Giddarbaha Updates: ਡਿੰਪੀ ਢਿੱਲੋਂ ਨੇ ਜਿੱਤਿਆ ਗਿੱਦੜਬਾਹੇ ਦਾ ‘ਕਿਲ੍ਹਾ’, 21 ਹਜ਼ਾਰ 801 ਵੋਟਾਂ ਨਾਲ ਅੰਮ੍ਰਿਤਾ ਵੜਿੰਗ ਨੂੰ ਹਰਾਇਆ
ਗਿੱਦੜਬਾਹਾ ਸੀਟ ਤੇ ਇਸ ਵਾਰ ਰੌਚਕ ਮੁਕਾਬਲਾ ਦੇਖਣ ਨੂੰ ਮਿਲਿਆ। ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਾਂਗਰਸ ਦੀ ਉਮੀਦਵਾਰ ਅੰਮ੍ਰਿਤਾ ਵੜਿੰਗ ਨੂੰ 21 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ। ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਾਂਸਦ ਚੁਣੇ ਜਾਣ ਤੋਂ ਬਾਅਦ ਗਿੱਦੜਵਾਹਾ ਦੀ ਵਿਧਾਨ ਸਭਾ ਦੀ ਸੀਟ ਖਾਲੀ ਹੋ ਗਈ ਸੀ।
ਜ਼ਿਮਨੀ ਚੋਣਾਂ ਦੇ ਨਤੀਜ਼ੇ ਆ ਚੁੱਕੇ ਹਨ। ਕਾਂਗਰਸ ਆਪਣਾ ਗਿੱਦੜਬਾਹੇ ਦਾ ‘ਕਿਲ੍ਹਾ’ ਹਾਰ ਗਈ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ 21 ਹਜ਼ਾਰ ਦੇ ਵੱਡੇ ਫ਼ਰਕ ਨਾਲ ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਨੂੰ ਹਰਾਇਆ। ਹਾਲਾਂਕਿ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਲੈਕੇ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੱਗੇ ਰਹੇ ਅਤੇ ਆਪਣੀ ਲੀਡ ਨੂੰ ਮਜ਼ਬੂਤ ਰੱਖਿਆ। ਜਿਸ ਦਾ ਨਤੀਜ਼ਾ ਇਹ ਹੋਇਆ ਕਿ ਡਿੰਪੀ ਲੀਡ ਨੂੰ ਜਿੱਤ ਵਿੱਚ ਤਬਦੀਲ ਕਰਨ ਵਿੱਚ ਕਾਮਯਾਬ ਰਹੇ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ 71 ਹਜ਼ਾਰ 198 ਵੋਟਾਂ ਮਿਲੀਆਂ। ਜਦੋਂ ਕਿ ਦੂਜੇ ਨੰਬਰ ਤੇ ਕਾਂਗਰਸ ਦੀ ਉਮੀਦਵਾਰ ਅੰਮ੍ਰਿਤਾ ਵੜਿੰਗ ਰਹੀ। ਜਿਸ ਨੂੰ 49 ਹਜ਼ਾਰ 397 ਵੋਟਾਂ ਮਿਲੀਆਂ। ਤੀਜੇ ਨੰਬਰ ਤੇ ਭਾਜਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ 12 ਹਜ਼ਾਰ 174 ਵੋਟਾਂ ਮਿਲੀਆਂ।
ਚੋਣਾਂ ਤੋਂ ਪਹਿਲਾਂ ਬਦਲੀ ਪਾਰਟੀ
ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਜ਼ਿਮਨੀ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਸੀ। ਡਿੰਪੀ ਬਾਦਲ ਪਰਿਵਾਰ ਦੇ ਨੇੜੇ ਮੰਨੇ ਜਾਂਦੇ ਹਨ ਪਰ ਸੁਖਬੀਰ ਸਿੰਘ ਬਾਦਲ ਦੇ ਗਿੱਦੜਵਾਹਾ ਤੋਂ ਲੜਣ ਦੀਆਂ ਚਰਚਾਵਾਂ ਵਿਚਾਲੇ ਉਹਨਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਸੀ। ਉਹਨਾਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਸੰਗਤਾਂ ਦਾ ਫੈਸਲਾ ਹੈ ਕਿ ਹੁਣ ਡਿੰਪੀ ਸਰਕਾਰ ਨਾਲ ਕੰਮ ਕਰੇ। ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਇਆ ਸੀ।
ਇਹ ਵੀ ਪੜ੍ਹੋ
ਪਹਿਲੀ ਵਾਰ ਅੰਮ੍ਰਿਤਾ ਵੜਿੰਗ ਨੇ ਲੜੀ ਸੀ ਚੋਣ
ਇਹ ਪਹਿਲਾਂ ਮੌਕਾ ਸੀ ਜਦੋਂ ਅੰਮ੍ਰਿਤਾ ਨੇ ਚੋਣ ਲੜੀ ਸੀ। ਰਾਜਾ ਵੜਿੰਗ ਦੇ ਸਾਂਸਦ ਬਣਨ ਮਗਰੋਂ ਕਾਂਗਰਸ ਨੇ ਅੰਮ੍ਰਿਤਾ ਨੂੰ ਗਿੱਦੜਵਾਹਾ ਤੋਂ ਉਮੀਦਵਾਰ ਬਣਾਇਆ ਸੀ। ਪਰ ਉਹਨਾਂ ਨੂੰ ਡਿੰਪੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਚੋਣਾਂ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਸੀ ਕਿ ਸਿਆਸਤ ਵਿੱਚ ਆਉਣਾ ਅੰਮ੍ਰਿਤਾ ਦਾ ਡ੍ਰੀਮ ਸੀ। ਜੋ ਪੂਰਾ ਹੋ ਰਿਹਾ ਹੈ।
ਕਾਂਗਰਸ ਨੇ ਹਾਰੀਆਂ 3 ਸੀਟਾਂ
ਸਾਲ 2022 ਵਿੱਚ ਕਾਂਗਰਸ ਨੇ 3 ਸੀਟਾਂ ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਗਿੱਦੜਵਾਹਾ ਵਿੱਚ ਜਿੱਤ ਹਾਸਿਲ ਕੀਤੀ ਸੀ ਅਤੇ 2024 ਦੀਆਂ ਜ਼ਿਮਨੀ ਚੋਣਾਂ ਵਿੱਚ ਤਿੰਨੋਂ ਹੀ ਸੀਟਾਂ ਤੇ ਕਾਂਗਰਸ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।