ਗੁਰਦਾਸਪੁਰ ‘ਚ ਭਿਆਨਕ ਸੜਕ ਹਾਦਸਾ, ਕਾਰ ਵਿਚਾਲੇ ਜ਼ਬਰਦਸਤ ਟੱਕਰ ‘ਚ ਨੌਜਵਾਨ ਦੀ ਮੌਕੇ ‘ਤੇ ਮੌਤ; 2 ਜ਼ਖ਼ਮੀ
ਗੁਰਦਾਸਪੁਰ ਦੇ ਹਰਦੋਛੰਨੀ ਰੋਡ ਬਾਈਪਾਸ ਸਥਿਤ ਜਲਵਾ ਹਵੇਲੀ ਦੇ ਨੇੜੇ ਐਤਵਾਰ ਨੂੰ ਇੱਕ ਦਿਲ ਕੰਬਾਊ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਮਾਰੂਤੀ ਅਤੇ ਮਹਿੰਦਰਾ ਸਕਾਰਪੀਓ ਵਿਚਕਾਰ ਹੋਈ ਆਹਮੋ-ਸਾਹਮਣੀ ਭਿਆਨਕ ਟੱਕਰ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।
ਗੁਰਦਾਸਪੁਰ ਦੇ ਹਰਦੋਛੰਨੀ ਰੋਡ ਬਾਈਪਾਸ ਸਥਿਤ ਜਲਵਾ ਹਵੇਲੀ ਦੇ ਨੇੜੇ ਐਤਵਾਰ ਨੂੰ ਇੱਕ ਦਿਲ ਕੰਬਾਊ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਮਾਰੂਤੀ ਅਤੇ ਮਹਿੰਦਰਾ ਸਕਾਰਪੀਓ ਵਿਚਕਾਰ ਹੋਈ ਆਹਮੋ-ਸਾਹਮਣੀ ਭਿਆਨਕ ਟੱਕਰ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਇਸ ਦਰਦਨਾਕ ਹਾਦਸੇ ਦਾ ਸਮੁੱਚਾ ਘਟਨਾਕ੍ਰਮ ਨੇੜੇ ਲੱਗੇ ਇੱਕ ਸੀਸੀਟੀਵੀ (CCTV) ਕੈਮਰੇ ਵਿੱਚ ਕੈਦ ਹੋ ਗਿਆ ਹੈ।
ਚਸ਼ਮਦੀਦਾਂ ਜਲਵਾ ਹਵੇਲੀ ਦੇ ਮਾਲਕ ਮੁਤਾਬਕ, ਦੋਵੇਂ ਗੱਡੀਆਂ ਬਹੁਤ ਤੇਜ਼ ਰਫ਼ਤਾਰ ਨਾਲ ਆ ਰਹੀਆਂ ਸਨ। ਹਰਦੋਛੰਨੀ ਰੋਡ ਬਾਈਪਾਸ ਦੇ ਚੌਰਾਹੇ ਨੇੜੇ ਜਿਉਂ ਹੀ ਵਾਹਨਾਂ ਨੇ ਮੋੜ ਕੱਟਿਆ ਤਾਂ ਉਨ੍ਹਾਂ ਵਿਚਕਾਰ ਜ਼ੋਰਦਾਰ ਟੱਕਰ ਹੋ ਗਈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਸਕਾਰਪੀਓ ਚਾਲਕ ਆਪਣਾ ਸੰਤੁਲਨ ਗੁਆ ਬੈਠਾ ਅਤੇ ਬੇਕਾਬੂ ਹੋਈ ਗੱਡੀ ਸੜਕ ਕਿਨਾਰੇ ਲੱਗੇ ਇੱਕ ਦਰੱਖ਼ਤ ਨਾਲ ਜਾ ਵੱਜੀ।
ਦੋ ਮਾਸੂਮ ਬੱਚਿਆਂ ਦੇ ਪਿਤਾ ਸੀ ਮ੍ਰਿਤਕ ਸਤਵੰਤ ਸਿੰਘ
ਦਰੱਖ਼ਤ ਨਾਲ ਹੋਈ ਖ਼ਤਰਨਾਕ ਟੱਕਰ ਦੌਰਾਨ ਸਕਾਰਪੀਓ ਚਲਾ ਰਹੇ ਪਿੰਡ ਨਵੀਂ ਕਥਿਆਲੀ ਦੇ ਵਸਨੀਕ 35 ਸਾਲਾ ਸਤਵੰਤ ਸਿੰਘ ਉਰਫ਼ ਬਾਊ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਅਨੁਸਾਰ, ਮ੍ਰਿਤਕ ਸਤਵੰਤ ਸਿੰਘ ਆਪਣੇ ਪਿੱਛੇ ਦੋ ਛੋਟੇ-ਛੋਟੇ ਬੱਚਿਆਂ ਨੂੰ ਛੱਡ ਗਏ ਹਨ। ਇਸ ਮਨਹੂਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਵਿੱਚ ਚੀਕ-ਚਿਹਾੜਾ ਪੈ ਗਿਆ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਦੂਜੇ ਪਾਸੇ, ਐੱਸ-ਕਰਾਸ ਕਾਰ ਵਿੱਚ ਸਵਾਰ ਦੋ ਹੋਰ ਨੌਜਵਾਨ ਵੀ ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਤੁਰੰਤ ਮੁੱਢਲੀ ਸਹਾਇਤਾ ਲਈ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਪੁਲਿਸ ਨੇ ਸ਼ੁਰੂ ਕੀਤੀ ਕਾਨੂੰਨੀ ਕਾਰਵਾਈ
ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਸਦਰ ਦੇ ਮੁਖੀ ਅਮਨਦੀਪ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਤੁਰੰਤ ਘਟਨਾ ਸਥਾਨ ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਟੀਮ ਨੇ ਮ੍ਰਿਤਕ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੌਕੇ ਤੋਂ ਸੀਸੀਟੀਵੀ ਫੁੱਟੇਜ ਜ਼ਬਤ ਕਰ ਲਈ ਗਈ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਤੇ ਲਾਪਰਵਾਹੀ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
