-50 ਝੁੱਗੀਆਂ ਸੜ੍ਹਕੇ ਹੋਈਆਂ ਸੁਆਹ, ਲੋਕਾਂ ਨੇ ਮੁਸ਼ਕਿਲ ਨਾਲ ਬਚਾਈ ਜਾਨ
ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਇੱਕ ਵੱਡੀ ਅਨਹੌਣੀ ਵਾਪਰ ਗਈ। ਇੱਥੇ ਅੱਗ ਨਾਲ 40 ਤੋਂ 50 ਝੁੱਗੀਆਂ ਸੜ੍ਹਕੇ ਸੁਆਹ ਹੋ ਗਈਆਂ। ਹਾਲਾਂਕਿ ਜਾਨੀ ਨੁਕਸਾਨ ਤੋਂ ਪੁਰੀ ਤਰ੍ਹਾਂ ਬਚਾਅ ਰਿਹਾ। ਤੇਜ਼ ਹਵਾ ਦੇ ਕਾਰਨ ਇਹ ਅੱਗ ਲੱਗੀ, ਜਿਸਨੂੰ ਲੋਕਾਂ ਦੀ ਮਦਦ ਨਾਲ ਫਾਇਰ ਬ੍ਰਿਗੇਡ ਨੇ ਬੁਝਾ ਦਿੱਤਾ।
ਪੰਜਾਬ ਨਿਊਜ। ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ (Bassi Pathana) ‘ਚ ਲੱਗੀ ਭਿਆਨਕ ਅੱਗ ‘ਚ 40 ਤੋਂ 50 ਝੁੱਗੀਆਂ ਇੱਕੋ ਸਮੇਂ ਸੜ ਕੇ ਸੁਆਹ ਹੋ ਗਈਆਂ। ਇਨ੍ਹਾਂ ਵਿੱਚ ਰਹਿੰਦੇ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਉਨ੍ਹਾਂ ਦੀਆਂ ਅੱਖਾਂ ਸਾਹਮਣੇ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਇੰਨੀ ਭਿਆਨਕ ਸੀ ਕਿ ਇਸ ‘ਤੇ ਕਾਬੂ ਪਾਉਣਾ ਮੁਸ਼ਕਲ ਸੀ। ਜਦੋਂ ਤੱਕ ਫਾਇਰ ਬ੍ਰਿਗੇਡ ਨੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਬੜੀ ਮੁਸ਼ਕਲ ਨਾਲ ਅੱਗ ‘ਤੇ ਕਾਬੂ ਪਾਇਆ, ਉਦੋਂ ਤੱਕ ਸਾਰੀਆਂ ਝੁੱਗੀਆਂ ਸੜ ਚੁੱਕੀਆਂ ਸਨ।
ਜਾਣਕਾਰੀ ਅਨੁਸਾਰ ਸੰਘੋਲ ਬਾਈਪਾਸ ਤੇ ਝੁੱਗੀਆਂ (Slums) ਵਿੱਚ 40 ਤੋਂ 50 ਪਰਿਵਾਰ ਰਹਿੰਦੇ ਹਨ। ਸੋਮਵਾਰ ਨੂੰ ਇੱਕ ਝੁੱਗੀ ਵਿੱਚ ਅਚਾਨਕ ਅੱਗ ਲੱਗ ਗਈ। ਰੌਲਾ ਪਿਆ ਤਾਂ ਸਾਰੇ ਇਕੱਠੇ ਹੋ ਗਏ। ਅੱਗ ‘ਤੇ ਕਾਬੂ ਪਾਉਣ ਤੋਂ ਪਹਿਲਾਂ ਹੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਤੇਜ਼ ਹਵਾ ਚੱਲ ਰਹੀ ਸੀ ਜਿਸ ਕਾਰਨ ਅੱਗ ਸਾਰੀਆਂ ਝੁੱਗੀਆਂ ਵਿੱਚ ਫੈਲ ਗਈ। ਇਹ ਸਾਰੀਆਂ ਝੁੱਗੀਆਂ ਇਕੱਠੀਆਂ ਸਨ। ਅੱਗ ਇੱਕ ਝੁੱਗੀ ਤੋਂ ਦੂਜੀ ਝੁੱਗੀ ਵਿੱਚ ਫੈਲ ਗਈ।
ਕੁੱਝ ਦੀ ਦੇਰ ‘ਚ ਅੱਗ ਦੀ ਲਪੇਟ ‘ਚ ਆਇਆ ਇਲ਼ਾਕਾ
ਕੁੱਝ ਹੀ ਦੇਰ ਵਿੱਚ ਸਾਰਾ ਇਲਾਕਾ ਅੱਗ ਦੀ ਲਪੇਟ ਵਿੱਚ ਆ ਗਿਆ। ਅੱਗ ਦੇ ਗੋਲੇ ਅਸਮਾਨ ਵਿੱਚ ਉੱਡਦੇ ਦੇਖੇ ਗਏ। ਫਾਇਰ ਬ੍ਰਿਗੇਡ ਅਤੇ ਪੁਲਿਸ (Police) ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਲੋਕਾਂ ਦੀ ਮਦਦ ਨਾਲ ਅੱਗ ਨੂੰ ਹੋਰ ਫੈਲਣ ਤੋਂ ਰੋਕਿਆ ਗਿਆ। ਝੁੱਗੀ-ਝੌਂਪੜੀ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੇ ਮੁਖੀ ਨੇ ਦੱਸਿਆ ਕਿ ਅੱਗ ਕਦੋਂ ਫੈਲ ਗਈ, ਉਸ ਨੂੰ ਪਤਾ ਹੀ ਨਹੀਂ ਲੱਗਾ। ਉਸਦਾ ਸਾਰਾ ਸਮਾਨ ਸੜ ਗਿਆ। ਬੜੀ ਮੁਸ਼ਕਿਲ ਨਾਲ ਮੇਰੀ ਜਾਨ ਬਚ ਗਈ।
ਐੱਸਐੱਚਓ ਨੇ ਕਿਹਾ- ਜਾਨੀ ਨੁਕਸਾਨ ਤੋਂ ਬਚਾਅ
ਬੱਸੀ ਪਠਾਣਾ ਦੇ ਐਸਐਚਓ (SHO) ਹਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਖੁਦ ਮੌਕੇ ਤੇ ਪਹੁੰਚ ਗਏ। ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ ਤਾਂ ਜੋ ਅੱਗ ਦੀ ਲਪੇਟ ‘ਚ ਹੋਰ ਕੋਈ ਨਾ ਆਵੇ। ਫਿਰ ਅੱਗ ‘ਤੇ ਕਾਬੂ ਪਾਇਆ ਗਿਆ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।