ਦਸੂਹਾ ‘ਚ ਪ੍ਰਵਾਸੀਆਂ ਨੇ ਮਕਾਨ ਮਾਲਕ ‘ਤੇ ਰਾਡ ਨਾਲ ਕੀਤਾ ਸੀ ਹਮਲਾ, 4 ਦਿਨਾਂ ਬਾਅਦ ਹਸਪਤਾਲ ‘ਚ ਤੋੜਿਆ ਦਮ

Published: 

10 Jul 2026 21:01 PM IST

ਹੁਸ਼ਿਆਰਪੁਰ ਦੇ ਅਧੀਨ ਆਉਂਦੇ ਕਸਬਾ ਦਸੂਹਾ ਤੋਂ ਪ੍ਰਵਾਸੀਆਂ ਵੱਲੋਂ ਮਕਾਨ ਮਾਲਕ 'ਤੇ ਕੀਤੇ ਗਏ ਜਾਨਲੇਵਾ ਹਮਲੇ ਵਿੱਚ ਜ਼ਖ਼ਮੀ ਹੋਏ ਮਕਾਨ ਮਾਲਕ ਨਰੇਸ਼ ਕੁਮਾਰ ਨੇ 4 ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਦੀ ਭਿਆਨਕ ਜੰਗ ਲੜਨ ਤੋਂ ਬਾਅਦ ਆਖਰਕਾਰ ਸਿਵਲ ਹਸਪਤਾਲ ਦਸੂਹਾ ਵਿਖੇ ਦਮ ਤੋੜ ਦਿੱਤਾ।

ਦਸੂਹਾ ਚ ਪ੍ਰਵਾਸੀਆਂ ਨੇ ਮਕਾਨ ਮਾਲਕ ਤੇ ਰਾਡ ਨਾਲ ਕੀਤਾ ਸੀ ਹਮਲਾ, 4 ਦਿਨਾਂ ਬਾਅਦ ਹਸਪਤਾਲ ਚ ਤੋੜਿਆ ਦਮ

ਹੁਸ਼ਿਆਰਪੁਰ ਦੇ ਅਧੀਨ ਆਉਂਦੇ ਕਸਬਾ ਦਸੂਹਾ ਤੋਂ ਪ੍ਰਵਾਸੀਆਂ ਵੱਲੋਂ ਮਕਾਨ ਮਾਲਕ ‘ਤੇ ਕੀਤੇ ਗਏ ਜਾਨਲੇਵਾ ਹਮਲੇ ਵਿੱਚ ਜ਼ਖ਼ਮੀ ਹੋਏ ਮਕਾਨ ਮਾਲਕ ਨਰੇਸ਼ ਕੁਮਾਰ ਨੇ 4 ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਦੀ ਭਿਆਨਕ ਜੰਗ ਲੜਨ ਤੋਂ ਬਾਅਦ ਆਖਰਕਾਰ ਸਿਵਲ ਹਸਪਤਾਲ ਦਸੂਹਾ ਵਿਖੇ ਦਮ ਤੋੜ ਦਿੱਤਾ। ਸ਼ੁੱਕਰਵਾਰ ਨੂੰ ਬੇਹੱਦ ਗਮਗੀਨ ਅਤੇ ਨਮ ਅੱਖਾਂ ਵਾਲੇ ਮਾਹੌਲ ਵਿੱਚ ਪੀੜਤ ਪਰਿਵਾਰ ਵੱਲੋਂ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਮ੍ਰਿਤਕ ਨਰੇਸ਼ ਕੁਮਾਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਸ਼ਹਿਰ ਦੇ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਅੰਤਿਮ ਯਾਤਰਾ ਵਿੱਚ ਸ਼ਾਮਲ ਹੋ ਕੇ ਦੁਖੀ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ, ਉਨ੍ਹਾਂ ਨੂੰ ਢਾਂਡਸ ਬੰਨ੍ਹਾਈ ਅਤੇ ਮ੍ਰਿਤਕ ਦੇ ਹੱਕ ਵਿੱਚ ਇਨਸਾਫ਼ ਦਿਵਾਉਣ ਦਾ ਪੂਰਾ ਭਰੋਸਾ ਦਿੱਤਾ।

