ਗੁਰਦਾਸਪੁਰ: ਬਾਟਾ ਚੌਕ ‘ਚ ਇੱਕ ਦੁਕਾਨ ਬਾਹਰ ਮੋਟਰਸਾਈਕਲ ਸਵਾਰਾਂ ਨੇ ਕੀਤੀ ਫਾਇਰਿੰਗ, ਇਲਾਕੇ ‘ਚ ਦਹਿਸ਼ਤ, CCTV ਵੀਡੀਓ ਆਈ ਸਾਹਮਣੇ
Gurdaspur Firing: ਚਸ਼ਮਦੀਦਾਂ ਅਨੁਸਾਰ, ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਨੌਜਵਾਨ ਬਾਟਾ ਚੌਕ 'ਚ ਸਥਿਤ ਪੰਜਾਬ ਵਾਚ ਕੰਪਨੀ ਦੀ ਦੁਕਾਨ ਦੇ ਸਾਹਮਣੇ ਰੁਕੇ। ਅਚਾਨਕ ਉਨ੍ਹਾਂ ਨੇ ਪਿਸਤੌਲ ਕੱਢਿਆ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਗੋਲੀ ਦੁਕਾਨ ਦੇ ਸ਼ੀਸ਼ੇ 'ਚ ਲੱਗੀ, ਜਿਸ ਨਾਲ ਸ਼ੀਸ਼ਾ ਟੁੱਟ ਗਿਆ। ਖੁਸ਼ਕਿਸਮਤੀ ਨਾਲ, ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਬਾਜ਼ਾਰ 'ਚ ਮੌਜੂਦ ਲੋਕ ਡਰ ਦੇ ਮਾਰੇ ਇਧਰ-ਉਧਰ ਭੱਜਣ ਲੱਗ ਪਏ।

ਗੁਰਦਾਸਪੁਰ ਸ਼ਹਿਰ ਦੇ ਵਿਅਸਤ ਬਾਟਾ ਚੌਕ ‘ਚ ਵੀਰਵਾਰ ਸਵੇਰੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਇੱਕ ਘੜੀਆਂ ਅਤੇ ਇਲੈਕਟ੍ਰਾਨਿਕ ਸਮਾਨ ਦੀ ਦੁਕਾਨ ਦੇ ਬਾਹਰ ਗੋਲੀਆਂ ਚਲਾਈਆਂ। ਇਸ ਸਨਸਨੀਖੇਜ਼ ਘਟਨਾ ਨੇ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਇਹ ਘਟਨਾ ਸਵੇਰੇ 9:15 ਵਜੇ ਦੇ ਕਰੀਬ ਵਾਪਰੀ, ਜਦੋਂ ਬਾਜ਼ਾਰ ‘ਚ ਰੋਜ਼ਾਨਾ ਦੀ ਆਵਾਜਾਈ ਸ਼ੁਰੂ ਹੀ ਹੋਈ ਸੀ।
ਚਸ਼ਮਦੀਦਾਂ ਅਨੁਸਾਰ, ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਨੌਜਵਾਨ ਬਾਟਾ ਚੌਕ ‘ਚ ਸਥਿਤ ਪੰਜਾਬ ਵਾਚ ਕੰਪਨੀ ਦੀ ਦੁਕਾਨ ਦੇ ਸਾਹਮਣੇ ਰੁਕੇ। ਅਚਾਨਕ ਉਨ੍ਹਾਂ ਨੇ ਪਿਸਤੌਲ ਕੱਢਿਆ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਗੋਲੀ ਦੁਕਾਨ ਦੇ ਸ਼ੀਸ਼ੇ ‘ਚ ਲੱਗੀ, ਜਿਸ ਨਾਲ ਸ਼ੀਸ਼ਾ ਟੁੱਟ ਗਿਆ। ਖੁਸ਼ਕਿਸਮਤੀ ਨਾਲ, ਇਸ ਘਟਨਾ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਬਾਜ਼ਾਰ ‘ਚ ਮੌਜੂਦ ਲੋਕ ਡਰ ਦੇ ਮਾਰੇ ਇਧਰ-ਉਧਰ ਭੱਜਣ ਲੱਗ ਪਏ।
ਘਟਨਾ ਦੀ ਸੂਚਨਾ ਮਿਲਦੇ ਹੀ ਸਿਟੀ ਥਾਣੇ ਦੀ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮੌਕੇ ਤੋਂ ਇੱਕ ਅਣਚੱਲੀ ਗੋਲੀ ਬਰਾਮਦ ਕੀਤੀ ਹੈ, ਜੋ ਕਿ ਬਦਮਾਸ਼ਾਂ ਦੇ ਹਥਿਆਰ ‘ਚੋਂ ਡਿੱਗੀ ਦੱਸੀ ਜਾ ਰਹੀ ਹੈ। ਪੁਲਿਸ ਨੇ ਹਮਲਾਵਰਾਂ ਦੀ ਪਛਾਣ ਕਰਨ ਲਈ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਘਟਨਾ ਫਿਰੌਤੀ ਜਾਂ ਪੁਰਾਣੀ ਦੁਸ਼ਮਣੀ ਦਾ ਨਤੀਜਾ ਹੋ ਸਕਦੀ ਹੈ, ਹਾਲਾਂਕਿ ਪੁਲਿਸ ਸਾਰੇ ਪਹਿਲੂਆਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਦੁਕਾਨ ਮਾਲਕ ਨੇ ਕਿਹਾ ਕਿ ਇਹ ਘਟਨਾ ਸਵੇਰੇ ਦੁਕਾਨ ਖੁੱਲ੍ਹਣ ਤੋਂ ਥੋੜ੍ਹੀ ਦੇਰ ਬਾਅਦ ਵਾਪਰੀ। ਇੱਕ ਗੋਲੀ ਸ਼ੀਸ਼ੇ ‘ਚ ਲੱਗੀ, ਪਰ ਸ਼ੁਕਰ ਹੈ ਕਿ ਕੋਈ ਜ਼ਖਮੀ ਨਹੀਂ ਹੋਇਆ। ਉਨ੍ਹਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। ਇਸ ਘਟਨਾ ਨੂੰ ਲੈ ਕੇ ਸਥਾਨਕ ਵਪਾਰੀਆਂ ਅਤੇ ਨਿਵਾਸੀਆਂ ‘ਚ ਡਰ ਅਤੇ ਗੁੱਸੇ ਦਾ ਮਾਹੌਲ ਹੈ। ਇਸ ਵੇਲੇ ਪੁਲਿਸ ਨੇ ਇਲਾਕੇ ਵਿੱਚ ਗਸ਼ਤ ਵਧਾ ਦਿੱਤੀ ਹੈ।