ਕਿਰਾਇਆ ਮੰਗਣ ਗਏ ਪਿਓ-ਪੁੱਤ ‘ਤੇ ਪ੍ਰਵਾਸੀਆਂ ਨੇ ਕੀਤਾ ਸੀ ਹਮਲਾ

ਪ੍ਰਾਪਤ ਵੇਰਵਿਆਂ ਅਨੁਸਾਰ ਇਹ ਖ਼ੂਨੀ ਤਕਰਾਰ ਮਹਿਜ਼ ਮਕਾਨ ਦਾ ਬਕਾਇਆ ਕਿਰਾਇਆ ਮੰਗਣ ਨੂੰ ਲੈ ਕੇ ਸ਼ੁਰੂ ਹੋਈ ਸੀ। ਮ੍ਰਿਤਕ ਨਰੇਸ਼ ਕੁਮਾਰ ਦੇ ਬੇਟੇ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਮਕਾਨ ਵਿੱਚ ਰਹਿ ਰਿਹਾ ਪ੍ਰਵਾਸੀ ਜੋੜਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਮਰੇ ਦਾ ਕਿਰਾਇਆ ਨਹੀਂ ਦੇ ਰਿਹਾ ਸੀ। ਵਾਰ-ਵਾਰ ਕਹਿਣ ਦੇ ਬਾਵਜੂਦ ਜਦੋਂ ਪੈਸੇ ਨਾ ਮਿਲੇ, ਤਾਂ ਘਟਨਾ ਵਾਲੇ ਦਿਨ ਉਹ ਅਤੇ ਉਨ੍ਹਾਂ ਦੇ ਪਿਤਾ ਨਰੇਸ਼ ਕੁਮਾਰ ਆਪਣੇ ਕਿਰਾਏ ਦੇ ਮਕਾਨ ‘ਤੇ ਬਕਾਇਆ ਰਾਸ਼ੀ ਮੰਗਣ ਲਈ ਗਏ ਸਨ।

ਉੱਥੇ ਗੱਲਬਾਤ ਕਰਦਿਆਂ ਬਹਿਸਬਾਜ਼ੀ ਇੰਨੀ ਜ਼ਿਆਦਾ ਵਧ ਗਈ ਕਿ ਪ੍ਰਵਾਸੀ ਜੋੜੇ ਅਤੇ ਉਨ੍ਹਾਂ ਦੇ ਨਾਲ ਮੌਜੂਦ ਇੱਕ ਹੋਰ ਅਣਪਛਾਤੇ ਵਿਅਕਤੀ ਨੇ ਮਿਲ ਕੇ ਉਨ੍ਹਾਂ ਦੇ ਪਿਤਾ ਨਰੇਸ਼ ਕੁਮਾਰ ‘ਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ। ਇਸ ਜਾਨਲੇਵਾ ਹਮਲੇ ਦੌਰਾਨ ਨਰੇਸ਼ ਕੁਮਾਰ ਦੇ ਸਿਰ ‘ਤੇ ਲੋਹੇ ਦੀ ਰਾਡ ਜਾਂ ਕਿਸੇ ਹੋਰ ਭਾਰੀ ਚੀਜ਼ ਨਾਲ ਜ਼ੋਰਦਾਰ ਵਾਰ ਕੀਤਾ ਗਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਕੇ ਮੌਕੇ ‘ਤੇ ਹੀ ਲਹੂ-ਲੁਹਾਨ ਹਾਲਤ ਵਿੱਚ ਜ਼ਮੀਨ ‘ਤੇ ਡਿੱਗ ਗਏ।

ਜਲੰਧਰ ਦੇ ਡਾਕਟਰਾਂ ਨੇ ਦੇ ਦਿੱਤਾ ਸੀ ਜਵਾਬ

ਹਮਲੇ ਤੋਂ ਤੁਰੰਤ ਬਾਅਦ ਗੰਭੀਰ ਹਾਲਤ ਵਿੱਚ ਨਰੇਸ਼ ਕੁਮਾਰ ਨੂੰ ਜਲੰਧਰ ਦੇ ਕਈ ਨਾਮੀ ਅਤੇ ਮਸ਼ਹੂਰ ਨਿੱਜੀ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਸੀ। ਉੱਥੇ ਲਗਾਤਾਰ ਦੋ ਦਿਨਾਂ ਤੱਕ ਚੱਲੇ ਸਖ਼ਤ ਅਤੇ ਆਧੁਨਿਕ ਇਲਾਜ ਤੋਂ ਬਾਅਦ ਵੀ ਜਦੋਂ ਉਨ੍ਹਾਂ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋਇਆ, ਤਾਂ ਡਾਕਟਰਾਂ ਨੇ ਉਨ੍ਹਾਂ ਦੀ ਅਤਿ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਪਰਿਵਾਰ ਨੂੰ ਜਵਾਬ ਦੇ ਦਿੱਤਾ। ਇਸ ਤੋਂ ਬਾਅਦ ਨਿਰਾਸ਼ ਹੋਏ ਪਰਿਵਾਰਕ ਮੈਂਬਰ ਬੁੱਧਵਾਰ ਨੂੰ ਉਨ੍ਹਾਂ ਨੂੰ ਵਾਪਸ ਦਸੂਹਾ ਦੇ ਸਰਕਾਰੀ ਹਸਪਤਾਲ ਲੈ ਆਏ, ਜਿੱਥੇ ਦੋ ਦਿਨ ਤੱਕ ਡਾਕਟਰਾਂ ਦੀ ਟੀਮ ਵੱਲੋਂ ਕੀਤੀਆਂ ਗਈਆਂ ਅਣਥੱਕ ਕੋਸ਼ਿਸ਼ਾਂ ਦੇ ਬਾਵਜੂਦ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ।

ਪੁਲਿਸ ਹਿਰਾਸਤ ‘ਚ ਮੁਲਜ਼ਮ ਜੋੜਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਦਲਜੀਤ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਕਾਰਵਾਈ ਕੀਤੀ ਅਤੇ ਮੁੱਖ ਮੁਲਜ਼ਮ ਪ੍ਰਵਾਸੀ ਜੋੜੇ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਸੀ। ਵਾਰਦਾਤ ਵਿੱਚ ਸ਼ਾਮਲ ਤੀਜੇ ਅਣਪਛਾਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਵੀ ਬਹੁਤ ਜਲਦ ਸਲਾਖਾਂ ਪਿੱਛੇ ਭੇਜ ਦਿੱਤਾ ਜਾਵੇਗਾ।

ਐੱਸ.ਐੱਚ.ਓ. ਨੇ ਸਪੱਸ਼ਟ ਕੀਤਾ ਕਿ ਪਹਿਲਾਂ ਮੁਲਜ਼ਮਾਂ ਖ਼ਿਲਾਫ਼ ‘ਕਤਲ ਦੀ ਕੋਸ਼ਿਸ਼’ ਸਮੇਤ ਹੋਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪਰ ਹੁਣ ਨਰੇਸ਼ ਕੁਮਾਰ ਦੀ ਮੌਤ ਹੋ ਜਾਣ ਕਾਰਨ ਦਰਜ ਮੁਕੱਦਮੇ ਵਿੱਚ ਕਤਲ ਨਾਲ ਸਬੰਧਿਤ ਸਖ਼ਤ ਕਾਨੂੰਨੀ ਧਾਰਾਵਾਂ ਜੋੜੀਆਂ ਜਾਣਗੀਆਂ। ਦੂਜੇ ਪਾਸੇ ਮ੍ਰਿਤਕ ਦੇ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਪਿਤਾ ਦੇ ਕਾਤਲਾਂ ਨੂੰ ਕਾਨੂੰਨ ਦੇ ਤਹਿਤ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇ।

Follow Us